ਬਾਬਾ ਬਲਬੀਰ ਸਿੰਘ ਨੇ ਸਮੁੱਚੇ ਸਿੱਖ ਜਗਤ ਨੂੰ ਅੰਮ੍ਰਿਤਧਾਰੀ ਹੋਣ ਦੀ ਅਪੀਲ ਕੀਤੀ
ਸ੍ਰੀ ਦਮਦਮਾ ਸਾਹਿਬ/ਤਲਵੰਡੀ ਸਾਬੋ:- 25 ਮਾਰਚ 2025 : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਖਾਲਸਾ ਪੰਥ ਨੇ ਸਾਜਨਾ ਦਿਵਸ ਵਿਸਾਖੀ ਸਮੇਂ ਜਿਨ੍ਹਾਂ ਧੀਆਂ, ਪੁੱਤਰਾਂ, ਵੀਰਾਂ, ਭੈਣਾਂ, ਮਾਈ, ਭਾਈ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ ਉਹ ਵੈਸਾਖੀ ਦਿਹਾੜੇ ਤੇ ਜ਼ਰੂਰ ਪ੍ਰਾਪਤ ਕਰਨ ਅਤੇ ਗਰਕ ਰਹੇ ਸਮਾਜ ਨੂੰ ਸੇਧ ਦੇਣ ਵਿੱਚ ਆਪਣੀ ਭੂਮਿਕਾ ਨਿਭਾਉਣ।
ਉਨ੍ਹਾਂ ਕਿਹਾ ਵਿਸਾਖੀ ਦਿਹਾੜੇ ਤੇ ਬੁੱਢਾ ਦਲ ਸਮੇਤ ਸਭ ਦਲ ਪੰਥਾਂ ਵੱਲੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਹੈ। ਸਮਾਜ ਅੰਦਰ ਬਿਪਰਨ ਰੀਤਾਂ ਨੇ ਵੱਡੀ ਪੱਧਰ ਤੇ ਸਾਡਾ ਭਾਰੀ ਨੁਕਸਾਨ ਕੀਤਾ ਹੈ, ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਅੱਜ ਨੌਜਵਾਨ ਬੇਰੁਜ਼ਗਾਰੀ ਕਾਰਨ, ਦੇਹ ਮਾਰੂ ਕੁਰੀਤੀਆਂ ਦਾ ਸ਼ਿਕਾਰ ਹੋ ਕੇ ਆਪਣਾ ਸੋਨੇ ਵਰਗਾ ਕੀਮਤੀ ਜੀਵਨ ਤਬਾਹ ਕਰ ਰਹੇ ਹਨ, ਨਸ਼ਿਆਂ ਕਾਰਨ ਬਹੁਤੇ ਨੌਜਵਾਨ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ, ਜੋ ਨਸ਼ਿਆਂ ਦੀ ਦਲ ਦਲ ਵਿੱਚ ਧਸ ਜਾਣ ਕਾਰਨ ਉਹ ਆਪਣਾ ਤੇ ਮਾਪਿਆਂ, ਰਿਸ਼ਤੇਦਾਰਾਂ ਦਾ ਜੀਵਨ ਨਰਕਕੁੰਭੀ ਬਣਾ ਰਹੇ ਹਨ। ਉਨ੍ਹਾਂ ਕਿਹਾ ਸਮਾਜ ਅੰਦਰ ਨਸ਼ਿਆਂ ਕਾਰਨ, ਅਸਹਿਣਸ਼ੀਲਤਾ, ਕਤਲੋਗਾਰਤ, ਲੁੱਟਾਂ ਖੋਹਾਂ, ਰਿਸ਼ਤਿਆਂ ਦਾ ਮਲੀਆਮੇਟ ਜਿਸ ਰਫਤਾਰ ਨਾਲ ਵੱਧ ਰਿਹਾ ਹੈ ਇਸ ਤੋਂ ਜਾਪਦਾ ਹੈ ਕਿ ਅਸੀਂ ਸਾਰੇ ਬਰਬਾਦੀ ਵੱਲ ਵਧ ਰਹੇ ਹਾਂ। ਉਨ੍ਹਾਂ ਕਿਹਾ ਧਾਰਮਿਕ ਸੰਸਥਾਵਾਂ, ਸੰਤ ਮਹਾਪੁਰਸ਼ ਸਮਾਜ ਦੇ ਭਲੇ ਦੀਆਂ ਚਾਹਵਾਨ ਜਥੇਬੰਦੀਆਂ ਨੂੰ ਇਸ ਬਰਬਾਦੀ ਨੂੰ ਰੋਕਣ ਲਈ ਸਾਰਥਿਕ ਜਤਨ ਕਰਨੇ ਚਾਹੀਦੇ ਹਨ।
ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਨਸ਼ਿਆਂ ਨੇ ਬਹੁਤ ਚੰਗੇ ਚੰਗੇ ਘਰ ਤਬਾਹ ਕਰ ਦਿਤੇ ਹਨ, ਭਾਵੇਂ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਹਨ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ, ਪਰ ਨਸ਼ਿਆਂ ਦੀ ਸਮਗਲਿੰਗ ਦੇ ਹਮਲੇ ਰੁਕ ਨਹੀਂ ਰਹੇ। ਉਨ੍ਹਾਂ ਕਿਹਾ ਪ੍ਰਸ਼ਾਸਨ ਤੇ ਸਮਾਜਕ ਜਥੇਬੰਦੀਆਂ ਨਿਰਸੁਆਰਥ ਇੱਕ ਜੁੱਟ ਹੋ ਕੇ ਨਸ਼ਿਆਂ ਵਿਰੁੱਧ ਕੰਮ ਕਰਨ ਤਾਂ ਸਾਰਥਿਕ ਸਿੱਟੇ ਆ ਸਕਦੇ ਹਨ। ਉਨ੍ਹਾਂ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਆਪਣੇ ਪਰੀਵਾਰਾਂ ਦੀ ਖੁਸ਼ਹਾਲੀ ਲਈ ਆਪ ਅਤੇ ਆਪਣੇ ਧੀਆਂ, ਪੁੱਤਰਾਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਲਈ ਵੈਸਾਖੀ ਦਿਹਾੜੇ ਤੇ ਅੰਮ੍ਰਿਤਧਾਰੀ ਜ਼ਰੂਰ ਬਨਾਉਣ। ਉਨ੍ਹਾਂ ਕਿਹਾ ਗੁਰੂ ਸਾਹਿਬਾਨ ਵੱਲੋਂ ਸਾਜੀ ਨਿਵਾਜਿਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਥਾਂ ਥਾਂ ਪੜਾਅ ਕਰਕੇ ਸੰਗਤਾਂ ਨੂੰ ਗੁਰੂ ਲੜ ਲਾਉਂਦਾ ਆ ਰਿਹਾ ਹੈ ਅਤੇ ਆਪਣੇ ਸਾਧਨਾਂ ਰਾਹੀਂ ਨੌਜਵਾਨਾਂ ਨੂੰ ਗੁਰੂ ਵੱਲੋਂ ਬਖਸ਼ੇ ਮਾਰਗ ਦੇ ਪਾਂਧੀ ਬਨਣ ਲਈ ਅੰਮ੍ਰਿਤਧਾਰੀ ਹੋਣ ਦੀ ਅਪੀਲ ਕਰਦਾ ਹੈ।