ਲਾਲੜੂ ਖੇਤਰ 'ਚ ਕਾਂਗਰਸ ਪਾਰਟੀ ਚੁੱਪ: ਲੋਕਲ ਲੀਡਰਸ਼ਿਪ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ 'ਚ
ਮਲਕੀਤ ਸਿੰਘ ਮਲਕਪੁਰ
ਲਾਲੜੂ 5 ਅਪ੍ਰੈਲ 2025: ਹਾਲੀਆ ਵਿਧਾਨ ਸਭਾ ਇਜਲਾਸ ਵਿਚ ਭਾਵੇਂ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਮੂਹਰੇ ਅਹਿਮ ਨੁਕਤੇ ਉਭਾਰੇ ਹਨ ਪਰ ਲਾਲੜੂ ਖੇਤਰ ਦੇ ਕਾਂਗਰਸੀਆਂ ਵਿਚ ਇਹ ਸਰਗਰਮੀ ਕਿਤੇ ਨਜ਼ਰ ਹੀ ਨਹੀਂ ਆ ਰਹੀ ਹੈ । ਜੇ ਮੌਜੂਦਾ ਸਿਆਸੀ ਸਮੀਕਰਣਾਂ ਨੂੰ ਵਾਚੀਏ ਤਾਂ 17 ਫਰਵਰੀ 2021 ਨੂੰ ਲਾਲੜੂ ਸਮੇਤ ਹਲਕੇ ਡੇਰਾਬੱਸੀ ਦੀਆਂ ਤਿੰਨੇ ਨਗਰ ਕੌਂਸਲਾਂ ਵਿਚ ਆਪਣਾ ਸਿਆਸੀ ਪਰਚਮ ਲਹਿਰਾਉਣ ਵਾਲੀ ਕਾਂਗਰਸ ਪਾਰਟੀ ਹੁਣ ਦੋ ਕੌਂਸਲਾਂ ਲਾਲੜੂ ਤੇ ਡੇਰਾਬੱਸੀ ਵਿੱਚੋਂ ਆਪਣੇ ਪ੍ਰਧਾਨ ਤੱਕ ਗੁਆ ਚੁੱਕੀ ਹੈ ਜਦਕਿ ਤੀਜੀ ਨਗਰ ਕੌਂਸਲ ਜ਼ੀਰਕਪੁਰ ਵਿੱਚ ਕਾਂਗਰਸ ਦੀ ਪ੍ਰਧਾਨਗੀ ਅੱਧ ਵਿਚਾਲੇ ਲਟਕ ਰਹੀ ਹੈ। ਇਹ ਵੀ ਸ਼ਾਇਦ ਇਸ ਕਾਰਨ ਹੈ ਕਿ ਇਸ ਨਗਰ ਕੌਂਸਲ ਵਿੱਚ ਸੀਨੀਅਰ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਦੇ ਪੁੱਤਰ ਉਦੇਵੀਰ ਸਿੰਘ ਢਿੱਲੋਂ ਖੁਦ ਨਗਰ ਕੌਂਸਲ ਦੇ ਪ੍ਰਧਾਨ ਬਣੇ ਸਨ ।
ਵੱਡੇ ਲੀਡਰ ਹੋਣ ਕਾਰਨ ਉਹ ਕਈ ਵਾਰ ਅਹਿਮ ਮਸਲਿਆਂ ਨੂੰ ਛੋਹ ਲੈਂਦੇ ਹਨ ਪਰ ਲਾਲੜੂ ਤੇ ਡੇਰਾਬੱਸੀ ਵਿਚਲੀ ਕਾਂਗਰਸ ਲੀਡਰਸ਼ਿਪ ਨਾ ਤਾਂ ਇਸ ਸਮੇਂ ਕੌਂਸਲ ਦੀ ਸਿਆਸਤ ਵਿੱਚ ਸਰਗਰਮ ਹੈ ਤੇ ਨਾ ਹੀ ਕਦੇ ਮੀਡੀਆ ਵਿਚ ਆਉਂਦੀ ਹੈ । ਜਿਉਂ -ਜਿਉਂ 2026 ਦੀਆਂ ਤਜਵੀਜ਼ਤ ਨਗਰ ਕੌਂਸਲ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ,ਤਿਉਂ -ਤਿਉਂ ਲੋਕ ਵੀ ਖੁੱਲ੍ਹ ਕੇ ਇਸ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਣ ਲੱਗੇ ਹਨ । ਆਮ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਂ ਇਹ ਹੀ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਚੁਣਿਆ ਨੁਮਾਇੰਦਾ ਹੁਣ ਕਿਸ ਪਾਰਟੀ ਜਾਂ ਧੜੇ ਵਿਚ ਹੈ ।
ਜ਼ਿਕਰਯੋਗ ਹੈ ਕਿ 2021 ਦੀਆਂ ਚੋਣਾਂ ਵਿੱਚ ਨਗਰ ਕੌਂਸਲ ਲਾਲੜੂ ਦੇ 17 ਵਾਰਡਾਂ ਵਿੱਚੋਂ ਦੋ ਵਾਰਡ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤੇ ਸਨ ਜਦਕਿ ਬਾਕੀ 15 ਵਾਰਡ ਕਾਂਗਰਸ ਤੇ ਉਸ ਦੇ ਪਰਦੇ ਪਿਛਲੇ ਹਮਾਇਤੀਆਂ ਨੇ ਜਿੱਤੇ ਸਨ ਪਰ ਦੋ ਸਾਲ ਲੰਘਦਿਆਂ -ਲੰਘਦਿਆਂ ਕਾਂਗਰਸੀਆਂ ਦੀ ਇਹ ਟੀਮ ਖੱਖੜੀਆਂ-ਕਰੇਲੇ ਵਾਂਗ ਹੋ ਗਈ। ਇਸੇ ਟੀਮ ਨੇ ਹੀ ਲਾਲੜੂ ਵਿੱਚ ਆਮ ਆਦਮੀ ਪਾਰਟੀ ਦਾ ਕੌਂਸਲ ਉਤੇ ਕਬਜ਼ਾ ਕਰਵਾਇਆ । ਹਾਲਾਂਕਿ , ਵਿਕਾਸ ਨੂੰ ਅਹਿਮੀਅਤ ਦੇਣ ਵਾਲੀ ਆਮ ਪਬਲਿਕ ਨੇ ਇਸ ਨੂੰ ਵੀ ਸ਼ੁਭ ਸ਼ਗਨ ਹੀ ਸਮਝਿਆ ਪਰ ਹੁਣ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਕਿ ਕਾਂਗਰਸ ਪਾਰਟੀ ਦੇ ਵੱਡੇ-ਵੱਡੇ ਸਥਾਨਕ ਲੀਡਰ ਵੀ ਆਮ ਆਦਮੀ ਪਾਰਟੀ ਖਿਲਾਫ ਕੋਈ ਵੱਡਾ ਸਿਆਸੀ ਐਕਸ਼ਨ ਤਾਂ ਛੱਡੋ ,ਇੱਕ ਸੰਯੁਕਤ ਅਖ਼ਬਾਰੀ ਬਿਆਨ ਵੀ ਨਹੀਂ ਦਾਗ਼ ਪਾਏ । ਜਦਕਿ ਛੋਟੀਆਂ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਸਰਕਾਰ ਖਿਲਾਫ਼ ਆਪਣੀ ਗੱਲ ਰੱਖ ਰਹੀਆਂ ਹਨ।
ਲਾਲੜੂ ਖੇਤਰ ਵਿਚ ਨਜਾਇਜ਼ ਕਬਜ਼ੇ ਤੇ ਵਿਕਾਸ ਦੇ ਮਾਮਲੇ ਵਿਚ ਆਮ ਲੋਕ ਜ਼ਰੂਰ ਸਰਕਾਰੀ ਦਫ਼ਤਰਾਂ -ਕਚਹਿਰੀਆਂ ਤੱਕ ਪਹੁੰਚ ਕਰ ਰਹੇ ਹਨ ਪਰ ਇਹ ਪਾਰਟੀ ਕੌਂਸਲ ਵਿੱਚ ਮਜ਼ਬੂਤ ਸਥਿਤੀ ਹੋਣ ਦੇ ਬਾਵਜੂਦ ਸਾਹ ਵੀ ਨਹੀਂ ਕੱਢ ਰਹੀ ਹੈ ਤੇ ਕਾਂਗਰਸੀਆਂ ਦੀ ਇਸ ਚੁੱਪੀ ਦਾ ਆਮ ਲੋਕ ਵੱਖ-ਵੱਖ ਮਤਲਬ ਕੱਢ ਰਹੇ ਹਨ । ਇਹੋ ਹਾਲਤ ਇਸ ਖੇਤਰ ਦੇ ਪਿੰਡਾਂ ਵਿਚਲੇ ਕਾਂਗਰਸੀਆਂ ਦੀ ਹੈ । ਇਸ ਹਲਕੇ ਵਿੱਚ ਸ਼ੁਰੂ ਤੋਂ ਹੀ ਮਜ਼ਬੂਤ ਅਕਾਲੀ ਸਿਆਸਤ ਦੀ ਦਬਕਾਈ ਹੋਈ ਕਾਂਗਰਸ ਪਾਰਟੀ ਅਕਾਲੀ ਦਲ ਦੇ "ਸਿਆਸੀ ਮਰਨ ਸੱਈਆ " ਉਤੇ ਪੈਣ ਅਤੇ ਭਾਜਪਾ ਦੀ ਨਜ਼ਰ ਆਉਂਦੀ ਸਿਆਸੀ ਚੜ੍ਹਾਈ ਤੋਂ ਬਾਅਦ ਵੀ ਕਿਸੇ ਚਮਤਕਾਰ ਦੀ ਉਮੀਦ ਲਗਾਈ ਬੈਠੀ ਹੈ । ਪਾਰਟੀ ਦਾ ਸੋਸ਼ਲ ਮੀਡੀਆ ਵਿੰਗ ਵੀ ਬੇਹੱਦ ਸੁਸਤ ਜਾਪ ਰਿਹਾ ਹੈ । ਹਾਂ , ਪੰਜਾਬ ਵਿੱਚ ਕਿਸਾਨ ਪੱਖੀ ਲਹਿਰ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਤੇ ਡਾਕਟਰ ਧਰਮਵੀਰ ਗਾਂਧੀ ਦੀ ਨਿੱਜੀ ਦਿੱਖ ਦੇ ਚੱਲਦਿਆਂ ਭਾਵੇਂ ਇਹ ਪਾਰਟੀ ਪਟਿਆਲਾ ਲੋਕ ਸਭਾ ਸੀਟ ਜਿੱਤ ਗਈ, ਪਰ ਉਸ ਤੋਂ ਬਾਅਦ ਪਾਰਟੀ ਫਿਰ ਕੁੰਭਕਰਨੀ ਨੀਂਦ ਸੌਂ ਗਈ ਜਾਪਦੀ ਹੈ । ਪਾਰਟੀ ਦੇ ਆਗੂ ਕੋਈ ਲੋਕਲ ਮਸਲਾ ਉਭਾਰ ਹੀ ਨਹੀਂ ਪਾ ਰਹੇ ਹਨ । ਇਸ ਵਿਚ ਕੋਈ ਦੋ ਰਾਇ ਨਹੀਂ ਕਿ ਇਸ ਪਾਰਟੀ ਕੋਲ ਹਾਲੇ ਵੀ ਦੂਜੀਆਂ ਪਾਰਟੀਆਂ ਮੁਕਾਬਲੇ ਮਜ਼ਬੂਤ ਵੋਟ ਬੈਂਕ ਹੈ, ਪਰ ਇਹ ਵੀ ਲੱਗ ਰਿਹਾ ਹੈ ਕਿ ਆਪਣੇ ਨਿੱਜੀ ਹਿੱਤਾਂ ਦੇ ਚੱਲਦਿਆਂ ਫਿਲਹਾਲ ਇਹ ਪਾਰਟੀ ਆਮ ਆਦਮੀ ਪਾਰਟੀ ਦੀ ਅਧੀਨਗੀ ਤਾਂ ਕਬੂਲ ਹੀ ਗਈ ਹੈ ਜਦਕਿ ਲੋਕ ਹੁਣ ਇਸ ਪਾਰਟੀ ਦੀ ਅਧੀਨਗੀ ਵਾਲੀ ਨੀਤੀ 'ਤੇ ਕੁੰਭਕਰਨੀ ਨੀਂਦ ਵਿਚੋਂ ਜਾਗਣ ਦੀ ਉਮੀਦ ਕਰ ਰਹੇ ਹਨ , ਕਿਉਂਕਿ ਸਿਆਸਤ ਵਿੱਚ ਵਿਰੋਧੀ ਧਿਰ ਤੋਂ ਹੀ ਲੋਕ ਪੱਖੀ ਵਿਰੋਧ ਦੀ ਤਵੱਕੋ ਹੁੰਦੀ ਹੈ ।