ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਵਿਧਾਇਕ ਲਖਬੀਰ ਰਾਏ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 04 ਅਪ੍ਰੈਲ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਜਟ ਵਿੱਚ 979 ਕਰੋੜ ਰੁਪਏ ਰੱਖੇ ਗਏ ਹਨ , ਇਸ ਰਾਸ਼ੀ ਨਾਲ ਸਰਕਾਰ ਵੱਲੋਂ ਹਰੇਕ ਪਿੰਡ ਵਿੱਚ ਖੇਡ ਮੈਦਾਨ ਮੁਹੱਈਆ ਕਰਵਾਏ ਜਾਣਗੇ ਤੇ ਪਿੰਡਾਂ ਵਿੱਚ 3000 ਇਨਡੋਰ ਜਿੰਮ ਬਣਾਏ ਜਾਣਗੇ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਖੇੜਾ ਬਲਾਕ ਦੇ ਪਿੰਡ ਢੋਲਾਂ ਵਿਖੇ ਲਗਭਗ 04 ਏਕੜ ਵਿੱਚ 50 ਲੱਖ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਣ ਮੌਕੇ ਗੱਲਬਾਤ ਕਰਦਿਆਂ ਕੀਤਾ
ਵਿਧਾਇਕ ਨੇ ਦੱਸਿਆ ਕਿ ਪਿੰਡ ਢੋਲਾਂ ਵਿਖੇ ਬਣਾਏ ਜਾਣ ਵਾਲੇ ਖੇਡ ਮੈਦਾਨ ਨਾਲ ਆਲੇ ਦੁਆਲੇ ਦੇ 5 ਤੋਂ 6 ਪਿੰਡਾਂ ਦੇ ਨੌਜਵਾਨਾਂ ਨੂੰ ਲਾਭ ਮਿਲੇਗਾ ਅਤੇ ਇਸ ਖੇਡ ਮੈਦਾਨ ਵਿੱਚ ਕ੍ਰਿਕਟ, ਬੈਡਮਿੰਟਨ ਅਤੇ ਵਾਲੀਬਾਲ ਦੀ ਖੇਡ ਦੇ ਨਾਲ-ਨਾਲ ਆਧੁਨਿਕ ਸਾਜੋ ਸਮਾਨ ਨਾਲ ਲੈਸ ਜਿੰਮ ਵੀ ਬਣਾਇਆ ਜਾਵੇਗਾ , ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾਂ ਬਹੁਤ ਜਰੂਰੀ ਹੈ ਕਿਉਂਕਿ ਖੇਡਾਂ ਨਾਲ ਜੁੜ ਕੇ ਹੀ ਨੌਜਵਾਨ ਵਰਗ ਸਮਾਜਿਕ ਲਾਹਣਤਾਂ ਤੋਂ ਦੂਰ ਰਹਿ ਸਕਦਾ ਹੈ , ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਜਿਥੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਉਥੇ ਹੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਵੀ ਦਿੱਤਾ ਗਿਆ ਹੈ ਤਾਂ ਜੋ ਖਿਡਾਰੀਆਂ ਦਾ ਭਵਿੱਖ ਉਜਵਲ ਬਣ ਸਕੇ
ਵਿਧਾਇਕ ਰਾਏ ਨੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਲੜੇ ਜਾ ਰਹੇ ਫੈਸਲਾਕੁੰਨ ਯੁੱਧ ਵਿੱਚ ਹਰੇਕ ਨਾਗਰਿਕ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਗੁਰੂਆਂ, ਪੀਰਾਂ, ਪੈਗੰਬਰਾਂ ਤੇ ਰਿਸ਼ੀਆਂ ਮੁਨੀਆਂ ਦੀ ਧਰਤੀ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਪਿੰਡ ਵਿੱਚ ਕੋਈ ਵਿਅਕਤੀ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਤਾਂ ਉਸ ਵਿਰੁੱਧ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਸੌਦਾਗਰਾਂ ਦੀ ਜਾਣਕਾਰੀ ਲਈ ਜਾਰੀ ਕੀਤੇ ਵਟਸਐਪ ਨੰਬਰ 9778-100-200 ਜਾਂ ਨੇੜਲੇ ਪੁਲਿਸ ਸਟੇਸ਼ਨ ਵਿੱਚ ਸੂਚਨਾ ਦਿੱਤੀ ਜਾਵੇ ਤਾਂ ਜੋ ਨਸ਼ਿਆਂ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਖੇੜਾ ਚੰਦ ਸਿੰਘ, ਸਰਪੰਚ ਹਰਵਿੰਦਰ ਕੌਰ, ਹਰਜਿੰਦਰ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਗੁਰਨਾਮ ਸਿੰਘ, ਸੁਰਿੰਦਰ ਸਿੰਘ, ਮਲਹਾਰ ਸਿੰਘ, ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਲਖਵੀਰ ਸਿੰਘ, ਜਸਪਾਲ ਸਿੰਘ, ਬਲਜੀਤ ਸਿੰਘ, ਧਰਵਿੰਦਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ