ਦਿੱਲੀ ਦੇ ਰੋਹਿਣੀ ਵਿੱਚ 150 ਝੌਂਪੜੀਆਂ ਸੜ ਕੇ ਸੁਆਹ, 2 ਜਣਿਆਂ ਦੀ ਗਈ ਜਾਨ
ਨਵੀਂ ਦਿੱਲੀ : ਦਿੱਲੀ ਦੇ ਰੋਹਿਣੀ ਸੈਕਟਰ 17 ਤੋਂ ਇੱਕ ਵੱਡੀ ਖ਼ਬਰ ਆਈ ਹੈ, ਜਿੱਥੇ ਝੁੱਗੀਆਂ-ਝੌਂਪੜੀਆਂ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿੱਚ 150 ਤੋਂ ਵੱਧ ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ। ਸੂਚਨਾ ਮਿਲਦੇ ਹੀ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅੱਗਜ਼ਨੀ ਸੰਬੰਧੀ ਵੀਡੀਓ ਵੀ ਸਾਹਮਣੇ ਆਏ ਹਨ।
ਰੋਹਿਣੀ ਜ਼ਿਲ੍ਹੇ ਦੇ ਸੈਕਟਰ 17 ਵਿੱਚ ਸ਼੍ਰੀਨਿਕੇਤਨ ਅਪਾਰਟਮੈਂਟਸ ਦੇ ਨੇੜੇ ਸਥਿਤ ਝੁੱਗੀਆਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਹੈ ਕਿ ਅਸਮਾਨ ਵਿੱਚ ਧੂੰਏਂ ਦੇ ਬੱਦਲ ਉੱਠ ਰਹੇ ਹਨ। ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਧੂੰਆਂ ਫੈਲ ਗਿਆ ਹੈ। ਦਿੱਲੀ ਫਾਇਰ ਸਰਵਿਸ ਦੀਆਂ 20 ਫਾਇਰ ਟੈਂਡਰ ਮੌਕੇ 'ਤੇ ਮੌਜੂਦ ਹਨ ਅਤੇ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ।