ਲੁਧਿਆਣਾ ਪੁਲਿਸ ਵੱਲੋਂ 130 ਗੁੰਮ/ਖੋਹ/ਚੋਰੀ ਹੋਏ ਮੋਬਾਈਲ ਫ਼ੋਨ ਬਰਾਮਦ ਕਰ ਕੇ ਮਾਲਕਾਂ ਨੂੰ ਵਾਪਸ ਕੀਤੇ ਗਏ
ਸੁਖਮਿੰਦਰ ਭੰਗੂ
ਲੁਧਿਆਣਾ 12 ਅਪਰੈਲ 2025 - ਲੁਧਿਆਣਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਅਤੇ ਚੋਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਪਿਛਲੇ ਕੁੱਝ ਸਮੇਂ ਤੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਆਮ ਪਬਲਿਕ ਪਾਸੋਂ ਕਈ ਸ਼ਰਾਰਤੀ ਅਨਸਰ ਉਨ੍ਹਾਂ ਦੇ ਮੋਬਾਈਲ ਫ਼ੋਨ ਖੋਹ/ਚੋਰੀ ਕਰ ਕੇ ਲੈ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਵਿੱਤੀ ਨੁਕਸਾਨ ਤੋਂ ਇਲਾਵਾ ਮਾਨਸਿਕ ਪੀੜਾ ਵੀ ਸਹਿਣ ਕਰਨੀ ਪੈਂਦੀ ਹੈ।
ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਵਪਨ ਸ਼ਰਮਾ IPS ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਪਬਲਿਕ ਦੇ ਗੁੰਮ/ਖੋਹ/ਚੋਰੀ ਹੋਏ ਮੋਬਾਈਲ ਫੋਨਾਂ ਨੂੰ ਤੁਰੰਤ ਇਤਲਾਹ ਮਿਲਣ ਤੇ ਟਰੇਸ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਅਤੇ ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਅਤੇ ਇਹਨਾਂ ਆਮ ਲੋਕਾਂ ਦੇ ਗੁੰਮ/ਖੋਹ/ਚੋਰੀ ਹੋਏ 130 ਮੋਬਾਈਲ ਫ਼ੋਨ ਵੱਖ-ਵੱਖ ਮਾਰਕਾ ਟਰੇਸ ਕਰ ਕੇ ਬਰਾਮਦ ਕੀਤੇ ਗਏ । ਇਹ ਟਰੇਸ ਕੀਤੇ ਮੋਬਾਈਲ ਫ਼ੋਨ ਮਹਿੰਗੇ ਅਤੇ ਸਮਾਰਟ ਫ਼ੋਨ ਵੀ ਸਨ । ਪਬਲਿਕ ਦੇ ਹਿੱਤਾਂ ਦੀ ਰਾਖੀ ਕਰਦਿਆਂ ਹੋਇਆਂ ਪੁਲਿਸ ਦੇ ਯਤਨਾਂ ਸਦਕਾ ਇਹਨਾਂ ਬਰਾਮਦ ਕੀਤੇ ਮੋਬਾਈਲ ਫੋਨਾਂ ਨੂੰ ਅੱਜ ਵਾਰਸਾਂ ਦੇ ਸਪੁਰਦ ਕੀਤੇ ਗਏ ।
ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜਦੋਂ ਕਿਸੇ ਵੀ ਵਿਅਕਤੀ ਦਾ ਮੋਬਾਈਲ ਫ਼ੋਨ ਗੁੰਮ ਹੁੰਦਾ ਹੈ ਤਾਂ ਉਸ ਦੀ ਇਤਲਾਹ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ/ਸਾਂਝ ਕੇਂਦਰ ਜ਼ਰੂਰ ਦਿੱਤੀ ਜਾਵੇ ਤਾਂ ਜੋ ਸ਼ਰਾਰਤੀ ਅਨਸਰ ਇਹਨਾਂ ਮੋਬਾਈਲ ਫੋਨਾਂ ਦਾ ਗ਼ਲਤ ਇਸਤੇਮਾਲ ਨਾ ਕਰ ਸਕਣ।