Babushahi Special: 'ਅੰਨ੍ਹਾਂ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ ਦੇ’ ਬਣੀ ਅਫਸਰਾਂ ਦੀ ਕਲੋਨੀ ਵਿੱਚ ਪਾਣੀ ਦੀ ਸਪਲਾਈ
ਅਸ਼ੋਕ ਵਰਮਾ
ਬਠਿੰਡਾ,11ਅਪ੍ਰੈਲ2025: ਪੰਜਾਬੀ ਕਹਾਵਤ ‘ਅੰਨ੍ਹਾਂ ਵੰਡੇ ਸ਼ੀਰਨੀ ਮੁੜ ਮੁੜ ਘਰਦਿਆਂ ਨੂੰ ਦੇਹ’ ਨਗਰ ਨਿਗਮ ਬਠਿੰਡਾ ਦੀ ਰਿਹਾਇਸ਼ੀ ਕਲੋਨੀ ਤੇ ਪੂਰੀ ਤਰਾਂ ਫਿੱਟ ਬੈਠਦੀ ਹੈ ਜਿੱਥੇ ਅਫਸਰਾਂ ਨੂੰ ਪਾਣੀ ਦੇ ਸਦਾ ਗੱਫੇ ਮਿਲਦੇ ਹਨ ਜਦੋਂਕਿ ਆਮ ਲੋਕਾਂ ਨੂੰ ਧੱਫਿਆਂ ਦੀ ਮਾਰ ਸਹਿਣੀ ਪੈ ਰਹੀ ਹੈ। ਮਾਮਲਾ ਜੌਗਰ ਪਾਰਕ ਦੇ ਨਜ਼ਦੀਕ ਬਣੀ ਨਗਰ ਨਿਗਮ ਦੀ ਕਲੋਨੀ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਾਲ ਜੁੜਿਆ ਹੋਇਆ ਹੈ । ਇਸ ਕਲੋਨੀ ਵਿੱਚ ਨਹਿਰ ਬੰਦੀ ਦੌਰਾਨ ਵੀ ਪਾਣੀ ਦੀ ਘਾਟ ਨਹੀਂ ਹੈ ਜਦੋਂਕਿ ਸ਼ਹਿਰ ਦੇ ਵੱਡੀ ਗਿਣਤੀ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਪਾਣੀ ਦਾ ਤਰਸੇਵਾਂ ਬਣਿਆ ਹੋਇਆ ਹੈ। ਹੁਣ ਜਦੋਂ ਗਰਮੀ ਦਾ ਪਾਰ 43 ਡਿਗਰੀ ਨੂੰ ਪਾਰ ਕਰਕੇ 45 ਡਿਗਰੀ ਵੱਲ ਵਧਣ ਲੱਗਿਆ ਹੈ ਤਾਂ ਪਾਣੀ ਦੀ ਜਰੂਰਤ ਵਧ ਗਈ ਹੈ ਪਰ ਸਪਲਾਈ ’ਚ ਕਟੌਤੀ ਹੋਣ ਲੱਗੀ ਹੈ।
ਸੂਤਰ ਦੱਸਦੇ ਹਨ ਕਿ ਨਗਰ ਨਿਗਮ ਦੇ ਅਫਸਰਾਂ ਦੀ ਰਿਹਾਇਸ਼ੀ ਕਲੋਨੀ ’ਚ ਪੀਣ ਵਾਲੇ ਪਾਣੀ ਦੀ ਹਾਟਲਾਈਨ ਸਪਲਾਈ ਹੈ ਜਿਸ ਕਰਕੇ ਇੱਥੇ ਪਾਣੀ ਦੀ ਕੋਈ ਤੋਟ ਨਹੀਂ ਰਹਿੰਦੀ ਹੈ। ਹੁਣ ਜਦੋਂ ਨਹਿਰੀ ਵਿਭਾਗ ਨੇ ਨਹਿਰ ਨਹਿਰ ਬੰਦ ਕੀਤੀ ਹੈ ਤਾਂ ਪਾਣੀ ਕਾਰਨ ਲੋਕਾਂ ਦੇ ਸੰਘ ਸੁੱਕੇ ਪਏ ਹਨ ਤਾਂ ਵੀ ਨਗਰ ਨਿਗਮ ਦੀ ਕਲੋਨੀ ਨੂੰ ਪਾਣੀ ਲਗਾਤਾਰ ਮਿਲ ਰਿਹਾ ਹੈ ਅਤੇ ਆਮ ਦਿਨਾਂ ਵਿੱਚ ਵੀ ਕਲੋਨੀ ’ਚ ਰਹਿਣ ਵਾਲਿਆਂ ਨੂੰ ਪਾਣੀ ਦੀ ਪੂਰਤੀ ਲਈ ਤਰਸਣਾ ਨਹੀਂ ਪੈਂਦਾ ਹੈ। ਸੂਤਰਾਂ ਨੇ ਦੱਸਿਆ ਹੈ ਕਿ ਕਲੋਨੀ ਵਿੱਚ ਨਗਰ ਨਿਗਮ ਦੇ ਕਈ ਅਫਸਰਾਂ ਦੀ ਰਿਹਾਇਸ਼ ਹੈ ਜਿਸ ਕਰਕੇ ਪਾਣੀ ਦੇ ਪੱਖ ਤੋਂ ਮਿਹਰ ਦੀ ਨਜ਼ਰ ਰੱਖੀ ਜਾਂਦੀ ਹੈ। ਹਾਲਾਂਕਿ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਹੈ ਪਰ ਸੂਤਰ ਦਇਆ ਦ੍ਰਿਸ਼ਟੀ ਦੀ ਪੁਸ਼ਟੀ ਕਰ ਰਹੇ ਹਨ।
ਦੇਖਣ ’ਚ ਆਇਆ ਹੈ ਕਿ ਕਿੱਲਤ ਕਾਰਨ ਸ਼ਹਿਰ ਦੇ ਕਈ ਥਾਈਂ ਲੋਕ ਰਾਤਾਂ ਜਾਗ ਕੇ ਮੋਟਰਾਂ ਨਾਲ ਪਾਣੀ ਭਰਨ ਲਈ ਮਜਬੂਰ ਹਨ ਜਦੋਂਕਿ ਕਈ ਵਾਰ ਤਾਂ ਉਨੀਂਦਰਾ ਕੱਟਣਾ ਪੈਂਦਾ ਹੈ । ਜੋ ਸਰਕਾਰੀ ਮੁਲਾਜ਼ਮ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਪਾਣੀ ਕਰਕੇ ਕਈ ਦਫਾ ਉਹ ਦਫਤਰ ਜਾਣ ਤੋਂ ਲੇਟ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਇਲਾਕੇ ਵਿੱਚ ਤਾਂ ਕਾਫੀ ਦਿਨਾਂ ਤੋਂ ਪਾਣੀ ਦੀ ਸਮੱਸਿਆ ਬਣੀ ਹੋਈ ਹੈ। ਨਗਰ ਨਿਗਮ ਨੇ ਸੌ ਫੀਸਦੀ ਸੀਵਰੇਜ਼ ਪਾਣੀ ਪ੍ਰਜੈਕਟ ਵੀ ਸ਼ੁਰੂ ਕੀਤਾ ਸੀ ਫਿਰ ਵੀ ਸ਼ਹਿਰ ਦੀ 20 ਤੋਂ 30 ਫੀਸਦੀ ਆਬਾਦੀ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਸੱਖਣੀ ਹੈ। ਲੋਕ ਆਖਦੇ ਹਨ ਕਿ ਨਗਰ ਨਿਗਮ ਪਾਣੀ ਦਾ ਬਿੱਲ ਤਾਂ ਦਿੰਦਾ ਹੈ ਪਰ ਪਾਣੀ ਨਹੀਂ। ਜਲ ਸਪਲਾਈ ਵਿਭਾਗ ਦੇ ਇੱਕ ਮੁਲਾਜਮ ਨੇ ਆਪਣਾ ਨਾਮ ਤਾਂ ਨਹੀਂ ਦੱਸਿਆ ਪਰ ਅਸਲੀਅਤ ਜਰੂਰ ਬਿਆਨ ਕੀਤੀ।
ਉਨ੍ਹਾਂ ਦੱਸਿਆ ਕਿ ਜੇਕਰ ਥਰਮਲ ਦੀਆਂ ਝੀਲਾਂ ਦਾ ਪਾਣੀ ਵਰਤਣ ਦਾ ਪ੍ਰਜੈਕਟ ਸਿਰੇ ਚੜ੍ਹ ਜਾਂਦਾ ਤਾਂ ਸਮੱਸਿਆ ਲੱਗਭਗ ਖਤਮ ਵਾਂਗ ਹੋ ਜਾਣੀ ਸੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪਾਣਾ ਸੰਜਮ ਨਾਲ ਵਰਤਣ ਦੀ ਸਲਾਹ ਦਿੱਤੀ। ਸੇਵਾਮੁਕਤ ਮੁਲਾਜਮ ਬਲਵੰਤ ਸਿੰਘ ਦਾ ਕਹਿਣਾ ਸੀ ਕਿ ਜਦੋਂ ਅਫਸਰ ਗੂੜ੍ਹੀ ਨੀਂਦ ਸੁੱਤੇ ਹੁੰਦੇ ਹਨ ਤਾਂ ਆਮ ਆਦਮੀ ਨੂੰ ਪਾਣੀ ਖਾਤਰ ਜਾਗਣਾ ਪਵੇ ਇਹ ਤਾਂ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਦੱਸਿਆ ਕਿ ਮੋਟਰ ਤੋਂ ਬਗੈਰ ਪਾਣੀ ਚੜ੍ਹਦਾ ਨਹੀਂ ਕਿਉਂਕਿ ਪ੍ਰੈਸ਼ਰ ਹੀ ਨਹੀਂ ਹੁੰਦਾ ਹੈ। ਸ਼ਹਿਰ ਵਾਸੀਆਂ ਦਾ ਪ੍ਰਤੀਕਰਮ ਹੈ ਕਿ ਅਫਸਰਸ਼ਾਹੀ ਲਈ ਸਦਾ ਹੀ ਕਾਇਦਾ ਕਾਨੂੰਨ ਵੱਖਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਪਾਣੀ ਦੀ ਕਿੱਲਤ ਕਰਕੇ ਲੋਕਾਂ ਨੂੰ ਧਰਤੀ ਹੇਠਲਾ ਮਾੜਾ ਪਾਣੀ ਪੀਣਾ ਪੈ ਰਿਹਾ ਹੈ ਜੋ ਨਗਰ ਨਿਗਮ ਟੈਂਕੀਆਂ ਰਾਹੀਂ ਸਪਲਾਈ ਕਰਦਾ ਹੈ।
ਲੋਕਾਂ ਦੀ ਨੀਂਦ ਤੇ ਫਿਰਿਆ ਪਾਣੀ
ਸੇਵਾਮੁਕਤ ਡਿਪਟੀ ਮੈਡੀਕਲ ਕਮਿਸ਼ਨਰ ਤੇ ਜਮਹੂਰੀ ਅਧਿਕਾਰ ਸਭਾ ਬਠਿੰਡਾ ਦੇ ਪ੍ਰਚਾਰ ਸਕੱਤਰ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਕਈ ਮੁਹੱਲਿਆਂ ’ਚ ਤਾਂ ਪਾਣੀ ਭਰਨ ਲਈ ਜਲਦੀ ਉੱਠਣਾ ਪੈਂਦਾ ਹੈ ਜਦੋਂਕਿ ਪਹਿਲਾਂ ਇਸ ਕਰਕੇ ਨੀਂਦ ਨਹੀਂ ਆਉਂਦੀ ਕਿ ਕਿਤੇ ਸੁੱਤਿਆਂ ਮੋਟਰ ਚਲਾਉਣੀ ਹੀ ਨਾ ਭੁੱਲ ਜਾਈਏ। ਉਨ੍ਹਾਂ ਕਿਹਾ ਕਿ ਦਾਅਵਿਆਂ ਦੇ ਬਾਵਜੂਦ ਨਗਰ ਨਿਗਮ ਸ਼ਹਿਰ ਵੀ ਪਾਣੀ ਦੀ ਢੁੱਕਵੀਂ ਪੂਰਤੀ ਨਹੀਂ ਕਰ ਸਕਿਆ ਪਰ ਅਫਸਰਸ਼ਾਹੀ ਨੂੰ ਮੌਜ ਲੱਗੀ ਹੋਈ ਹੈ।
ਵਿਤਕਰੇ ਵਾਲਾ ਵਰਤਾਰਾ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਬੱਗਾ ਸਿੰਘ ਦਾ ਕਹਿਣਾ ਸੀ ਕਿ ਇਹ ਗੈਰਜਮਹੂਰੀ ਤੇ ਵਿਤਕਰੇ ਵਾਲਾ ਵਰਤਾਰਾ ਅਤੇ ਨਿਗਮ ਦੇ ਦੂਹਰੇ ਮਾਪਦੰਡ ਹਨ। ਉਨ੍ਹਾਂ ਕਿਹਾ ਕਿ ਬਿੱਲ ਦੇਣ ਵਾਲਿਆਂ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਜਦੋਂਕਿ ਅਫਸਰਾਂ ਵੱਲੋਂ 24 ਘੰਟੇ ਸਹੂਲਤ ਮਾਣੀ ਜਾ ਰਹੀ ਹੈ।
ਟੈਂਕੀ ਨਜ਼ਦੀਕ ਕਰਕੇ ਪਾਣੀ ਜਿਆਦਾ
ਨਗਰ ਨਿਗਮ ਦੇ ਜਲ ਸਪਲਾਈ ਵਿੰਗ ਦੇ ਐਸਡੀਓ ਵਿਕਰਮਜੀਤ ਸਿੰਘ ਦਾ ਕਹਿਣਾ ਸੀ ਕਿ ਜਦੋਂ ਦਾ ਜਲ ਘਰ ਬਣਿਆ ਹੈ ਤਾਂ ਉਦੋਂ ਦੀ ਕਲੋਨੀ ਲਈ ਇੱਕ ਪਾਈਪ ਪਾਈ ਹੋਈ ਹੈ ਜਿਸ ’ਚ ਟੈਂਕੀ ਨਜ਼ਦੀਕ ਹੋਣ ਕਰਕੇ ਪਾਣੀ ਜਿਆਦਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਨਹਿਰ ਬੰਦ ਹੋਣ ਦੇ ਬਾਵਜੂਦ ਸ਼ਹਿਰ ਦੇ ਵੱਡੇ ਹਿੱਸੇ ਨੂੰ ਦਿਨ ’ਚ ਦੋ ਵਾਰ ਪਾਣੀ ਸਪਲਾਈ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਬਹੁਤ ਘੱਟ ਇਲਾਕਾ ਹੈ ਜਿੱਥੇ ਇੱਕ ਵਾਰ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਨੇ ਝੀਲਾਂ ਦੇ ਪਾਣੀ ਲਈ ਪ੍ਰਜੈਕਟ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਬਾਅਦ ਇਹ ਪਾਣੀ ਸ਼ਹਿਰ ’ਚ ਸਪਲਾਈ ਲਈ ਵਰਤਣਾ ਸ਼ੁਰੂ ਕਰ ਦਿੱਤਾ ਜਾਏਗਾ ਜਿਸ ਨਾਲ ਸੰਕਟ ਨਹੀਂ ਰਹਿ ਜਾਣਾ ਹੈ।