ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਰਥਵਿਵਸਥਾ ਨੂੰ ਮੁੜ ਸੁਧਾਰਨ ਅਤੇ ਮਜ਼ਬੂਤ ਕੈਨੇਡਾ ਲਈ ਲੋਕਾਂ ਦਾ ਫਤਵਾ ਮੰਗਿਆ
ਬਾਬੂਸ਼ਾਹੀ ਨੈਟਵਰਕ ਨਿਊਜ਼
ਓਟਵਾ, 22 ਮਾਰਚ,2025 - ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਗਵਰਨਰ-ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕਰਕੇ ਹਾਊਸ ਆਫ ਕਾਮਨਜ਼ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ ਅਤੇ 28 ਅਪ੍ਰੈਲ ਨੂੰ ਅਚਨਚੇਤ ਚੋਣਾਂ ਦਾ ਐਲਾਨ ਕੀਤਾ।
ਮੁਲਾਕਾਤ ਤੋਂ ਬਾਅਦ ਰੀਡੋ ਹਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ "ਅਮਰੀਕਾ ਫਸਟ" ਏਜੰਡੇ ਦਾ ਜਵਾਬ ਦੇਣ ਅਤੇ ਕੈਨੇਡਾ ਦੀ ਅਰਥਵਿਵਸਥਾ ਨੂੰ ਮੁੜ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਲੋਕਾਂ ਤੋਂ ਸਪੱਸ਼ਟ ਸਮਰਥਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, "ਟਰੰਪ ਦੀਆਂ ਗੈਰ-ਵਾਜਬ ਨੀਤੀਆਂ ਅਤੇ ਸਾਡੀ ਸੁਤੰਤਰਤਾ ਨੂੰ ਚੁਣੌਤੀ ਦੇਣ ਵਾਲੇ ਖਤਰਿਆਂ ਕਾਰਨ ਅਸੀਂ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਸਾਨੂੰ ਇੱਕ ਮਜ਼ਬੂਤ ਅਰਥਵਿਵਸਥਾ ਅਤੇ ਸੁਰੱਖਿਅਤ ਕੈਨੇਡਾ ਦੀ ਲੋੜ ਹੈ।"
ਕਾਰਨੀ ਨੇ ਰਾਸ਼ਟਰਪਤੀ ਟਰੰਪ ਦੀ ਇਸ ਟਿੱਪਣੀ ਦੀ ਸਖ਼ਤ ਆਲੋਚਨਾ ਕੀਤੀ ਕਿ ਕੈਨੇਡਾ ਕੋਈ ਅਸਲ ਦੇਸ਼ ਨਹੀਂ ਹੈ ਅਤੇ ਉਹ ਇਸ ਨੂੰ ਤੋੜ ਕੇ ਅਮਰੀਕਾ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ, "ਅਸੀਂ ਇਹ ਕਦੇ ਨਹੀਂ ਹੋਣ ਦੇਵਾਂਗੇ।" ਇਸ ਦੇ ਨਾਲ ਹੀ, ਉਨ੍ਹਾਂ ਨੇ ਕੰਸਰਵੇਟਿਵ ਲੀਡਰ ਪੀਅਰ ਪੋਲੀਵਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਆਰਥਿਕ ਸੰਕਟ ਦੇ ਸਮੇਂ ਦੇਸ਼ ਨੂੰ ਸੰਭਾਲਣ ਦੇ ਲਾਇਕ ਨਹੀਂ ਹਨ।
ਲਿਬਰਲ ਲੀਡਰ ਨੇ ਆਪਣੇ ਤਜ਼ਰਬੇ ਦਾ ਹਵਾਲਾ ਦਿੰਦਿਆਂ ਕਿਹਾ ਕਿ 2008 ਦੇ ਵਿਸ਼ਵਵਿਆਪੀ ਆਰਥਿਕ ਸੰਕਟ ਦੌਰਾਨ ਬੈਂਕ ਆਫ ਕੈਨੇਡਾ ਦੇ ਗਵਰਨਰ ਅਤੇ ਬ੍ਰੈਕਸਿਟ ਸਮੇਂ ਬੈਂਕ ਆਫ ਇੰਗਲੈਂਡ ਦੇ ਮੁਖੀ ਵਜੋਂ ਉਨ੍ਹਾਂ ਨੇ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ। ਉਨ੍ਹਾਂ ਵਿਰੋਧੀਆਂ ਦੀ ਨਕਾਰਾਤਮਕ ਸੋਚ 'ਤੇ ਤੰਜ ਕੱਸਦਿਆਂ ਕਿਹਾ, "ਜਦੋਂ ਕੁਝ ਕਰਨ ਦੀ ਸਮਰੱਥਾ ਨਾ ਹੋਵੇ ਤਾਂ ਨਕਾਰਾਤਮਕ ਗੱਲਾਂ ਕਰਨਾ ਸੌਖਾ ਹੁੰਦਾ ਹੈ।"
ਲਿਬਰਲ ਪਾਰਟੀ ਇਨ੍ਹਾਂ ਚੋਣਾਂ ਵਿੱਚ ਚੌਥੀ ਵਾਰ ਲੋਕਾਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ, ਉਨ੍ਹਾਂ ਨੇ 2015 ਵਿੱਚ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ ਅਤੇ 2019 ਤੇ 2021 ਵਿੱਚ ਘੱਟਗਿਣਤੀ ਸਰਕਾਰ ਬਣਾਈ।
ਭੰਗ ਹੋਈ ਸੰਸਦ ਵਿੱਚ ਲਿਬਰਲਾਂ ਕੋਲ 152 ਸੀਟਾਂ ਸਨ, ਜਦਕਿ ਕੰਸਰਵੇਟਿਵ ਕੋਲ 120, ਬਲਾਕ ਕਿਊਬੈਕ ਕੋਲ 33, ਐਨਡੀਪੀ ਕੋਲ 24, ਗ੍ਰੀਨ ਪਾਰਟੀ ਕੋਲ 2 ਸੀਟਾਂ ਸਨ, ਨਾਲ ਹੀ 3 ਆਜ਼ਾਦ ਸੀਟਾਂ ਅਤੇ 4 ਸੀਟਾਂ ਖਾਲੀ ਸਨ।
ਇਸ ਵਾਰ ਚੋਣਾਂ ਨਵੀਂ ਹਲਕਾਬੰਦੀ ਅਨੁਸਾਰ ਹੋਣਗੀਆਂ। ਓਨਟਾਰੀਓ ਅਤੇ ਬੀਸੀ ਵਿੱਚ ਇੱਕ-ਇੱਕ ਸੀਟ ਵਾਧੂ ਹੈ, ਜਦਕਿ ਅਲਬਰਟਾ ਵਿੱਚ 3 ਸੀਟਾਂ ਦਾ ਵਾਧਾ ਹੋਇਆ ਹੈ। ਹੁਣ ਹਾਊਸ ਆਫ ਕਾਮਨਜ਼ ਵਿੱਚ ਪਹਿਲਾਂ ਦੀਆਂ 338 ਦੀ ਬਜਾਏ 343 ਸੀਟਾਂ ਹੋਣਗੀਆਂ।