ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ 'ਚ ਚੁੱਕਿਆ ਡਿਸਪੈਂਸਰੀਆਂ ਵਿੱਚ ਲੋੜੀਂਦਾ ਅਮਲਾ ਤਾਇਨਾਤ ਕਰਨ ਦਾ ਮੁੱਦਾ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਟਾਫ਼ ਦੀ ਤਾਇਨਾਤੀ ਦੀ ਸੂਚਨਾ ਦਿੱਤੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 25 ਮਾਰਚ, 2025:
ਅੱਜ 16ਵੀਂ ਪੰਜਾਬ ਵਿਧਾਨ ਸਭਾ ਦੇ 8ਵੇਂ ਸੈਸ਼ਨ ਦੇ ਤੀਜੇ ਦਿਨ ਐੱਸ.ਏ.ਐੱਸ ਨਗਰ, ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਸੈਕਟਰ-69 ਅਤੇ ਪਿੰਡ ਸਨੇਟਾ ਦੀਆਂ ਡਿਸਪੈਂਸਰੀਆਂ ਵਿੱਚ ਲੋੜੀਂਦਾ ਅਮਲਾ ਤਾਇਨਾਤ ਕਰਨ ਦਾ ਮੁੱਦਾ ਚੁੱਕਿਆ। ਸ. ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੂੰ ਇਹ ਸਵਾਲ ਪੁੱਛਿਆ ਕਿ ਐੱਸ.ਏ.ਐੱਸ ਨਗਰ ਦੇ ਸੈਕਟਰ-69 ਅਤੇ ਇਸ ਦੇ ਨਾਲ ਲੱਗਦੇ ਪਿੰਡ ਸਨੇਟਾ ਵਿਖੇ ਡਿਸਪੈਂਸਰੀਆਂ ਸ਼ੁਰੂ ਕਰਨ ਲਈ ਉਸਾਰੀਆਂ ਨਵੀਆਂ ਇਮਾਰਤਾਂ ਵਿੱਚ ਲੋੜੀਂਦਾ ਸਿਹਤ ਅਮਲਾ ਕਦੋਂ ਤੱਕ ਤੈਨਾਤ ਕਰਕੇ ਸਿਹਤ ਸਹੂਲਤਾਂ ਉਪਲੱਬਧ ਕਰਵਾ ਦਿੱਤੀਆਂ ਜਾਣਗੀਆਂ ਅਤੇ ਸੈਕਟਰ-79 ਵਿਖੇ ਉਸਾਰੀ ਅਧੀਨ ਡਿਸਪੈਂਸਰੀ ਦੀ ਇਮਾਰਤ ਦਾ ਕੰਮ ਕਦੋਂ ਤੱਕ ਪੂਰਾ ਕਰ ਦਿੱਤਾ ਜਾਵੇਗਾ।
ਇਸ ਬਾਬਤ ਜਵਾਬ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਐੱਸ.ਏ.ਐੱਸ ਨਗਰ ਦੇ ਸੈਕਟਰ-69 ਅਤੇ ਇਸ ਦੇ ਨਾਲ ਲੱਗਦੇ ਪਿੰਡ ਸਨੇਟਾ ਵਿਖੇ ਡਿਸਪੈਂਸਰੀਆਂ ਸ਼ੁਰੂ ਕਰਨ ਲਈ ਉਸਾਰੀਆਂ ਗਈਆਂ ਇਮਾਰਤਾਂ ਵਿੱਚ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਰਜੀ ਤੌਰ ਤੇ ਸਿਹਤ ਅਮਲਾ ਤੈਨਾਤ ਕਰ ਦਿੱਤਾ ਗਿਆ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਸੈਕਟਰ-79 ਵਿਖੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਦੀ ਇਮਾਰਤ ਦਾ ਕੰਮ ਉਸਾਰੀ ਅਧੀਨ ਹੈ, ਰਹਿੰਦੇ ਕੰਮ ਦਾ ਰੀਵਾਈਜ਼ਡ ਡਿਟੇਲ ਤਖਮੀਨਾਂ ਬਾਬਤ 151.03 ਲੱਖ ਰੁਪਏ ਦਾ ਤਿਆਰ ਕੀਤਾ ਗਿਆ ਹੈ। ਫੰਡ ਪ੍ਰਾਪਤ ਹੋਣ ਉਪਰੰਤ ਕੰਮ ਸ਼ੁਰੂ ਕਰਨ ਲਈ 6 ਮਹੀਨੇ ਅਤੇ ਉਸਾਰੀ ਦੇ ਕੰਮ ਨੂੰ ਮੁਕੰਮਲ ਕਰਨ ਲਈ ਲਗਭਗ 6 ਮਹੀਨੇ, ਭਾਵ ਲਗਭਗ 12 ਮਹੀਨਿਆਂ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ।