ਨਹਿਰੀ ਜਲ ਸਪਲਾਈ ਪ੍ਰੋਜੈਕਟ: ਕੈਬਨਿਟ ਮੰਤਰੀ ਮੁੰਡੀਆਂ ਨੇ 47.30 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
- ਨਹਿਰੀ ਜਲ ਸਪਲਾਈ ਪ੍ਰੋਜੈਕਟ: ਕੈਬਨਿਟ ਮੰਤਰੀ ਮੁੰਡੀਆਂ ਅਤੇ ਮੇਅਰ ਇੰਦਰਜੀਤ ਕੌਰ ਨੇ ਭਾਮੀਆਂ ਇਲਾਕੇ ਵਿੱਚ ਦੋ ਪਾਣੀ ਦੀਆਂ ਟੈਂਕੀਆਂ ਦੇ ਨਿਰਮਾਣ ਅਤੇ ਸੰਬੰਧਿਤ ਪਾਈਪਲਾਈਨ ਵਿਛਾਉਣ ਲਈ 47.30 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
- ਨਹਿਰੀ ਜਲ ਸਪਲਾਈ ਪ੍ਰੋਜੈਕਟ ਤਹਿਤ ਨਿਵਾਸੀਆਂ ਨੂੰ ਘਰਾਂ ਵਿੱਚ ਸਾਫ਼, ਟ੍ਰੀਟ ਕੀਤਾ ਗਿਆ ਸਤਹੀ ਪਾਣੀ ਮਿਲੇਗਾ- ਕੈਬਨਿਟ ਮੰਤਰੀ ਮੁੰਡੀਆਂ
ਸੁਖਮਿੰਦਰ ਭੰਗੂ
ਲੁਧਿਆਣਾ, 12 ਅਪ੍ਰੈਲ 2025 = ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਜਨਤਾ ਨੂੰ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਦੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ, ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸ਼ਨੀਵਾਰ ਨੂੰ ਵਰਲਡ ਬੈਂਕ ਦੁਆਰਾ ਫੰਡ ਪ੍ਰਾਪਤ ਨਹਿਰੀ ਜਲ ਸਪਲਾਈ ਪ੍ਰੋਜੈਕਟ ਤਹਿਤ ਭਾਮੀਆਂ ਇਲਾਕੇ (ਵਾਰਡ ਨੰਬਰ 22) ਵਿੱਚ ਦੋ ਪਾਣੀ ਦੀਆਂ ਟੈਂਕੀਆਂ ਦੇ ਨਿਰਮਾਣ ਅਤੇ ਸੰਬੰਧਿਤ ਪਾਈਪਲਾਈਨ ਵਿਛਾਉਣ ਲਈ ਲਗਭਗ 47.30 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ।
ਜਦੋਂ ਕਿ ਪਾਣੀ ਦੀਆਂ ਟੈਂਕੀਆਂ ਲਗਭਗ 7.30 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ, ਸੰਬੰਧਿਤ ਵਾਟਰ ਸਪਲਾਈ ਪਾਈਪਲਾਈਨ ਲਗਭਗ 40 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਈ ਜਾਵੇਗੀ।
ਇਸ ਮੌਕੇ ਕੌਂਸਲਰ ਜਸਪਾਲ ਸਿੰਘ ਗਰੇਵਾਲ, ਨਗਰ ਨਿਗਮ ਦੇ ਮੁੱਖ ਇੰਜੀਨੀਅਰ ਰਵਿੰਦਰ ਗਰਗ, ਕਾਰਜਕਾਰੀ ਇੰਜੀਨੀਅਰ ਪਰਸ਼ੋਤਮ ਸਿੰਘ, ਪੀ.ਆਈ.ਯੂ ਦੇ ਕਾਰਜਕਾਰੀ ਇੰਜੀਨੀਅਰ ਅਮਰਜੀਤ ਸਿੰਘ, ਏ.ਈ ਜਰਨੈਲ ਸਿੰਘ ਅਤੇ ਮਨਿੰਦਰ ਸਿੰਘ, ਸੰਚਾਰ ਮਾਹਰ ਜਸਪ੍ਰੀਤ ਸਿੰਘ ਸਮੇਤ ਹੋਰ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਲਗਭਗ 31.40 ਲੱਖ ਲੀਟਰ ਦੀ ਸਮਰੱਥਾ ਵਾਲੀਆਂ ਦੋ ਪਾਣੀ ਦੀਆਂ ਟੈਂਕੀਆਂ ਤ੍ਰਿਕੋਨਾ ਪਾਰਕ, ਭਾਮੀਆਂ ਅਤੇ ਅੰਸਲ ਐਨਕਲੇਵ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਨਹਿਰੀ ਜਲ ਸਪਲਾਈ ਪ੍ਰੋਜੈਕਟ ਤਹਿਤ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਪਾਣੀ ਦੀਆਂ ਟੈਂਕੀਆਂ ਬਣਾਈਆਂ ਜਾ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਪਿੰਡ ਬਿਲਗਾ (ਨੇੜੇ ਸਾਹਨੇਵਾਲ) ਵਿੱਚ ਇੱਕ ਵਿਸ਼ਵ ਪੱਧਰੀ ਵਾਟਰ ਟ੍ਰੀਟਮੈਂਟ ਪਲਾਂਟ (ਡਬਲਯੂ.ਟੀ.ਪੀ) ਬਣਾਇਆ ਜਾਵੇਗਾ ਜਿੱਥੋਂ ਸ਼ਹਿਰ ਨੂੰ ਟ੍ਰੀਟ ਕੀਤਾ ਸਤਹੀ ਪਾਣੀ ਸਪਲਾਈ ਕੀਤਾ ਜਾਵੇਗਾ। ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਦਾ ਪਹਿਲਾ ਪੜਾਅ ਲਗਭਗ 1300 ਕਰੋੜ ਰੁਪਏ (ਸਿਵਲ ਵਰਕਸ) ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਮੁੰਡੀਆਂ ਅਤੇ ਮੇਅਰ ਇੰਦਰਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਨ੍ਹਾਂ ਦੀ ਮਜ਼ਬੂਤ ਅਗਵਾਈ ਅਤੇ ਨਾਗਰਿਕਾਂ ਨੂੰ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧਤਾ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਲਗਾਤਾਰ ਵੱਡੀਆਂ ਲੋਕ-ਕੇਂਦ੍ਰਿਤ ਪਹਿਲਕਦਮੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਹੋਰ ਵਿਕਾਸ ਪ੍ਰੋਜੈਕਟ ਵੀ ਸ਼ੁਰੂ ਕੀਤੇ ਜਾਣਗੇ।
ਕੈਬਨਿਟ ਮੰਤਰੀ ਮੁੰਡੀਆਂ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਜਨਤਾ ਨੂੰ ਪਾਣੀ ਦੀ ਬਰਬਾਦੀ ਰੋਕਣ ਅਤੇ ਸ਼ਹਿਰ ਨੂੰ ਸਾਫ਼ ਅਤੇ ਹਰਾ-ਭਰਾ ਰੱਖਣ ਵਿੱਚ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਵੀ ਅਪੀਲ ਕੀਤੀ।