ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਲੋਕ ਦਰਬਾਰ ਲਾਇਆ ਗਿਆ, ਮੁਸ਼ਕਿਲਾਂ ਦਾ ਮੌਕੇ ਉੱਤੇ ਹੱਲ
- ਕਿਹਾ, ਪੰਜਾਬ ਸਰਕਾਰ ਸਮੂਹ ਵਰਗਾਂ ਦੇ ਸਮਾਨਾਂਤਰ ਵਿਕਾਸ ਲਈ ਦ੍ਰਿੜ ਯਤਨਸ਼ੀਲ
- ਇਲਾਕੇ ਦੀਆਂ ਮੰਡੀਆਂ ਵਿੱਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ
- ਪੰਜਾਬ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਫ਼ਸਲ ਦਾ ਇਕ ਇਕ ਦਾਣਾ ਚੁੱਕਣ ਲਈ ਦ੍ਰਿੜ ਵਚਨਵੱਧ - ਕੈਬਨਿਟ ਮੰਤਰੀ
ਦਲਜੀਤ ਕੌਰ
ਲਹਿਰਾਗਾਗਾ, 27 ਅਪ੍ਰੈਲ, 2025: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਅੱਜ ਆਪਣੇ ਹਲਕਾ ਲਹਿਰਾਗਾਗਾ ਵਿਖੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਿਲਾਂ ਦਾ ਹੱਲ ਕਰਨ ਲਈ ਆਪਣੇ ਦਫ਼ਤਰ ਵਿਖੇ ਲੋਕ ਦਰਬਾਰ ਦਾ ਆਯੋਜਨ ਕੀਤਾ। ਇਸ ਮੌਕੇ ਸਾਹਮਣੇ ਆਏ ਮਸਲਿਆਂ ਦਾ ਮੌਕੇ ਉੱਤੇ ਨਿਪਟਾਰਾ ਕੀਤਾ ਗਿਆ ਅਤੇ ਕੁਝ ਮਸਲਿਆਂ ਸਬੰਧੀ ਮੌਕੇ ਉੱਤੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਸਲਿਆਂ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ।
ਇਸ ਮੌਕੇ ਹਾਜ਼ਰ ਲੋਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਜਿਸ ਦੀ ਕੋਸ਼ਿਸ਼ ਹੈ ਕਿ ਲੋਕਾਂ ਦੇ ਮਸਲੇ ਉਹਨਾਂ ਦੇ ਦਰਾਂ ਉੱਤੇ ਜਾ ਕੇ ਸੁਲਝਾਏ ਜਾਣ। ਇਸੇ ਕਰਕੇ ਹੀ ਲੋਕ ਨੁਮਾਇੰਦਿਆਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਮੂਹ ਵਰਗਾਂ ਦੇ ਸਮਾਨਾਂਤਰ ਵਿਕਾਸ ਲਈ ਦ੍ਰਿੜ ਯਤਨਸ਼ੀਲ ਹੈ।
ਇਸ ਉਪਰੰਤ ਉਹਨਾਂ ਨੇ ਚੱਲ ਰਹੀ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਕਈ ਦਾਣਾ ਮੰਡੀਆਂ ਦਾ ਦੌਰਾ ਕੀਤਾ ਅਤੇ ਸੁਚਾਰੂ ਖਰੀਦ ਨੂੰ ਜਾਰੀ ਰੱਖਣ ਲਈ ਹਰ ਯਤਨ ਕਰਨ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਫ਼ਸਲ ਦਾ ਇਕ ਇਕ ਦਾਣਾ ਚੁੱਕਣ ਲਈ ਦ੍ਰਿੜ ਵਚਨਵੱਧ ਹੈ। ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਫ਼ਸਲ ਲਿਆਉਣ ਤਾਂ ਜੋ ਉਹਨਾਂ ਨੂੰ ਫਸਲ ਵੇਚਣ ਵਿੱਚ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਪੀ ਏ ਰਾਕੇਸ਼ ਕੁਮਾਰ ਗੁਪਤਾ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਮਾਰਕੀਟ ਕਮੇਟੀ ਲਹਿਰਾ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ ,ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ, ਆੜ੍ਹਤੀ ਰਕੇਸ਼ ਕੁਮਾਰ, ਓਮ ਪ੍ਰਕਾਸ਼ ਜਵਾਹਰਵਾਲਾ, ਸੈਲਰ ਅਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ ਅਤੇ ਅਸ਼ੋਕ ਕੁਮਾਰ ਤੋਂ ਇਲਾਵਾ ਕਿਸਾਨ, ਮਜ਼ਦੂਰ, ਆੜ੍ਹਤੀ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦੇ ਹਾਜ਼ਰ ਸਨ।