ਪਿੰਡ ਬਜੁਰਗ ਵਿਖੇ ਬਣੇਗਾ ਨਵਾਂ 66 ਕੇਵੀ ਗਰਿੱਡ: ਬਿਜਲੀ ਵਿਭਾਗ ਵੱਲੋਂ ਤਖਮੀਨਾਂ ਪ੍ਰਵਾਨ
- ਜਾਰੀ ਕੀਤੇ ਪੌਣੇ ਸੱਤ ਕਰੋੜ ਰੁਪਏ
ਜਗਰਾਉਂ, 5 ਅਪ੍ਰੈਲ 2025 - ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਅੰਦਰ ਬਿਜਲੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਲਗਾਤਾਰ ਇੱਕ ਤੋਂ ਬਾਅਦ ਇੱਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਪੰਜਾਬ ਸਰਕਾਰ ਅਤੇ ਪੰਜਾਬ ਦੇ ਬਿਜਲੀ ਵਿਭਾਗ ਕੋਲੋਂ ਜਗਰਾਉਂ ਹਲਕੇ ਦੇ ਪਿੰਡ ਬੁਜਰਗ ਵਿਖੇ ਬਿਜਲੀ ਦਾ ਨਵਾਂ 66 ਕੇਵੀ ਗਰਿੱਡ ਮੰਨਜੂਰ ਕਰਵਾ ਲਿਆ ਹੈ ਅਤੇ ਬਿਜਲੀ ਵਿਭਾਗ ਵੱਲੋਂ ਇਸ ਗਰਿੱਡ ਨੂੰ ਬਨਾਉਣ ਲਈ ਪੌਣੇ ਸੱਤ ਕਰੋੜ ਰੁਪਏ ਦੀ ਰਕਮ ਵੀ ਜਾਰੀ ਕਰ ਦਿੱਤੀ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਟਰਾਂਸਮਿਸ਼ਨ ਪਲੇਨਿੰਗ ਵਿਭਾਗ ਦੇ ਅਮੈਂਡਮੈਂਟ ਨੰ:60/2023-24 ਦੀ ਕਾਪੀ ਵਿਖਾਉਂਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਉਹਨਾਂ ਵੱਲੋਂ ਬਿਜਲੀ ਵਿਭਾਗ ਜਗਰਾਉਂ ਦੇ ਐਕਸੀਅਨ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਅਤੇ ਉਹਨਾਂ ਦੇ ਨਾਲ ਤੈਨਾਤ ਅਧਿਕਾਰੀਅਂਾਂ ਤੇ ਕਰਮਚਾਰੀਆਂ ਦੀ ਟੀਮ ਦੇ ਸਹਿਯੋਗ ਨਾਲ ਜਗਰਾਉਂ ਹਲਕੇ ਦੇ ਲੋਕਾਂ ਨੂੰ ਘੱਟ ਬਿਜਲੀ ਦੀ ਵੋਲਟੇਜ ਦੀ ਸਮੱਸਿਆ ਤੋਂ ਨਿਯਾਤ ਦਿਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਪਹਿਲਾਂ ਪਿੰਡ ਗਿੱਦੜਵਿੰਡੀ ਵਿਖੇ ਨਵਾਂ 66 ਕੇਵੀ ਗਰਿੱਡ ਮੰਨਜੂਰ ਕਰਵਾਕੇ ਸਵਾ ਚਾਰ ਕਰੋੜ ਰੁਪਏ ਜਾਰੀ ਕਰਵਾਏ ਜਾ ਚੁੱਕੇ ਹਨ ਅਤੇ ਉਸ ਗਰਿੱਡ ਦੀ ਉਸਾਰੀ ਲਈ ਵਿਭਾਗ ਦੀ ਤਕਨੀਕੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਗਿੱਦੜਵਿੰਡੀ ਗਰਿੱਡ ਆਉਣ ਵਾਲੇ ਪੈਡੀ ਸੀਜਨ ਦੌਰਾਨ ਚਾਲੂ ਹੋ ਜਾਵੇਗਾ।
ਉਹਨਾਂ ਦੱਸਿਆ ਕਿ ਹੁਣ ਪਿੰਡ ਬੁਜਰਗ ਵਿਖੇ ਬਿਜਲੀ ਦਾ ਨਵਾਂ 66 ਕੇਵੀ ਗਰਿੱਡ ਬਨਾਉਣ ਲਈ ਤਖਮੀਨਾਂ ਤਿਆਰ ਕਰਕੇ ਬਿਜਲੀ ਵਿਭਾਗ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ, ਜਿਸ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ.ਵੱਲੋਂ ਪ੍ਰਵਾਨ ਕਰਕੇ ਬਿਜਲੀ ਵਿਭਾਗ ਵੱਲੋਂ ਇਸ ਗਰਿੱਡ ਨੂੰ ਬਨਾਉਣ ਲਈ ਪੌਣੇ ਸੱਤ ਕਰੋੜ ਰੁਪਏ ਦੀ ਰਕਮ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਵੱਡੀ ਪ੍ਰਾਪਤੀ ਉਤੇ ਐਕਸੀਅਨ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਪਰਮਜੀਤ ਸਿੰਘ ਚੀਮਾਂ ਅਤੇ ਪਿੰਡ ਬਜੁਰਗ ਦੇ ਸਰਪੰਚ ਜਸਵਿੰਦਰ ਸਿੰਘ ਨੇ ਵਿਧਾਇਕਾ ਮਾਣੂੰਕੇ ਦਾ ਧੰਨਵਾਦ ਕਰਦਿਆਂ ਮਠਿਆਈ ਵੰਡੀ ਗਈ ਅਤੇ ਨਵੇਂ ਗਰਿੱਡ ਦੇ ਸਬੰਧ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ ਐਕਸੀਅਨ ਸਿੱਧੂ ਨੇ ਦੱਸਿਆ ਕਿ ਪਿੰਡ ਬਜੁਰਗ ਵਿਖੇ ਬਣਨ ਵਾਲੇ 66 ਕੇਵੀ ਗਰਿੱਡ ਵਿੱਚ 66 ਕੇਵੀ ਅਤੇ 11 ਕੇਵੀ ਲਾਈਨਾਂ ਵਾਸਤੇ 381.19 ਲੱਖ ਰੁਪਏ ਦੀ ਲਾਗਤ ਨਾਲ 20 ਐਮ.ਵੀ.ਏ. ਦਾ ਵੱਡਾ ਟਰਾਸਫਾਰਮਰ ਸਥਾਪਿਤ ਹੋਵੇਗਾ ਅਤੇ ਪ੍ਰਪੋਜ਼ ਕੀਤੀਆਂ 66 ਕੇਵੀ ਲਾਈਨਾਂ ਲਈ ਕ੍ਰਮਵਾਰ (1) 113.04 ਲੱਖ (2) 107.84 ਲੱਖ ਅਤੇ (3) 0.87 ਲੱਖ ਰੁਪਏ ਦਾ ਖਰਚਾ ਆਵੇਗਾ।
ਉਹਨਾਂ ਦੱਸਿਆ ਕਿ ਇਸ ਗਰਿੱਡ ਦੇ ਬਣਨ ਨਾਲ ਪਿੰਡ ਬਜੁਰਗ ਤੋਂ ਇਲਾਵਾ ਮਲਕ, ਚੀਮਨਾਂ, ਪੋਨਾਂ, ਸਿੱਧਵਾਂ ਖੁਰਦ, ਸਿੱਧਵਾਂ ਕਲਾਂ, ਰਾਊਵਾਲ, ਰਸੂਲਪੁਰ, ਜੰਡੀ, ਲੀਲਾਂ, ਸਵੱਦੀ ਖੁਰਦ, ਰਾਮਗੜ੍ਹ, ਬੋਦਲਵਾਲਾ ਆਦਿ ਪਿੰਡਾਂ ਅਤੇ ਖੇਤੀਬਾੜੀ ਖੇਤਰ ਲਈ ਘੱਟ ਵੋਲਟੇਜ਼ ਦੀ ਵੱਡੀ ਸਮੱਸਿਆ ਦਾ ਹੱਲ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕਰਮਜੀਤ ਸਿੰਘ ਡੱਲਾ, ਜੀਵਨ ਦੇਹੜਕਾ, ਮਿੰਟੂ ਮਾਣੂੰਕੇ, ਹਰਸਿਮਰ ਕੌਰ ਸਰਪੰਚ, ਅਮਰਜੀਤ ਸਿੰਘ ਵਿਰਕ, ਬਲਰਾਜ ਸਿੰਘ ਰਾਊਵਾਲ, ਜਗਦੀਸ਼ਪਾਲ ਸਿੰਘ ਸੰਗਤਪੁਰਾ, ਜਸਵਿੰਦਰ ਸਿੰਘ ਸੰਗਤਪੁਰਾ, ਗੁਰਵਿੰਦਰ ਸਿੰਘ, ਨੰਬਰਦਾਰ ਸ਼ਰਨਜੀਤ ਸਿੰਘ ਪੰਚ, ਅਵਤਾਰ ਸਿੰਘ ਪੰਚ, ਸੁਖਦੇਵ ਕੌਰ ਪੰਚ, ਪੁਸ਼ਪਾ ਰਾਣੀ ਪੰਚ ਅਤੇ ਰਛਪਾਲ ਸਿੰਘ ਆਦਿ ਨੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।