ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਵਿਖਾਈ ਪੰਜਾਬ ਸਿੱਖਿਆ ਕ੍ਰਾਂਤੀ ਲਹਿਰ
-4 ਸਕੂਲਾਂ ਵਿਚ 3 ਕਰੋੜ 10 ਲੱਖ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਪੰਜਾਬ ਸਰਕਾਰ ਦੇ ਕੀਤੇ ਵਿਕਾਸ ਕਾਰਜਾਂ ਤੋਂ ਲੋਕ ਭਲੀਭਾਂਤ ਜਾਣੂੰ, ਲੋਕਾਂ ਨੂੰ ਗੁੰਮਰਾਹ ਨਾ ਕਰਨ ਦੂਜੀਆਂ ਪਾਰਟੀਆਂ-ਨਰਿੰਦਰ ਪਾਲ ਸਿੰਘ ਸਵਨਾ
ਸਰਹੱਦੀ ਇਲਾਕੇ ਦੇ ਸਕੁਲਾਂ ਦਾ ਹੋਇਆ ਸਰਵਪੱਖੀ ਵਿਕਾਸ,
ਫਾਜ਼ਿਲਕਾ, 11 ਅਪ੍ਰੈਲ
ਪੰਜਾਬ ਸਿਖਿਆ ਕ੍ਰਾਂਤੀ ਪ੍ਰੋਜੈਕਟ ਤਹਿਤ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਲਾਧੂਕਾ ਅਤੇ ਮੰਡੀ ਲਾਧੂਕਾ ਦੇ 4 ਸਕੂਲਾਂ ਵਿਚ ਅੱਜ 3 ਕਰੋੜ 10 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਮੌਕੇ ਤੇ ਜਮੀਨੀ ਪੱਧਰ ਤੇ ਹੋ ਰਹੇ ਵਿਕਾਸ ਕਾਰਜਾਂ ਦੀ ਝਲਕ ਵਿਖਾ ਕੇ ਲੋਕਾਂ ਨੂੰ ਸਿੱਖਿਆ ਕ੍ਰਾਂਤੀ ਦੀ ਲਹਿਰ ਤੋਂ ਜਾਣੂ ਕਰਵਾਇਆ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇੱਥੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਪਿੰਡ ਲਾਧੂਕਾ ਵਿਚ 1 ਕਰੋੜ 82 ਲੱਖ 31 ਹਜਾਰ, ਸਰਕਾਰੀ ਪ੍ਰਾਈਮਰੀ ਸਕੂਲ ਪਿੰਡ ਲਾਧੂਕਾ ਵਿਚ 44 ਲੱਖ 33 ਹਜਾਰ ਰੁਪਏ, ਸਰਕਾਰੀ ਪ੍ਰਾਈਮਰੀ ਸਕੂਲ ਮੰਡੀ ਲਾਧੂਕਾ ਵਿਚ 72 ਲੱਖ 46 ਹਜਾਰ ਰੁਪਏ ਅਤੇ ਸਰਕਾਰੀ ਮਿੱਡਲ ਸਕੂਲ ਮੰਡੀ ਲਾਧੂਕਾ ਵਿਚ 11 ਲੱਖ 49 ਹਜਾਰ ਰੁਪਏ ਦੇ ਵਿਕਾਸ ਪ੍ਰੋਜੈਕਟ ਲੋਕ ਸਮਰਪਿਤ ਕੀਤੇ।
ਵਿਧਾਇਕ ਸ੍ਰੀ ਸਵਨਾ ਨੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਇੱਥੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਲੋਕਾਂ ਨੁੰ ਗੁੰਮਰਾਹ ਕਰਨ ਦੀ ਬਜਾਏ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਿਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਦੇ ਖੇਤਰ ਵਿਚ ਕੀਤੇ ਗਏ ਸ਼ਲਾਘਾਯੋਗ ਉਪਰਾਲਿਆਂ ਨੂੰ ਵੇਖਣ ਲਈ ਸਕੂਲਾਂ ਵਿਚ ਆਉਣ ਅਤੇ ਗੁੰਮਰਾਹਕੁਨ ਪ੍ਰਚਾਰ ਕਰਨ ਦੀ ਬਜਾਏ ਸਿੱਖਿਆ ਕ੍ਰਾਂਤੀ ਤੋਂ ਜਾਣੂੰ ਹੋਣ। ਉਨ੍ਹਾਂ ਕਿਹਾ ਕਿ ਲੋਕ ਮੌਜੂਦਾ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਭਲੀਭਾਂਤ ਜਾਣੂੰ ਹਨ ਤੇ ਲੋਕ ਵੀ ਸਰਕਾਰ ਦੀਆਂ ਪਹਿਲਕਦਮੀਆਂ ਤੋਂ ਖੁਸ਼ ਹਨ।
ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਇਲਾਕੇ ਦੇ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤੇ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿਖੇ ਵਧੀਆਂ ਬਿਲਡਿੰਗਾਂ, ਕੰਪਿਉਟਰ ਲੈਬ, ਫਰਨੀਚਰ, ਕਲਾਸ ਰੂਮ, ਇਲੈਕਟ੍ਰੋਨਿਕ ਪੈਨਲ, ਟੇਬਲ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਸਾਡੇ ਬਚਿਆਂ ਦਾ ਭਵਿੱਖ ਉਜਵਲ ਹੋਵੇ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੀ ਕਮਜੋਰੀਆਂ ਕਰਕੇ ਬੱਚੇ ਪ੍ਰਾਇਵੇਟਾਂ ਸਕੂਲਾਂ ਨੂੰ ਜਾਣ ਲਗ ਪਏ ਸੀ, ਪਰ ਹੁਣ ਫਿਰ ਮਾਪਿਆਂ ਤੇ ਬੱਚਿਆਂ ਦੀ ਸਰਕਾਰੀ ਸਕੂਲਾਂ ਪ੍ਰਤੀ ਦਿਲਚਸਪੀ ਵਧੀ ਹੈ।
ਇਸ ਮੌਕੇ ਸਿਖਿਆ ਵਿਭਾਗ ਤੋਂ ਪ੍ਰਿੰਸੀਪਲ ਰਜਿੰਦਰ ਵਿਖੋਣਾ, ਸਿੱਖਿਆ ਕੋਆਰਡੀਨੇਟਰ ਸ੍ਰੀ ਸੁਰਿੰਦਰ ਕੰਬੋਜ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ। ਇਸ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।