Babushahi Special: ਭੁੱਕੀ ਨਾਲ ਲਿਬੜਿਆ ਲਿਫਾਫਾ ਫੜ੍ਹਨ ਨੂੰ ਲੈਕੇ ਸੋਸ਼ਲ ਮੀਡੀਆ ’ਤੇ ਟਿੱਚਰਾਂ ’ਚ ਘਿਰਿਆ ‘ਯੁੱਧ ਨਸ਼ਿਆਂ ਵਿਰੁੱਧ
ਅਸ਼ੋਕ ਵਰਮਾ
ਬਠਿੰਡਾ, 27 ਅਪ੍ਰੈਲ 2025: ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਇੱਕ ਨੌਜਵਾਨ ਤੋਂ ਭੁੱਕੀ ਨਾਲ ਲਿਬੜਿਆ ਲਿਫਾਫਾ ਬਰਾਮਦ ਅਤੇ ਪਰਚਾ ਦਰਜ ਹੋਣ ਦੇ ਮਾਮਲੇ ’ਚ ਪੰਜਾਬ ਪੁਲਿਸ ਨੂੰ ਸੋਸ਼ਲ ਮੀਡੀਆ ’ਤੇ ਆਮ ਲੋਕਾਂ ਦੀਆਂ ਤਰਾਂ ਤਰਾਂ ਦੀਆਂ ਟਿੱਪਣੀਆਂ ਦਾ ਨਿਸ਼ਾਨਾ ਬਣਨਾ ਪੈ ਰਿਹਾ ਹੈ। ਖਾਸ ਤੌਰ ਤੇ ਇਸ ਕਾਰਵਾਈ ਕਾਰਨ ਥਾਣਾ ਲੰਬੀ ਪੁਲਿਸ ਨੂੰ ਚਾਰ ਚੁਫੇਰਿਓਂ ਟਿੱਚਰਾਂ ਨੇ ਘੇਰਾ ਪਾਇਆ ਹੋਇਆ ਹੈ। ਦਰਅਸਲ ਥਾਣਾ ਲੰਬੀ ਪੁਲਿਸ ਨੇ ਮਨਦੀਪ ਸਿੰਘ ਪੁੱਤਰ ਕੌਰ ਸਿੰਘ ਵਾਸੀ ਢਾਣੀ ਤੇਲੀਆਂ ਵਾਲੀ ਕੰਦੂ ਖੇੜਾ ਖਿਲਾਫ 26 ਅਪ੍ਰੈਲ ਨੂੰ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਕ੍ਰਾਈਮ ਰਿਪੋਰਟ ਅਨੁਸਾਰ 26 ਅਪ੍ਰੈਲ ਨੂੰ ਮੁੱਖ ਥਾਣਾ ਅਫਸਰ ਲੰਬੀ ਐਸ ਆਈ ਕਰਮਜੀਤ ਕੌਰ ਸਾਥੀ ਕਰਮਚਾਰੀਆਂ ਸਮੇਤ ਲੰਬੀ ਤੋਂ ਪੰਜਾਵਾ ਜਾਂਦੇ ਹੋਏ ਸ਼ਮਸ਼ਾਨਘਾਟ ਲੰਬੀ ਪੁੱਜੇ ਤਾਂ ਅੰਦਰ ਨਲਕੇ ਕੋਲ ਬੈਠਾ ਇੱਕ ਨੌਜਵਾਨ ਲਿਫਾਫੇ ਚੋਂ ਕੱਢਕੇ ਕੁੱਝ ਖਾਂਦਾ ਦਿਖਾਈ ਦਿੱਤਾ।
ਸਬ ਇੰਸਪੈਕਟਰ ਕਰਮਜੀਤ ਕੌਰ ਗੱਡੀ ਰੁਕਵਾਕੇ ਉੱਥੇ ਪੁੱਜੀ ਤਾਂ ਉਸਦੇ ਹੱਥ ਵਿਚ ਫੜ੍ਹੇ ਪਾਰਦਰਸ਼ੀ ਮੋਮੀ ਲਿਫਾਫੇ ਚੋਂ ਭੁੱਕੀ ਚੂਰਾ ਪੋਸਤ ਸਾਫ ਨਜ਼ਰ ਆ ਰਹੀ ਸੀ, ਨੂੰ ਜਮੀਨ ਤੇ ਸੁੱਟਕੇ ਖਿਸਕਣ ਲੱਗਾ। ਕਾਬੂ ਕਰਨ ਤੇ ਉਸ ਨੇ ਆਪਣਾ ਨਾਮ ਮਨਦੀਪ ਸਿੰਘ ਉਕਤ ਦੱਸਿਆ ਅਤੇ ਕਿਹਾ ਕਿ ਉਹ ਭੁੱਕੀ ਚੂਰਾ ਪੋਸਤ ਖਾਣ ਦਾ ਆਦੀ ਹੈ। ਲੰਬੀ ਪੁਲਿਸ ਨੇ ਇਸ ਸਬੰਧ ਵਿੱਚ ਮੁਕੱਦਮਾ ਦਰਜ ਕਰਕੇ ਪਾਰਦਰਸ਼ੀ ਖਾਲੀ ਮੋਮੀ ਲਿਫਾਫਾ ਬਰਾਮਦ ਕੀਤਾ ਹੈ ਜਿਸ ਨੂੰ ਭੁੱਕੀ ਚੂਰਾ ਪੋਸਤ ਲੱਗਿਆ ਹੋਇਆ ਹੈ। ਪੁਲਿਸ ਵੱਲੋਂ ਰੋਜਾਨਾ ਜਾਰੀ ਕੀਤੀ ਜਾਂਦੀ ਕ੍ਰਾਈਮ ਰਿਪੋਰਟ ਦਾ ਇਸ ਮੁਕੱਦਮੇ ਵਾਲਾ ਭਾਗ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਹਾਲਾਂਕਿ ਕਾਨੂੰਨੀ ਪੱਖ ਤੋਂ ਦੇਖਿਆ ਜਾਏ ਤਾਂ ਪੁਲਿਸ ਦੀ ਕਾਰਵਾਈ ਪੂਰੀ ਤਰਾਂ ਸਹੀ ਜਾ ਰਹੀ ਹੈ ਪਰ ਜੇਕਰ ਇਸ ਨੂੰ ਵੱਡੇ ਮੱਗਰਮੱਛਾਂ ਖਿਲਾਫ ਕਾਰਵਾਈ ਕਰਨ ਦੀ ਰੌਸ਼ਨੀ ’ਚ ਦੇਖਿਆ ਜਾਏ ਤਾਂ ਇਹ ਗੱਲ ਆਮ ਲੋਕਾਂ ਨੂੰ ਹਾਸੋਹੀਣੀ ਜਿਹੀ ਜਾਪਦੀ ਹੈ।
ਵੱਖ ਵੱਖ ਵਿਅਕਤੀਆਂ ਨੇ ਇਸ ਸਬੰਧ ਵਿੱਚ ਪੋਸਟਾਂ ਪਾਈਆਂ ਹਨ ਜਿਨ੍ਹਾਂ ਤੇ ਲੋਕ ਭਾਂਤ ਭਾਂਤ ਦੀ ਪ੍ਰਤੀਕਿਰਿਆ ਜਾਹਰ ਕਰ ਰਹੇ ਹਨ। ਸੋਸ਼ਲ ਮੀਡੀਆ ਫੇਸਬੁੱਕ ਤੇ ਤਾਂ ਲੋਕਾਂ ਨੇ ਕਈ ਤਰਾਂ ਦੀਆਂ ਟਿੱਪਣੀਆਂ ਵੀ ਕੀਤੀਆਂ ਹਨ ਜਿੰਨ੍ਹਾਂ ਚੋਂ ਬਹੁਤੇ ਲੋਕਾਂ ਨੇ ਪੰਜਾਬ ਪੁਲਿਸ ’ਤੇ ਵਿਅੰਗ ਕਸੇ ਹਨ। ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਆਪਣੇ ਫੇਸਬੁੱਕ ਅਕਾਊਂਟ ਤੇ ਲਿਖਦੇ ਹਨ ਕਿ ‘ਯੁੱਧ ਨਸ਼ਿਆਂ ਵਿਰੁੱਧ’ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਯਕੀਨ ਨਹੀਂ ਤਾਂ ਆਪ ਵੇਖ ਲਵੋ ਥਾਣਾ ਲੰਬੀ ਵਾਲਿਆਂ ਨੇ ਖਾਲੀ ਮੋਮੀ ਲਿਫਾਫੇ ਤੇ ਲੱਗੀ ਭੁੱਕੀ ਵਾਲੇ ਨੂੰ ਠੋਕਤਾ। ਬਠਿੰਡਾ ਦੇ ਸਮਾਜਸੇਵੀ ਗੁਰਵਿੰਦਰ ਸ਼ਰਮਾ ਨੇ ਪੋਸਟ ਪਾਕੇ ਲਿਖਿਆ ਹੈ, ਭੁੱਕੀ ਖਾਣ ਵਾਲੇ ਅਮਲੀ ਸਾਵਧਾਨ,ਹੁਣ ਤਾਂ ਭੁੱਕੀ ਵਾਲੇ ਖਾਲੀ ਲਿਫਾਫੇ ਤੇ ਵੀ ਪੁਲਿਸ ਪਰਚਾ ਕੱਟ ਦਿੰਦੀ ਆ । ਲੰਬੀ ਥਾਣੇ ’ਚ ਭੁੱਕੀ ਵਾਲੇ ਖਾਲੀ ਲਿਫਾਫੇ ਨੂੰ ਅਧਾਰ ਬਣਾਕੇ ਪਰਚਾ ਦੇ ਦਿੱਤਾ, ਹਵਾਲਾਤ ਚ ਬੰਦ ਕਰਤਾ । ‘ ਯੁੱਧ ਨਸ਼ੇ ਦੇ ਖਾਲੀ ਲਿਫਾਫੇ ਵਿਰੁੱਧ’।
ਰਜਿੰਦਰ ਜਿੰਦੂ ਦੀ ਟਿੱਪਣੀ ਹੈ, ਪੰਜਾਬ ਪੁਲਿਸ ਕੁੱਝ ਵੀ ਕਰ ਸਕਦੀ ਹੈ ਜਨਾਬ। ਜਵਾਹਰ ਸਿੱਧੂ ਦਾ ਪ੍ਰਤੀਕਰਮ ਹੈ ਕਿ ਸਦਕੇ ਜਾਈਏ ਪੰਜਾਬ ਪੁਲਿਸ ਦੇ ਜਿਸ ਨੇ ਜਾਨ ਜੋਖ਼ਮ ਵਿੱਚ ਪਾਕੇ ਬਹੁਤ ਵੱਡੀ ਕਾਰਵਾਈ ਕੀਤੀ ਅਤੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਫੜੇ। ਗੋਲਡੀ ਬਰਾੜ ਦਿਉਣ ਨੇ ਮਜਾਹੀਆ ਅੰਦਾਜ਼ ’ਚ ਟਿੱਪਣੀ ਕੀਤੀ ਹੈ ‘ ਹੁਣ ਤਾਂ ਖਾਲੀ ਲਿਫਾਫੇ ਨੂੰ ਵੀ ਨਾਲ ਦੀ ਨਾਲ ਅੱਗ ਲਾਉਣੀ ਪਿਆ ਕਰੂ। ਐਡਵੋਕੇਟ ਸੂਰਿਆ ਸਿੰਗਲਾ ਨੇ ਇਸ ਨੂੰ ‘ਐਡੀ ਵੱਡੀ ਕਾਰਵਾਈ’ ਦੱਸਿਆ ਹੈ। ਸੁਖਵਿੰਦਰ ਸ਼ਰਮਾ ਨੇ ਲਿਖਿਆ ਹੈ ‘ਖਾਲੀ ਲਿਫਾਫਾ ਬਾਅਦ ’ਚ ਭਰਨਗੇ’। ਗੋਪਾਲ ਕ੍ਰਿਸ਼ਨ ਨੇ ਇਸ ਨੂੰ ‘ਇਤਿਹਾਸਕ ਕਾਰਵਾਈ’ ਕਰਾਰ ਦਿੱਤਾ ਹੈ। ਵਿਨੋਦ ਬਾਂਸਲ ਨੇ ਇੱਕ ਅਜਿਹੀ ਹੀ ਪੋਸਟ ਤੇ ‘ਯੁੱਧ ਖਾਲੀ ਲਿਫਾਫੇ ਵਿਰੁੱਧ’ ਲਿਖਿਆ ਹੈ। ਗੁਰਸ਼ਰਨ ਸਿੰਘ ਸਿੱਧੂ ਮੁਤਾਬਕ ‘ ਬਹੁਤ ਵੱਡੀ ਕਾਮਯਾਬੀ ਪੰਜਾਬ ਪੁਲਿਸ ਦੀ, ਸਲੂਟ ਆ, ਵਾਕਿਆ ਹੀ ਬਦਲਾਅ ਆ ਗਿਆ। ਕਈ ਸੋਸ਼ਲ ਗਰੁੱਪਾਂ ਵਿਚ ਅੱਜ ਇਸ ਤਰਾਂ ਦੀਆਂ ਪੋਸਟਾਂ ‘ਤੇ ਬਹਿਸ ਵੀ ਚੱਲਦੀ ਰਹੀ।
ਪੁਲਿਸ ਕਾਰਵਾਈ ਕਾਨੂੰਨ ਅਨੁਸਾਰ
ਇਸ ਮਾਮਲੇ ਸਬੰਧੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਦਾ ਪੱਖ ਜਾਨਣ ਲਈ ਜਿਲ੍ਹਾ ਪੁਲਿਸ ਮੁਖੀ ਡਾਕਟਰ ਅਖਿਲ ਚੌਧਰੀ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਡੀਐਸਪੀ ਲੰਬੀ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਮੁਲਜਮ ਮਨਦੀਪ ਸਿੰਘ ਨਸ਼ਾ ਛੱਡਣਾ ਚਾਹੁੰਦਾ ਹੈ ਇਸ ਲਈ 27 /61/85 ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹ੍ਹਾਂ ਕਿਹਾ ਕਿ ਨਸ਼ਾ ਛੱਡਣ ਵਾਲੇ ਵਿਅਕਤੀ ਨੂੰ ਇਸ ਪ੍ਰਕਿਰਿਆ ਅਧੀਨ ਲਿਆਉਣ ਲਈ ਇਨ੍ਹਾਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨਾ ਲਾਜਮੀ ਹੁੰਦਾ ਹੈ।
ਪੁਲਿਸ ਕਾਰਵਾਈ ਪੂਰੀ ਤਰਾਂ ਸਹੀ
ਨਸ਼ਾ ਤਸਕਰੀ ਨਾਲ ਜੁੜੇ ਮਾਮਲਿਆਂ ਦੀ ਪੈਰਵਾਈ ਕਰ ਚੁੱਕੇ ਇੰਕ ਸੇਵਾਮੁਕਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਲੰਬੀ ਵਿੱਚ ਦਰਜ ਮੁਕੱਦਮੇ ਬਾਰੇ ਕਿਸੇ ਦੀ ਕੋਈ ਵੀ ਰਾਇ ਹੋਵੇ ਪਰ ਪੁਲਿਸ ਕਾਰਵਾਈ ਕਾਨੂੰਨ ਦੇ ਤਕਾਜ਼ਿਆਂ ਤੇ ਖਰੀ ਉੱਤਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਉਂਜ ਵੀ ਨਸ਼ਿਆਂ ਖਿਲਾਫ ਵੱਡੇ ਪੱਧਰ ਤੇ ਚੱਲ ਰਹੀ ਮੁਹਿੰਮ ਅਤੇ ਪੰਜਾਬ ਸਰਕਾਰ ਦੀ ਸਖਤ ਨੀਤੀ ਦੌਰਾਨ ਆਪਣੀ ਨੌਕਰੀ ਲਈ ਖਤਰਾ ਮੁੱਲ ਲੈਣ ਦੇ ਡਰੋਂ ਵੀ ਹੁਣ ਹਰ ਪੁਲਿਸ ਅਧਿਕਾਰੀ ਬਣਦੀ ਕਾਨੂੰਨੀ ਕਾਰਵਾਈ ਨੂੰ ਤਰਜੀਹ ਦੇਣ ਲੱਗਿਆ ਹੈ।