ਸਿੱਖਿਆ ਕ੍ਰਾਂਤੀ: ਅਰੁਣ ਨਾਰੰਗ ਵੱਲੋਂ 4 ਸਕੂਲਾਂ ਵਿਚ ਵਿਕਾਸ ਕਾਰਜਾਂ ਦੇ ਉਦਘਾਟਨ
ਅਬੋਹਰ, 25 ਅਪ੍ਰੈਲ
ਪੰਜਾਬ ਸਰਕਾਰ ਦੀ ਮੁਹਿੰਮ ਸਿੱਖਿਆ ਕ੍ਰਾਂਤੀ ਵਿੱਚ ਆਮ ਜਨਤਾ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੀ ਹੈ। ਆਪਣੇ ਬੱਚਿਆਂ ਨੂੰ ਨਿਯਮਿਤ ਤੌਰ 'ਤੇ ਸਕੂਲ ਭੇਜ ਕੇ ਅਤੇ ਸਕੂਲ ਦੇ ਅਧਿਆਪਕਾਂ ਦਾ ਸਾਥ ਦੇ ਕੇ ਆਮ ਜਨਤਾ ਵੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੇ ਇਸ ਹੰਭਲੇ ਦਾ ਹਿੱਸਾ ਬਣ ਸਕਦੀ ਹੈ।
ਇਹ ਪ੍ਰਗਟਾਵਾ ਅਬੋਹਰ ਦੇ ਸਾਬਕਾ ਵਿਧਾਇਕ ਸ੍ਰੀ ਅਰੁਣ ਨਾਰੰਗ ਨੇ ਢਾਣੀ ਕਰਨੈਲ ਸਿੰਘ ਅਤੇ ਅਬੋਹਰ ਵਿਚ ਸਕੂਲਾਂ ਵਿਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਇਸ ਮੌਕੇ ਸਕੂਲਾਂ ਨੂੰ ਮਿਲੇ ਆਧੁਨਿਕ ਉਪਕਰਨਾਂ ਜਿਵੇਂ ਕਿ ਐੱਲ ਈ ਡੀ, ਹੈੱਡ ਫੋਨ ਤੇ ਹੋਰ ਸਾਜ਼ੋ ਸਾਮਾਨ ਦਾ ਵਧੀਆ ਤਰੀਕੇ ਨਾਲ ਲਾਹਾ ਲੈ ਕੇ ਵਿਦਿਆਰਥੀਆਂ ਨੂੰ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ।
ਉਨ੍ਹਾਂ ਸਰਕਾਰੀ ਮਿਡਲ ਅਤੇ ਪ੍ਰਾਈਮਰੀ ਸਕੂਲ ਢਾਣੀ ਕਰਨੈਲ ਸਿੰਘ ਵਿੱਚ 6.93 ਲੱਖ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰੀ ਪ੍ਰਾਈਮਰੀ ਸਕੂਲ ਨੰਬਰ 1 ਅਬੋਹਰ ਚ 19 ਲੱਖ ਦੀ ਲਾਗਤ ਨਾਲ, ਸਰਕਾਰੀ ਹਾਈ ਬ੍ਰਾਂਚ ਸਕੂਲ ਅਬੋਹਰ ਵਿਚ 16 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ।
ਸਾਬਕਾ ਵਿਧਾਇਕ ਨੇ ਕਿਹਾ ਕਿ ਸਕੂਲਾਂ ਵਿਚ ਹੋਏ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਨਾਲ ਸਕੂਲ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਸਰਕਾਰ ਨੇ 20000 ਨਵੇਂ ਅਧਿਆਪਕ ਵੀ ਭਰਤੀ ਕੀਤੇ ਹਨ, 12 ਹਜਾਰ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਹੈ ਅਤੇ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਵੀ ਸਿਖਲਾਈ ਦਿਵਾਈ ਗਈ ਹੈ।
ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪਰਵਿੰਦਰ ਸਿੰਘ, ਬੀਪੀਈਓ ਸ੍ਰੀ ਭਾਲਾ ਰਾਮ ਵੀ ਹਾਜਰ ਸਨ।