ਸੁਖਬੀਰ ਬਾਦਲ ਦੀ ਰਿਹਾਇਸ਼ ਪਿੰਡ ਬਾਦਲ ਵਿਖੇ 500-500 ਸਿੰਘਾਂ ਦਾ ਜਥਾ ਹਰ ਮਹੀਨੇ ਗੁਰਬਾਣੀ ਦਾ ਜਾਪ ਕਰ ਕਰੇਗਾ ਰੋਸ ਪ੍ਰਗਟਾਵਾ - ਹਰਨਾਮ ਸਿੰਘ ਖ਼ਾਲਸਾ
ਬਲਰਾਜ ਸਿੰਘ ਰਾਜਾ
- ਪੰਥ ਦੀਆ ਭਾਵਨਾਵਾਂ ਅਨੁਸਾਰ ਸਿੰਘ ਸਾਹਿਬਾਨਾਂ ਨੂੰ ਬਹਾਲ ਨਾ ਕਰਨ ਤੇ ਸੰਤ ਸਮਾਜ ਨੇ ਲਿਆ ਸਖਤ ਫੈਸਲਾ 11 ਜੂਨ ਤੋਂ ਇਕ ਸਾਲ ਤਕ ਹਰ ਮਹੀਨੇ ਜਾਣਗੇ ਜਥੇ
ਬਾਬਾ ਬਕਾਲਾ, 27 ਅਪ੍ਰੈਲ 2025 - ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਚੋਣਵੇਂ ਮਹਾਂਪੁਰਖਾਂ ਦੀ ਮੀਟਿੰਗ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਵਿਖੇ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਹਾਜ਼ਰ ਸਮੂਹ ਸੰਤ ਮਹਾਂਪੁਰਖਾਂ ਅਤੇ ਸਿੱਖ ਸੰਗਤਾਂ ਵੱਲੋਂ ਇਸ ਗੱਲ ਤੇ ਭਾਰੀ ਰੋਸ ਪ੍ਰਗਟਾਇਆ ਗਿਆ ਕਿ 28 ਮਾਰਚ ਨੂੰ ਜੋ ਜਥੇਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਤ ਸਮਾਜ ਵੱਲੋਂ ਰੋਸ ਧਰਨਾ ਦਿੱਤਾ ਗਿਆ ਸੀ ਕਿ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਿੰਘ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਦੇ ਅਹੁਦਿਆਂ ਉੱਪਰ ਬਹਾਲ ਕੀਤਾ ਜਾਵੇ।
ਇਸ ਸਬੰਧੀ ਉਹਨਾਂ ਵੱਲੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜਕਟਿਵ ਕਮੇਟੀ ਨੂੰ 15 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ ।ਪਰ ਉਹ ਸਮਾਂ ਲੰਘਣ ਉਪਰੰਤ ਵੀ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਦੀਆਂ ਭਾਵਨਾਵਾਂ ਅਨੁਸਾਰ ਕੋਈ ਵੀ ਫੈਸਲਾ ਨਹੀਂ ਲਿਆ ਗਿਆ ।ਜਿਸ ਤੋਂ ਉਪਰੰਤ ਗੁਰਮਤਿ ਸਿਧਾਤਕ ਪ੍ਰਚਾਰਕ ਸੰਤ ਸਮਾਜ ਦੇ ਸਮੂਹ ਸੰਤ ਮਹਾਂਪੁਰਖਾਂ ਨਾਲ ਫ਼ੋਨ ਉੱਤੇ ਹੋਏ ਵਿਚਾਰ ਵਟਾਂਦਰੇ ਅਤੇ ਚੋਣਵੇਂ ਸੰਤ ਮਹਾਂਪੁਰਖਾਂ ਦੀ ਮੀਟਿੰਗ ਦੇ ਵਿੱਚ ਨਿਰਣਾ ਲਿਆ ਗਿਆ ਕਿ 10 ਮਈ ਤੱਕ ਤਖ਼ਤ ਸਾਹਿਬਾਨਾਂ ਦੇ ਸਿੰਘ ਸਾਹਿਬਾਨਾਂ ਨੂੰ ਬਹਾਲ ਕੀਤਾ ਜਾਵੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸੰਤ ਸਮਾਜ ਵੱਲੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ 500-500 ਸਿੰਘਾਂ ਦਾ ਜਥਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੀ ਬਾਦਲ ਪਿੰਡ ਸਥਿੱਤ ਰਿਹਾਇਸ਼ ਵਿਖੇ ਬੈਠ ਕੇ 2 ਘੰਟੇ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਗੁਰਬਾਣੀ ਜਾਪ ਕਰਨ ਅਤੇ ਸਿੱਖ ਪ੍ਰੰਪਰਾਵਾਂ ਅਤੇ ਸਿਧਾਂਤਾਂ ਦਾ ਘਾਣ ਕਰਨ ਦੇ ਲਈ ਜੁੰਮੇਵਾਰ ਲੋਕਾਂ ਨੂੰ ਸੁਮੱਤ ਬਖਸ਼ਣ ਦੀ ਅਰਦਾਸ ਕਰਨ ਉਪਰੰਤ ਵਾਪਿਸ ਪਰਤਿਆ ਕਰੇਗਾ।
ਇਹ ਗੁਰਬਾਣੀ ਜਾਪ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ 500 ਚੋਣਵੇਂ ਸਿੰਘ ਕਰਿਆ ਕਰਨਗੇ ਅਤੇ ਇਹ ਸੰਘਰਸ਼ ਇਕ ਸਾਲ ਦੇ ਸਮੇਂ ਤੱਕ ਜਾਰੀ ਰਹੇਗਾ ਜਾਂ ਜਦੋਂ ਤੱਕ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਬਤੌਰ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਵਜੋਂ ਬਹਾਲ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਜਾਰੀ ਰਹੇਗਾ। ਇਸ ਰੋਸ ਸਮਾਗਮ ਵਿੱਚ ਸਾਮਿਲ ਜਥੇ ਲਈ ਜਲ ਪਾਣੀ, ਪ੍ਰਸਾਦਾ ਅਤੇ ਬੈਠਣ ਦਾ ਪ੍ਰਬੰਧ ਸੰਗਤ ਵਲੋ ਕੀਤਾ ਜਾਵੇਗਾ l ਜੂਨ ਮਹੀਨੇ ਘੱਲੂਘਾਰਾ ਸਮਾਗਮਾਂ ਕਾਰਨ ਪਹਿਲਾ ਜਥਾ 11 ਜੂਨ ਨੂੰ ਪਿੰਡ ਬਾਦਲ ਜਾਵੇਗਾ ਜਦੋਂ ਕੇ ਜੁਲਾਈ ਮਹੀਨੇ ਤੋਂ ਹਰ ਮਹੀਨੇ ਪਹਲੇ ਐਤਵਾਰ ਜਥਾ ਜਾਇਆ ਕਰੇਗਾ l ਇਸ ਮੌਕੇ ਸਮੂਹ ਸੰਗਤਾਂ ਨੂੰ ਇਹ ਵੀ ਅਪੀਲ ਕੀਤੀ ਗਈ ਕੇ ਭਾਈ ਕੁਲਦੀਪ ਸਿੰਘ ਗੜਗੱਜ ਅਤੇ ਬਾਬਾ ਟੇਕ ਸਿੰਘ ਧਨੌਲਾ ਦਾ ਪੂਰਨ ਬਾਈਕਾਟ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਜੋ ਵੀ ਸ਼ਿਰੋਮਣੀ ਕਮੇਟੀ ਮੈਂਬਰ ਜਾਂ ਔਹੁਦੇਦਦਾਰ ਇਹਨਾਂ ਨੂੰ ਸੰਗਤਾਂ ਵਿੱਚ ਜਾਂ ਸਮਾਗਮਾਂ ਵਿਚ ਲੈ ਕੇ ਆਉਂਦੇ ਹਨ ਓਨਾ ਦਾ ਵੀ ਪੂਰਨ ਬਾਈਕਾਟ ਕੀਤਾ ਜਾਵੇ l
ਇਸ ਮੌਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰਨਾ ਦਲ, ਬਾਬਾ ਗੁਰਭੇਜ ਸਿੰਘ ਖੁਜਾਲਾ ਸੰਪਰਦਾਇ ਹਰਖੋਵਾਲ ਮੁੱਖ ਬੁਲਾਰਾ ਸੰਤ ਸਮਾਜ, ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਲੋ ਭਾਈ ਰਣਧੀਰ ਸਿੰਘ ਰਾੜਾ ਸਹਿਬ, ਭਾਈ ਸਤਵਿੰਦਰ ਸਿੰਘ ਟੌਹੜਾ, ਸੰਤ ਬਾਬਾ ਅਮਨਦੀਪ ਸਿੰਘ ਜੀ ਸੱਤੋ ਵਾਲੀ ਗਲੀ ਅੰਮ੍ਰਿਤਸਰ ਸਾਹਿਬ, ਜਥੇ. ਬਾਬਾ ਬਲਵਿੰਦਰ ਸਿੰਘ ਜੀ ਤਰਨਾ ਦਲ ਗੜ੍ਹੀ ਗੁਰਦਾਸ ਨੰਗਲ, ਮਾਤਾ ਜਸਪ੍ਰੀਤ ਕੌਰ ਮਾਹਿਲਪੁਰ, ਭਾਈ ਅਮਰਬੀਰ ਸਿੰਘ ਢੋਟ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ, ਬਾਬਾ ਸੋਨੀ ਦਾਸ ਜੀ ਉਦਾਸੀਨ ਮੁਕਤਸਰ, ਬਾਬਾ ਜੱਜ ਸਿੰਘ ਜਲਾਲਾਬਾਦ, ਸੰਤ ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਂਕ, ਬਾਬਾ ਸਤਨਾਮ ਸਿੰਘ ਨਾਨਕਸਰ ਭਾਈ ਕੀ ਸਮਾਧ, ਸੰਤ ਬਾਬਾ ਗੁਰਮੁਖ ਸਿੰਘ ਆਲੋਵਾਲ, ਸੰਤ ਬਾਬਾ ਮਨਮੋਹਣ ਸਿੰਘ ਸੰਤ ਬਾਬਾ ਬੀਰ ਸਿੰਘ ਭੰਗਾਲੀ ਵਾਲੇ, ਜਥੇਦਾਰ ਬਾਬਾ ਜਗਜੀਤ ਸਿੰਘ ਗੁਰੂ ਨਾਨਕ ਦਲ ਮੜੀਆ ਵਾਲੇ, ਬਾਬਾ ਗੁਰਮੀਤ ਸਿੰਘ ਕਬਰਵਾਲਾ, ਸੰਤ ਬਾਬਾ ਜਸਵੰਤ ਸਿੰਘ ਅਲਵਰ ਵਾਲੇ, ਸੰਤ ਬਾਬਾ ਸੁਰਿੰਦਰ ਸਿੰਘ ਉਦਾਸੀਨ ਅਖਾੜਾ ਸ੍ਰੀ ਗੰਗਾਨਗਰ, ਗਿਆਨੀ ਜੀਵਾ ਸਿੰਘ ਸਰਮਸਤਪੁਰ, ਜਥੇਦਾਰ ਸੁਖਦੇਵ ਸਿੰਘ ਆਰਫਕੇ ਫਿਰੋਜ਼ਪੁਰ ਮੁੱਖ ਬੁਲਾਰਾ ਦਮਦਮੀ ਟਕਸਾਲ, ਸੰਤ ਬਾਬਾ ਮੇਜਰ ਸਿੰਘ ਵਾਂ ਵਾਲੇ, ਜਥੇਦਾਰ ਚਮਕੌਰ ਸਿੰਘ ਪਹੂਵਿੰਡ, ਜਥੇਦਾਰ ਮੰਗਲ ਸਿੰਘ ਠੇਠਰਕਲਾਂ, ਜਥੇਦਾਰ ਹਰਭਜਨ ਸਿੰਘ ਪੱਪੂ ਡੇਰਾ ਸੂਸਾ,ਸੰਤ ਬਾਬਾ ਗੁਰਦੇਵ ਸਿੰਘ ਤਰਸਿੱਕਾ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਗਿਆਨੀ ਹਰਦੀਪ ਸਿੰਘ ਅਨੰਦਪੁਰ ਸਾਹਿਬ, ਭਾਈ ਸੁਖਜੀਤ ਸਿੰਘ ਢੱਪਈ, ਬਾਬਾ ਹਰਜਿੰਦਰ ਸਿੰਘ ਬੁੱਢੀਮਾਲ, ਜਥੇ.ਪੂਰਨ ਸਿੰਘ ਜਲਾਲਾਂਬਾਦ, ਬਾਬਾ ਧੰਨਾਂ ਸਿੰਘ ਗੁੜੀ ਸੰਘਰ, ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਸੰਤ ਬਾਬਾ ਸੁਖਵੰਤ ਸਿੰਘ ਚੰਨਣਕੇ, ਜਥੇਦਾਰ ਗੁਰਪ੍ਰੀਤ ਸਿੰਘ ਵੈਦ ਡੇਰਾ ਰਾਮ ਥੰਮਣ, ਭਾਈ ਗੁਰਨਾਮ ਸਿੰਘ ਰਾੜਾ ਸਹਿਬ, ਸੰਤ ਬਾਬਾ ਸੁਰਿੰਦਰ ਸਿੰਘ ਟਾਹਲੀ ਸਾਹਿਬ, ਭਾਈ ਹਰਨੇਕ ਸਿੰਘ ਭਿੰਡਰ ਕਲਾਂ, ਭਾਈ ਸੁਖਜੀਤ ਸਿੰਘ ਢੱਪਈ, ਭਾਈ ਸੁਖਲਾਲ ਸਿੰਘ ਬਾਸਰਕੇ ਆਦਿ ਹਾਜਰ ਸਨ।