ਪੁਲਿਸ ਨੇ ਫੜੀਆਂ 15 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ, ਤਸਕਰ ਫਰਾਰ
ਦੀਪਕ ਜੈਨ
ਜਗਰਾਉਂ, 27 ਅਪ੍ਰੈਲ 2025 - ਸਰਕਾਰ ਦੀਆਂ ਸਖਤ ਚੇਤਾਵਨੀਆਂ ਅਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸਖਤਾਈ ਦੇ ਬਾਵਜੂਦ ਵੀ ਨਸ਼ਾ ਤਸਕਰ ਆਪਣੇ ਗੈਰ ਕਾਨੂੰਨੀ ਕੰਮਾਂ ਤੋਂ ਬਾਜ ਨਹੀਂ ਆ ਰਹੇ ਅਤੇ ਵੱਡੇ ਪੱਧਰ ਤੇ ਦੂਜੇ ਰਾਜਾਂ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਕੰਮ ਕਰ ਰਹੇ ਹਨ। ਜਿਸ ਤੇ ਅੱਜ ਥਾਣਾ ਸਿਟੀ ਜਗਰਾਉਂ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਲਾਗਲੇ ਪਿੰਡ ਕੋਠੇ ਅੱਠ ਚੱਕ ਦੇ ਪਲਾਟਾਂ ਅੰਦਰ ਬਣੇ ਇੱਕ ਕਮਰੇ ਵਿੱਚੋਂ 15 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ।
ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਇਲਾਕੇ ਵਿੱਚ ਇੱਕ ਤਸਕਰ ਚੰਡੀਗੜ੍ਹ ਤੋਂ ਸ਼ਰਾਬ ਦੀ ਵੱਡੀ ਖੇਪ ਲੈ ਕੇ ਆਇਆ ਹੈ ਜਿਸ ਤੇ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕਰਕੇ 15 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ। ਇਸ ਮੌਕੇ ਕੋਠੇ ਅੱਠ ਚੱਕ ਦੇ ਮੈਂਬਰ ਪੰਚਾਇਤ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਨਜਾਇਜ਼ ਸ਼ਰਾਬ ਇਲਾਕੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਇਸ ਗੈਰ ਕਾਨੂੰਨੀ ਧੰਦੇ ਨਾਲ ਜੁੜੇ ਹੋਏ ਬੋਬੀ ਦੀ ਹੈ।
ਪਰ ਇਸ ਦੀ ਕਿਸੇ ਅਧਿਕਾਰੀ ਨੇ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਕੀਤੀ।ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਆਈਪੀਐਸ ਨੇ ਇਸ ਸ਼ਰਾਬ ਬਰਾਮਦਗੀ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ 15 ਪੇਟੀਆਂ ਸ਼ਰਾਬ ਬਰਾਮਦ ਕਰਕੇ ਅਣਪਛਾਤੇ ਤਸਕਰ ਦੇ ਖਿਲਾਫ ਐਕਸਾਈਜ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।