ਕਟਹਿਰੇ ’ਚ ਖੜ੍ਹਾਈ ਕਰਨਲ ਬਾਠ ਦੀ ਪਤਨੀ ਮੇਲਾ ਜੌਹਲ ਕਤਲ ਕਾਂਡ 'ਚ: ਜਸਵਿੰਦਰ ਕੌਰ ਬਾਠ ਨੇ ਮੇਲਾ ਪ੍ਰੀਵਾਰ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਿਆ (ਵੀਡੀਓ ਵੀ ਦੇਖੋ)
ਅਸ਼ੋਕ ਵਰਮਾ
ਬਠਿੰਡਾ,23 ਮਾਰਚ 2025: ਗੈਂਗਸਟਰਾਂ ਵੱਲੋਂ ਅਕਤੂਬਰ 2023 ਵਿੱਚ ਕਤਲ ਕੀਤੇ ਮਾਲ ਰੋਡ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦੀ ਪਤਨੀ ਆਰਤੀ ਜੌਹਲ ਨੇ ਪਟਿਆਲਾ ’ਚ ਪੁਲਿਸ ਦੀ ਕਥਿਤ ਕੁੱਟਮਾਰ ਦਾ ਸ਼ਿਕਾਰ ਹੋਏ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਜਸਵਿੰਦਰ ਕੌਰ ਬਾਠ ਨੂੰ ਇਸ ਹੱਤਿਆ ਕਾਂਡ ਨੂੰ ਲੈਕੇ ਕਟਹਿਰੇ ਵਿੱਚ ਖੜ੍ਹਾਇਆ ਹੈ। ਆਰਤੀ ਜੌਹਲ ਨੇ ਅੱਜ ਇੱਕ ਵੀਡੀਓ ਜਾਰੀ ਕਰਕੇ ਪਤੀ ਦੀ ਹੱਤਿਆ ਉਪਰੰਤ ਆਪਣੇ ਨਾਲ ਵਰਤੇ ਵਰਤਾਰੇ ਦੇ ਅੰਦਰੂਨੀ ਭੇਦਾਂ ਤੋਂ ਪਰਦਾ ਚੁੱਕਿਆ ਅਤੇ ਜਸਵਿੰਦਰ ਕੌਰ ਬਾਠ ਦੀ ਭੂਮਿਕਾ ਨੂੰ ਵੀ ਸਵਾਲਾਂ ਦੇ ਘੇਰੇ ’ਚ ਲਿਆਂਦਾ ।
ਦੂਜੇ ਪਾਸੇ ਜਸਵਿੰਦਰ ਕੌਰ ਬਾਠ ਨੇ ਦੋਸ਼ਾਂ ਨੂੰ ਨਕਾਰਿਆ ਅਤੇ ਹੁਣ ਵੀ ਪ੍ਰੀਵਾਰ ਨਾਲ ਖਲੋਣ ਦੀ ਗੱਲ ਆਖੀ ਹੈ। ਆਰਤੀ ਜੌਹਲ ਨੇ ਕਿਹਾ ਕਿ ਜਰੂਰ ਕਰਨਲ ਬਾਠ ਨੇ ਪੁਲਿਸ ਅਫਸਰਾਂ ਨੂੰ ਕੁੱਝ ਕਿਹਾ ਹੋਣਾ ਹੈ ਨਹੀਂ ਤਾਂ ਇਸ ਹੱਦ ਤੱਕ ਜਾਣਾ ਮੁਸ਼ਕਿਲ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/watch?v=ENm2y8zRBpo
ਉਨ੍ਹਾਂ ਕਿਹਾ ਕਿ ਜਿਸ ਪੁਲਿਸ ਦੀਆਂ ਵਰਦੀਆਂ ਲੁਹਾਉਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਉਹੀ ਪੁਲਿਸ ਹੈ ਜਿਸ ਦੀ ਤੁਸੀਂ ਉਦੋਂ ਸਹਾਇਤਾ ਕੀਤੀ ਸੀ। ਉਨ੍ਹਾਂ ਸਵਾਲ ਕੀਤਾ ਕਿ ਜੇ ਹੁਣ ਇਹ ਪੁਲਿਸ ਦੁਸ਼ਮਣ ਹੈ ਤਾਂ ਉਦੋਂ ਕਿਵੇਂ ਚੰਗੀ ਸੀ। ਉਨ੍ਹਾਂ ਕਿਹਾ ਕਿ ਅੱਜ ਕਿਸ ਹੱਕ ਨਾਲ ਧਰਨੇ ਲਾਏ ਜਾ ਰਹੇ ਹਨ ਜਦੋਂਕਿ ਕਰਨਲ ਬਾਠ ਦੇ ਦੋ ਥੱਪੜ ਹੀ ਵੱਜੇ ਹਨ। ਉਨ੍ਹਾਂ ਵੀਡੀਓ ਰਾਹੀਂ ਦੱਸਿਆ ਕਿ ਕਰਨਲ ਦੀ ਪਤਨੀ ਜਸਵਿੰਦਰ ਕੌਰ ਬਾਠ ਮੇਰੇ ਪਤੀ ਹਰਜਿੰਦਰ ਕੌਰ ਜੌਹਲ ਦੀ ਮੂੰਹ ਬੋਲੀ ਭੈਣ ਬਣੀ ਹੋਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਦੇ ਕਤਲ ਤੋਂ ਬਾਅਦ ਸਮੁੱਚ ਸ਼ਹਿਰ ਅਤੇ ਵੱਖ ਵੱਖ ਸੰਸਥਾਵਾਂ ਤੋਂ ਇਲਾਵਾ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇਨਸਾਨੀਅਤ ਦੇ ਨਾਤੇ ਪ੍ਰੀਵਾਰ ਦੀ ਸਹਾਇਤਾ ਲਈ ਆਏ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/2103099843539132
ਉਨ੍ਹਾਂ ਕਿਹਾ ਕਿ ਸ਼੍ਰੀਮਤੀ ਬਾਠ ਉਨ੍ਹਾਂ ਨੂੰ ਅਧਿਕਾਰੀਆਂ ਨਾਲ ਮਿਲਾਉਣ ਲਈ ਲੈ ਗਈ ਅਤੇ ਕਿਸੇ ਹੋਰ ਵਿਅਕਤੀ ਨੂੰ ਮਿਲਣ ਨਾਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਤੁਸੀਂ ਉਦੋਂ ਸਾਡੇ ਨਾਲ ਐਨਾ ਵੱਡਾ ਧੱਕਾ ਕੀਤਾ ਅਤੇ ਪੁਲਿਸ ਪ੍ਰਸ਼ਾਸ਼ਨ ਨਾਲ ਮਿਲਕੇ ਧਰਨਾ ਚੁਕਵਾ ਦਿੱਤਾ ਜਿਸ ਨੂੰ ਲੈਕੇ ਲੋਕ ਅੱਜ ਵੀ ਉਨ੍ਹਾਂ ਤੇ ਥੂ ਥੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਫਸਰਾਂ ਦੀ ਮੱਦਦ ਕਰਕੇ ਹਰਜਿੰਦਰ ਸਿੰਘ ਦਾ ਸਸਕਾਰ ਕਰਵਾਇਆ ਅਤੇ ਮਗਰੋਂ ਗਾਇਬ ਹੋ ਗਏ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਨਾਂ ਤਾਂ ਤੁਸੀਂ ਸਾਡਾ ਫੋਨ ਚੁੱਕਿਆ ਬਲਕਿ ਸਾਡੇ ਨੰਬਰ ਹੀ ਬਲੌਕ ਕਰ ਦਿੱਤੇ। ਉਨ੍ਹਾਂ ਕਿਹਾ ਕਿ ਮੇਲਾ ਦੇ ਕਤਲ ਮਗਰੋਂ ਨਾਂ ਤਾਂ ਤੁਸੀ ਭੈਣ ਦੇ ਨਾਤੇ ਆਏ ਸੀ ਨਾਂ ਹੀ ਇਨਸਾਨੀਅਤ ਨਾਤੇ ਬਲਕਿ ਤੁਹਾਡਾ ਮੰਤਵ ਅਫਸਰਾਂ ਨਾਲ ਮਿਲਕੇ ਸਸਕਾਰ ਕਰਵਾਉਣ ਤੱਕ ਸੀ। ਉਨ੍ਹਾਂ ਕਿਹਾ ਕਿ ਜੋ ਦਰਦ ਤੁਸੀਂ ਹੁਣ ਹੰਢਾ ਰਹੇ ਹੋ ਉਹ ਅਸੀਂ ਉਦੋਂ ਹੰਢਾਇਆ ਸੀ।
ਉਨ੍ਹਾਂ ਕਿਹਾ ਕਿ ਜੋ ਧੱਕਾ ਤੁਸੀਂ ਉਸ ਵਕਤ ਸਾਡੇ ਨਾਲ ਕੀਤਾ ਉਸ ਦਾ ਨਤੀਜਾ ਅੱਜ ਤੱਕ ਭੁਗਤ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਤੱਕ ਅਸੀਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਉਸ ਵਕਤ ਤੂੰ ਇਨਸਾਫ ਲਈ ਖੜ੍ਹੀ ਹੁੰਦੀ ਤਾਂ ਅੱਜ ਸਥਿਤੀ ਕੁੱਝ ਹੋਰ ਹੋਣੀ ਸੀ ਅਤੇ ਹਰਜਿੰਦਰ ਮੇਲਾ ਨੂੰ ਇਨਸਾਫ ਮਿਲ ਗਿਆ ਹੋਣਾ ਸੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਦਿਨਾਂ ਤੋਂ ਦੇਖ ਰਹੇ ਹਨ ਕਿ ਕਿਸ ਤਰਾਂ ਪਟਿਆਲਾ ’ਚ ਕਰਨਲ ਬਾਠ ਦੀ ਪਤਨੀ ਨੇ ਆਪਣੇ ਪਤੀ ਅਤੇ ਪੁੱਤਰ ਨੂੰ ਕੁੱਟਮਾਰ ਦੇ ਮਾਮਲੇ ’ਚ ਅਫਰਾ ਤਫਰੀ ਮਚਾਈ ਹੋਈ ਹੈ। ਉਨ੍ਹਾਂ ਲੋਕਾਂ ਨੂੰ ਚੌਕਸ ਕੀਤਾ ਕਿ ਕਰਨਲ ਬਾਠ ਦੀ ਪਤਨੀ ਲੋਕਾਂ ਨੂੰ ਉੱਲੂ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸੱਚ ਦਾ ਸਾਥ ਦੇਣ ਅਤੇ ਅਸਲੀਅਤ ਦੇਖਣ।
ਪ੍ਰੀਵਾਰ ਦੇ ਦੋਸ਼ ਬੇਬੁਨਿਆਦ
ਇਸ ਸਬੰਧ ’ਚ ਆਪਣਾ ਪੱਖ ਦੱਸਦਿਆਂ ਜਸਵਿੰਦਰ ਕੌਰ ਬਾਠ ਨੇ ਮੇਲਾ ਪ੍ਰੀਵਾਰ ਵੱਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਮੋਬਾਇਲ ਫੋਨ ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਵਕਤ ਪੁਲਿਸ ਐਫਆਈਆਰ ਤੱਕ ਦਰਜ ਨਹੀਂ ਕਰ ਰਹੀ ਸੀ ਜੋ ਉਨ੍ਹਾਂ ਨੇ ਅੱਗੇ ਲੱਗ ਕੇ ਕਰਵਾਈ ਸੀ। ਉਨ੍ਹਾਂ ਕਿਹਾ ਕਿ ਅਸਲ ’ਚ ਹਰਜਿਦਰ ਸਿੰਘ ਦੀ ਮ੍ਰਿਤਕ ਦੇਹ ਦੀ ਬੇਅਦਬੀ ਕੀਤੀ ਜਾ ਰਹੀ ਸੀ ਜਿਸ ਕਰਕੇ ਉਨ੍ਹਾਂ ਨੇ ਅਧਿਕਾਰੀਆਂ ਅਤੇ ਪ੍ਰੀਵਾਰ ਨਾਲ ਗੱਲਬਾਤ ਕਰਕੇ ਹੀ ਸਾਰਾ ਕੁੱਝ ਕੀਤਾ ਸੀ। ਉਨ੍ਹਾ ਕਿਹਾ ਕਿ ਜਦੋਂ ਤੱਕ ਪ੍ਰੀਵਾਰ ਨੂੰ 10 ਲੱਖ ਰੁਪਿਆ ਨਹਂਂ ਮਿਲ ਗਿਆ ਉਦੋਂ ਤੱਕ ਮੈਂ ਬੱਚਿਆਂ ਦੀ ਭੂਆ ਸੀ ਤੇ ਹੁਣ ਇੱਕ ਸਾਲ ਬਾਅਦ ਦੋਸ਼ ਲਾਉਣੇ ਯਾਦ ਆਏ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਵੀ ਪ੍ਰੀਵਾਰ ਨਾਲ ਹਨ ਅਤੇ ਨਾਲ ਹੀ ਖਲੋਣਗੇ।