ਸੰਜੀਵ ਅਰੋੜਾ ਨੇ ਆਪਣੀ ਮੁਹਿੰਮ ਕੀਤੀ ਤੇਜ਼; ਲੁਧਿਆਣਾ ਪੱਛਮੀ ਵਿੱਚ ਬੂਥ ਪੱਧਰੀ ਸੰਪਰਕ ਮੁਹਿੰਮ ਸ਼ੁਰੂ
ਲੁਧਿਆਣਾ, 12 ਅਪ੍ਰੈਲ, 2025: ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਪਾਰਟੀ ਵਰਕਰਾਂ ਅਤੇ ਸਥਾਨਕ ਨਿਵਾਸੀਆਂ ਨਾਲ ਬੂਥ ਪੱਧਰੀ ਮੀਟਿੰਗਾਂ ਸ਼ੁਰੂ ਕਰਕੇ ਆਉਣ ਵਾਲੀਆਂ ਉਪ ਚੋਣਾਂ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਅਰੋੜਾ ਨੇ ਸ਼ੁੱਕਰਵਾਰ ਦੇਰ ਸ਼ਾਮ ਇਹ ਮੀਟਿੰਗਾਂ ਸ਼ੁਰੂ ਕੀਤੀਆਂ, ਜਿਸ ਵਿੱਚ ਪੰਜਾਬ ਮਾਤਾ ਨਗਰ (ਸਟਰੀਟ ਨੰ. 19) ਅਤੇ ਪ੍ਰਕਾਸ਼ ਨਗਰ ਕਮਿਊਨਿਟੀ ਸੈਂਟਰ (ਵਾਰਡ ਨੰ. 54), ਆਈ ਬਲਾਕ, ਬੀਆਰਐਸ ਨਗਰ ਪਾਰਕ, ਸੁਨੇਤ ਪੋਸਟ ਆਫਿਸ ਰੋਡ (ਵਾਰਡ ਨੰ. 57), ਜ਼ੈੱਡ ਬਲਾਕ, ਬੈਕ ਸਾਈਡ ਵੂਮੈਨ ਸੈੱਲ (ਵਾਰਡ ਨੰ. 62) ਅਤੇ ਰਾਜਪੁਰਾ ਪਿੰਡ (ਵਾਰਡ ਨੰ. 69) ਵਰਗੇ ਕਈ ਮੁੱਖ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ। ਮੀਟਿੰਗਾਂ ਦੇਰ ਸ਼ਾਮ ਤੱਕ ਜਾਰੀ ਰਹੀਆਂ ਅਤੇ ਲੋਕਾਂ ਨੇ ਉਤਸ਼ਾਹ ਨਾਲ ਇਨ੍ਹਾਂ ਵਿੱਚ ਹਿੱਸਾ ਲਿਆ।
ਇਸ ਮੌਕੇ ਹਨੀ ਮਾਹਲਾ, ਅਮਰਿੰਦਰ ਪਾਲ ਸਿੰਘ, ਸੁਖਜਿੰਦਰ ਕਾਉਣੀ, ਵਿੱਕੀ ਗਨੌਰ, ਅਜੇ ਸ਼ਰਮਾ, ਪਵਨ ਅਰੋੜਾ, ਗੌਰਵ ਪੁਰੀ ਅਤੇ ਬਿੱਟੂ ਭੁੱਲਰ ਸਮੇਤ ਵੱਡੀ ਗਿਣਤੀ 'ਚ 'ਆਪ' ਵਰਕਰ ਅਤੇ ਸਮਰਥਕ ਹਾਜ਼ਰ ਸਨ।
ਇਨ੍ਹਾਂ ਮੀਟਿੰਗਾਂ ਵਿੱਚ ਲੋਕਾਂ ਦੀ ਉਤਸ਼ਾਹੀ ਹਾਜ਼ਰੀ ਨੂੰ ਅਰੋੜਾ ਦੀ ਅਗਵਾਈ ਵਿੱਚ ਉਨ੍ਹਾਂ ਦੇ ਵਿਸ਼ਵਾਸ ਦੇ ਪ੍ਰਤੀਬਿੰਬ ਵਜੋਂ ਦੇਖਿਆ ਗਿਆ। ਆਪਣੀ ਵਿਹਾਰਕ ਪਹੁੰਚ ਦਿਖਾਉਂਦੇ ਹੋਏ, ਅਰੋੜਾ ਨੇ ਹਰੇਕ ਸਥਾਨ 'ਤੇ ਮੌਜੂਦ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਸਮਾਂ ਕੱਢਿਆ ਅਤੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੌਕੇ 'ਤੇ ਹੀ ਨਿਰਦੇਸ਼ ਜਾਰੀ ਕੀਤੇ।
ਇਕੱਠਾਂ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਪਿਛਲੇ ਤਿੰਨ ਸਾਲਾਂ ਵਿੱਚ ਸੰਸਦ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਵੱਖ-ਵੱਖ ਵਿਕਾਸ ਕੰਮਾਂ 'ਤੇ ਚਾਨਣਾ ਪਾਇਆ। ਲੁਧਿਆਣਾ ਦੀ ਤਰੱਕੀ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਉਨ੍ਹਾਂ ਆਉਣ ਵਾਲੀਆਂ ਚੋਣਾਂ ਵਿੱਚ ਫੈਸਲਾਕੁੰਨ ਜਿੱਤ ਪ੍ਰਾਪਤ ਕਰਨ ਲਈ ਲੋਕਾਂ ਤੋਂ ਸਮਰਥਨ ਦੀ ਮੰਗ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ "ਲੋਕ-ਪੱਖੀ" ਨੀਤੀਆਂ ਦੀ ਵੀ ਪ੍ਰਸ਼ੰਸਾ ਕੀਤੀ।
ਇਨ੍ਹਾਂ ਮੀਟਿੰਗਾਂ ਵਿੱਚ ਅਰੋੜਾ ਦਾ ਨਿੱਘਾ ਸਵਾਗਤ ਕੀਤਾ ਗਿਆ। ਲੋਕਾਂ ਨੇ ਉਨ੍ਹਾਂ ਨੂੰ ਹਾਰ ਵੀ ਪਹਿਨਾਏ।
ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਸ਼ਾਮਲ ਹੋਏ।