ਪੰਜਾਬ ਪੁਲਿਸ ਵੱਲੋਂ "ਨਸ਼ਿਆਂ ਵਿਰੁੱਧ ਯੁੱਧ" ਮਿਸ਼ਨ ਅਧੀਨ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੀਟਿੰਗ ਕੀਤੀ
ਦੀਦਾਰ ਗੁਰਨਾ
ਖੰਨਾ, 5 ਅਪ੍ਰੈਲ 2025 - ਡੀ.ਜੀ.ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ "ਨਸ਼ਿਆਂ ਵਿਰੁੱਧ ਯੁੱਧ ਮਿਸ਼ਨ ਤਹਿਤ ਅੱਜ ਖੰਨਾ, ਲੁਧਿਆਣਾ ਰੇਂਜ ਵਿੱਚ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੀਟਿੰਗ ਆਯੋਜਿਤ ਕੀਤੀ ਗਈ। ਨਿਲਾਂਬਰੀ ਜਗਦਾਲੇ, ਡੀ.ਆਈ.ਜੀ. ਲੁਧਿਆਣਾ ਰੇਂਜ, ਲੁਧਿਆਣਾ ਦੀ ਅਗਵਾਈ ਹੇਠ ਡਾ. ਜੋਤੀ ਯਾਦਵ, ਆਈ.ਪੀ.ਐਸ. ਐਸ.ਐਸ.ਪੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਹੋਏ। ਇਸ ਮਹੱਤਵਪੂਰਨ ਮੀਟਿੰਗ ਵਿੱਚ 1000 ਤੋਂ ਵੱਧ ਨਾਗਰਿਕ, ਵੱਖ-ਵੱਖ ਪਿੰਡਾਂ ਦੇ ਕਮੇਟੀ ਮੈਂਬਰ, ਸਰਪੰਚ, ਪੰਚ ਅਤੇ ਸਮਾਜ ਸੇਵੀ ਸ਼ਾਮਲ ਹੋਏ। ਇਹ ਮੀਟਿੰਗ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਅਤੇ ਜਾਗਰੂਕਤਾ ਫੈਲਾਉਣ ਦੀ ਇੱਕ ਸ਼ਕਤੀਸ਼ਾਲੀ ਕਦੀ ਸਾਬਤ ਹੋਈ।
ਡੀ.ਆਈ.ਜੀ. ਮੈਡਮ ਨਿਲਾਂਬਰੀ ਜਗਦਾਲੇ ਨੇ ਉਤਸ਼ਾਹਜਨਕ ਭਾਸ਼ਣ ਦੇਣ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਲੜਾਈ ਵਿੱਚ ਹਰ ਵਿਅਕਤੀ ਦੀ ਭੂਮਿਕਾ ਤੇ ਇਸ ਮੁਹਿੰਮ ਦੀ ਅਹਿਮੀਅਤ ਬਾਰੇ ਵੀ ਰੋਸ਼ਨੀ ਪਾਈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ, ਅਤੇ ਪੁਲਿਸ ਤੇ ਪਬਲਿਕ ਦੇ ਮਿਲਕੇ ਕੰਮ ਕਰਨ ਨਾਲ ਹੀ ਇਹ ਯੁੱਧ ਜਿੱਤਿਆ ਜਾ ਸਕਦਾ ਹੈ। ਇਸਦੇ ਨਾਲ ਹੀ ਐਸ.ਐਮ.ਓ. ਡਾ. ਮਨਿੰਦਰ ਭਸੀਨ, ਡਾ. ਨਵਦੀਪ ਕੌਰ (ਮਨੋਵਿਗਿਆਨੀ) ਅਤੇ ਡਾ. ਮਧੁਰ ਕਪੂਰ (ਪੁਲਿਸ ਲਾਈਨ) ਨੇ ਨਸ਼ਿਆਂ ਦੇ ਨੁਕਸਾਨ ਅਤੇ ਉਨ੍ਹਾਂ ਨੂੰ ਖਤਮ ਕਰਨ ਦੇ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਸਮਝਾਇਆ ਕਿ ਕਿਵੇਂ ਨਸ਼ਾ ਮਨੁੱਖੀ ਜ਼ਿੰਦਗੀ, ਪਰਿਵਾਰ ਅਤੇ ਸਮਾਜ 'ਤੇ ਭਿਆਨਕ ਪ੍ਰਭਾਵ ਪਾਂਦਾ ਹੈ ਅਤੇ ਇਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਭ ਨੂੰ ਮਿਲਕੇ ਕੰਮ ਕਰਨਾ ਪਵੇਗਾ। ਇਸ ਮੌਕੇ 'ਤੇ ਹੈੱਡ ਕਲਰਕ, ਖੰਨਾ, ਸ੍ਰੀ ਨਰਿੰਦਰ ਪਾਲ ਨੇ ਨਸ਼ਿਆਂ ਵਿਰੁੱਧ ਇਕ ਪ੍ਰਭਾਵਸ਼ਾਲੀ ਕਵਿਤਾ ਪੜ੍ਹੀ, ਜਦਕਿ ASI ਬਿਸਾਖਾ ਸਿੰਘ (VRK, ਖੰਨਾ) ਨੇ ਨਸ਼ਾ ਮੁਕਤ ਪੰਜਾਬ" ਦੀ ਪ੍ਰੇਰਣਾ ਦਿੰਦਿਆਂ ਜਾਗਰੂਕਤਾ ਭਰਿਆ ਗੀਤ ਗਾਇਆ। ਮੀਟਿੰਗ ਦੌਰਾਨ "ਚਿੱਟਾ" ਨਾਮਕ ਇੱਕ ਛੋਟੀ ਪਰ ਸ਼ਕਤੀਸ਼ਾਲੀ ਫਿਲਮ ਵੀ ਵਿਖਾਈ ਗਈ, ਜੋ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਂਦੀ ਹੈ।
ਇਹ ਪ੍ਰੋਗਰਾਮ ਨਸ਼ਿਆਂ ਵਿਰੁੱਧ ਸੰਘਰਸ਼ ਅਤੇ ਇੱਕ ਨਸ਼ਾਮੁਕਤ ਪੰਜਾਬ ਦੀ ਸਥਾਪਨਾ ਲਈ ਲੋਕਾਂ ਨੂੰ ਜੁੜਨ ਦੀ ਪ੍ਰੇਰਣਾ ਦੇਣ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਰਿਹਾ। ਲੋਕਾਂ ਦੀ ਵੱਡੀ ਹਾਜ਼ਰੀ ਅਤੇ ਉਤਸ਼ਾਹ ਨੇ ਇਹ ਸਾਬਤ ਕੀਤਾ ਕਿ ਸਮਾਜ ਹੁਣ ਨਸ਼ਿਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵਲੋਂ ਅੱਗੇ ਵੀ ਇਹ ਜਾਗਰੂਕਤਾ ਮੁਹਿੰਮ ਜਾਰੀ ਰੱਖਣ ਅਤੇ ਨਸ਼ੇ ਦੇ ਖਿਲਾਫ਼ ਹੋਰ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਗਈ।
ਇਹ ਜਾਗਰੂਕਤਾ ਮੀਟਿੰਗ ਨਸ਼ਿਆਂ ਵਿਰੁੱਧ ਸੰਘਰਸ਼ ਵਿੱਚ ਇਕੱਤਰਤ ਹੋਣ ਅਤੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਰਹੀ। ਇੱਕ ਨਸ਼ਾ-ਮੁਕਤ ਪੰਜਾਬ ਦੀ ਸਥਾਪਨਾ ਹੁਣ ਸਿਰਫ਼ ਇੱਕ ਸਪਨਾ ਨਹੀਂ, ਬਲਕਿ ਹਕੀਕਤ ਬਣ ਸਕਦੀ ਹੈ। ਸਮਾਜ ਦੇ ਹਰੇਕ ਵਿਅਕਤੀ ਦੀ ਭਾਗੀਦਾਰੀ ਨਾਲ ਹੀ ਅਸੀਂ ਨਸ਼ਿਆਂ ਤੋਂ ਮੁਕਤ ਭਵਿੱਖ ਦੀ ਸਥਾਪਨਾ ਕਰ ਸਕਦੇ ਹਾਂ।