ਡਰੱਗ ਹਾਟਸਪਾਟ ਲਖਨਪਾਲ ’ਚ ਹੋਈ ਬੁਲਡੋਜ਼ਰ ਕਾਰਵਾਈ, ਗੈਰ-ਕਾਨੂੰਨੀ ਉਸਾਰੀ ਨੂੰ ਢਾਹਿਆ, 9 ਨਸ਼ਾ ਤਸਕਰ ਗ੍ਰਿਫ਼ਤਾਰ
- ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਿਆ : ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ
- ਪਿੰਡ ਲਖਨਪਾਲ ਨੂੰ ਨਸ਼ਾ ਮੁਕਤ ਬਣਾਉਣ ਲਈ ਪਿੰਡ ਦੀ ਪੰਚਾਇਤ ਵਲੋਂ ਮਤਾ ਪਾਸ
ਜਲੰਧਰ, 27 ਅਪ੍ਰੈਲ 2025 - ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਵਲੋਂ ਲੰਬੇ ਸਮੇਂ ਤੋਂ ਨਸ਼ਿਆਂ ਕਰਕੇ ਬਦਨਾਮ ਇਲਾਕਾ ਪਿੰਡ ਲਖਨਪਾਲ ਵਿਖੇ ਨਸ਼ਾ ਤਸਕਰਾਂ ਵਲੋਂ ਉਸਾਰੀਆਂ ਗਈਆਂ ਗੈਰ ਕਾਨੂੰਨੀ ਉਸਾਰੀਆਂ ਨੂੰ ਢਾਹਿਆ ਗਿਆ।
ਬੁਲਡੋਜ਼ਰ ਕਾਰਵਾਈ ਦੀ ਅਗਵਾਈ ਕਰਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਪਿੰਡ ਲਖਨਪਾਲ ਨਸ਼ਿਆਂ ਨੂੰ ਵੇਚਣ ਅਤੇ ਸਪਲਾਈ ਲਈ ਬਦਨਾਮ ਸੀ ਅਤੇ ਇਸ ’ਤੇ ਬਾਰੀਕੀ ਨਾਲ ਨਿਗ੍ਹਾ ਰੱਖੀ ਜਾ ਰਹੀ ਸੀ। ਪੰਚਾਇਤ ਵਿਭਾਗ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਦੀਆਂ ਟੀਮਾਂ ਵਲੋਂ ਤੁਰੰਤ ਕਾਰਵਾਈ ਕਰਦਿਆਂ ਨਸ਼ਾ ਤਸ਼ਕਰਾਂ ਵਲੋਂ ਸਰਕਾਰੀ ਜਮੀਨ ’ਤੇ ਅਣਅਧਿਕਾਰਤ ਢੰਗ ਨਾਲ ਬਣਾਈਆਂ ਗਈਆਂ ਉਸਾਰੀਆਂ ਨੂੰ ਢਾਹਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦਾ ਮੁੱਖ ਮੰਤਵ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਫਸੇ ਇਸ ਇਲਾਕੇ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਵੱਲ ਇਕ ਮਹੱਤਵਪੂਰਨ ਕਦਮ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਜਾਂਚ ਵਿੱਚ ਮੁੱਢਲੇ ਤੌਰ ’ਤੇ ਇਹ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਹਰਦੀਪ ਸਿੰਘ ਉਰਫ਼ ਦੀਪਾ ਨੇ ਸਰਕਾਰੀ ਜਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਇਕ ਹਿਸਟਰੀ ਸ਼ੀਟਰ ਮੁਲਜ਼ਮ ਹੈ ਅਤੇ ਉਸ ਖ਼ਿਲਾਫ਼ 9 ਕੇਸ ਜਿਨ੍ਹਾਂ ਵਿੱਚ 7 ਐਨ.ਡੀ.ਪੀ.ਐਸ. ਐਕਟ ਨਾਲ ਸਬੰਧਿਤ ਹਨ, ਦਰਜ ਹਨ। ਉਸ ਦੇ ਪਿਤਾ ਸਰਬਜੀਤ ਸਿੰਘ ਅਤੇ ਭਰਾ ਸੰਦੀਪ ਉਰਫ਼ ਸੋਨੂੰ 'ਤੇ ਵੀ ਮਾਮਲੇ ਦਰਜ ਹਨ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਨਸ਼ਾ ਤਸਕਰਾਂ ਵਲੋਂ ਢਾਹੀਆਂ ਗਈਆਂ ਗੈਰ ਕਾਨੂੰਨੀ ਉਸਾਰੀਆਂ ਨੂੰ ਪੁਲਿਸ ਛਾਪੇਮਾਰੀ ਦੌਰਾਨ ਛੱਤਾਂ ਰਾਹੀਂ ਵਰਤਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾ ਗੈਰ ਕਾਨੂੰਨੀ ਉਸਾਰੀਆਂ ਨੂੰ ਢਾਹ ਕੇ ਇਹਨਾਂ ਦੇ ਭੱਜਣ ਦੀਆਂ ਸੰਭਾਵਨਾਂਵਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵਲੋਂ ਇਸ ਪਿੰਡ ’ਤੇ ਲੱਗੇ ਬਦਨਾਮੀ ਦੇ ਦਾਗ ਨੂੰ ਧੋਣ ਲਈ ਛਾਪੇਮਾਰੀ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਹਾਟਸਪਾਟ ਇਸ ਕੇਂਦਰ ’ਤੇ ਕਾਰਵਾਈ ਕਰਨ ਤੋਂ ਪਹਿਲਾਂ 9 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਹੋਰ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਭੱਜ ਗਏ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਇਲਾਵਾ ਪੁਲਿਸ ਵਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਹੋਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਐਨ.ਡੀ.ਪੀ.ਐਸ. ਐਕਟ ਅਧੀਨ ਜ਼ਬਤ ਕੀਤੀਆਂ ਜਾਣ ਵਾਲੀਆਂ ਦੋ ਹੋਰ ਜਾਇਦਾਦਾਂ ਦੀ ਪਹਿਚਾਣ ਵੀ ਕਰ ਲਈ ਗਈ ਹੈ।
ਨਸ਼ਿਆਂ ਖਿਲਾਫ਼ ਉਸਾਰੂ ਸੋਚ ਅਪਣਾਉਂਦਿਆਂ ਪਿੰਡ ਲਖਨਪਾਲ ਦੀ ਪੰਚਾਇਤ ਵਲੋਂ ਵੀ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਵਲੋਂ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਇਸ ਲੜਾਈ ਵਿੱਚ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ ਗਿਆ।
ਪੁਲਿਸ ਕਮਿਸ਼ਨਰ ਨੇ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਅਪੀਲ ਕੀਤੀ ਕਿ ਨਸ਼ਿਆਂ ਸਬੰਧੀ ਜੇਕਰ ਕੋਈ ਵੀ ਗਤੀਵਿਧੀ ਉਹਨਾਂ ਦੇ ਧਿਆਨ ਵਿੱਚ ਆਉਂਦੀ ਹੈ, ਤਾਂ ਉਸ ਦੀ ਜਾਣਕਾਰੀ ਪੰਜਾਬ ਸਰਕਾਰ ਦੇ ਵਟਸਐਪ ਨੰਬਰ 9779-100-200 ’ਤੇ ਸਾਂਝੀ ਕੀਤੀ ਜਾਵੇ। ਉਨ੍ਹਾਂ ਭਰੋਸਾ ਦੁਆਇਆ ਕਿ ਸੂਚਨਾ ਦੇਣ ਵਾਲੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਪਿੰਡ ਵਾਸੀਆਂ ਵਲੋਂ ਨਸ਼ਾ ਮਾਫ਼ੀਆ ਖਿਲਾਫ਼ ਕੀਤੀ ਗਈ ਬੁਲਡੋਜ਼ਰ ਕਾਰਵਾਈ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਗਈ ਕਿ ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕੀਤੀ ਜਾ ਰਹੀ ਕਾਰਵਾਈ ਸਦਕਾ ਜਲਦੀ ਹੀ ਪਿੰਡ ਨਸ਼ਾ ਮੁਕਤ ਹੋਵੇਗਾ।