Babushahi Special: ਸੁਆਹ ਹੋਈ ਕਣਕ: ਲੈਣ ਦੇਣ ਨੂੰ ਡੱਕਾ ਨਹੀਂ ਨੇਤਾ ਜੀ ਫੋਕਾ ਹੇਜ ਦਿਖਾਉਂਦੇ ਨੇੇ
ਅਸ਼ੋਕ ਵਰਮਾ
ਬਠਿੰਡਾ,23 ਅਪ੍ਰੈਲ 2025: ਸੱਪਾਂ ਦੀਆਂ ਸਿਰੀਆਂ ਮਿੱਧ ਤੇ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਤੇ ਹੋਏ ਅੱਗ ਦੇ ਹਮਲੇ ਕਾਰਨ ਅੱਜ-ਕੱਲ੍ਹ ਪੰਜਾਬ ਦੇ ਖੇਤ ਸਿਆਸਤ ਦੇ ਕੇਂਦਰ ਬਿੰਦੂ ਬਣੇ ਹੋਏ ਹਨ। ਸਿਆਸੀ ਲੋਕਾਂ ਵੱਲੋਂ ‘ ਕਿਸਾਨਾਂ ਦੀ ਬਾਂਹ ਫੜ੍ਹਾਂਗੇ’ ਵਰਗੇ ਦਿਲਾਸੇ ਕਿਸਾਨਾਂ ਨੂੰ ਢਾਰਸ ਨਹੀਂ ਬੰਨ੍ਹਾ ਸਕੇ ਹਨ। ਅਜਿਹੀ ਸਥਿਤੀ ਦਰਮਿਆਨ ਜਦੋਂ ਘਰੇ ਭੰਗ ਭੁੱਜਣ ਦਾ ਖਤਰਾ ਮਡਾਉਣ ਲੱਗਾ ਹੋਵੇ ਤਾਂ ਕਿਸਾਨਾਂ ਨੂੰ ‘ ਝੰਡੀ ਵਾਲੀਆਂ ਕਾਰਾਂ ’ ਤੋਂ ਰਾਹਤ ਦੀ ਆਸ ਹੁੰਦੀ ਹੈ ਪਰ ਹੁਣ ਤੱਕ ਦਾ ਇਹ ਹਾਲ ਹੈ ਕਿ ਕਿਸਾਨਾਂ ਪੱਲੇ ਹਮਦਰਦੀ ਦੀ ਸਿਆਸੀ ਖੇਡ ਹੀ ਪੱਲੇ ਪਈ ਹੈ। ਪੰਜਾਬ ’ਚ ‘ਸਿੱਖਿਆ ਕ੍ਰਾਂਤੀ ਅਤੇ ਯੁੱਧ ਨਸ਼ਿਆਂ ਵਿਰੁੱਧ’ ਨਾਮਕ ਦੋ ਵੱਡੇ ਪ੍ਰੋਗਰਾਮ ਚੱਲ ਰਹੇ ਹਨ ਤਾਂ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਸਿਆਸੀ ਆਗੂਆਂ ਦਾ ਪਿੰਡਾਂ ਵਿੱਚ ਆਉਣ-ਜਾਣ ਬਣਿਆ ਹੋਇਆ ਹੈ ਪਰ ਸਿਵਾਏ ਫੋਕੇ ਬਿਆਨਾਂ ਤੋਂ ਕਿਸਾਨਾਂ ਨੂੰ ਲੈਣ ਦੇਣ ਦੇ ਨਾਂ ਤੇ ਮੰਸੂਰੀ ਪੈਸਾ ਵੀ ਨਹੀਂ ਮਿਲਿਆ ਹੈ।
ਪੰਜਾਬ ’ਚ ਜਦੋਂ ਕਣਕ ਦੀ ਵਾਢੀ ਸ਼ੁਰੂ ਹੁੰਦੀ ਹੈ ਤਾਂ ਇਸ ਦੌਰਾਨ ਹੀ ਅੱਗ ਦੀ ਚੰਗਿਆੜੀਆਂ ਕਿਸਾਨਾਂ ਦੀ ਫ਼ਸਲਾਂ ਨੂੰ ਸੁਆਹ ਕਰਨ ਲੱਗਦੀਆਂ ਹਨ। ਪਿਛਲੇ 4 ਦਹਾਕਿਆਂ ਦਾ ਰਿਕਾਰਡ ਹੈ ਕਿ ਕੋਈ ਵੀ ਸਾਲ ਅੱਗ ਲੱਗਣ ਤੋਂ ਸੁੱਕਾ ਨਹੀਂ ਲੰਘਦਾ ਤੇ ਪੈਲੀਆਂ ਅੱਗਾਂ ਕਾਰਨ ਸੁਆਹ ਦੀ ਢੇਰੀ ਬਣ ਜਾਂਦੀਆਂ ਹਨ ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੂੰ ਆਰਥਿਕ ਮਾਰ ਝੱਲਣੀ ਪੈਂਦੀ ਹੈ। ਹਰ ਸਾਲ ਦੇ ਇਸ ਵਰਤਾਰੇ ਲਈ ਕਿਸਾਨ ਬਿਜਲੀ ਮਹਿਕਮੇ ਨੂੰ ਕਟਹਿਰੇ ’ਚ ਖੜ੍ਹਾ ਕਰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਅੱਗਾਂ ਦਾ ਕਾਰਨ ਬਿਜਲੀ ਦੀਆਂ ਤਾਰਾਂ ਚੋਂ ਚੰਗਿਆੜੇ ਨਿਕਲਣਾ ਹੁੰਦਾ ਹੈ। ਹਾਲਾਂਕਿ ਫ਼ਸਲਾਂ ਨੂੰ ਅੱਗ ਲੱਗਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਪਰ ਕਿਸਾਨਾਂ ਦੀ ਨਜ਼ਰ ਵਿੱਚ ਬਹੁਤੀ ਜਿੰਮੇਵਾਰੀ ਪਾਵਰਕੌਮ ਦੀ ਹੈ ਜਿਸ ਨੂੰ ਪਛਾਨਣ ’ਚ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਹੈ।
ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਆਖਦੇ ਹਨ ਕਿ ਜਦੋਂ ਕਣਕ ਦੀ ਫਸਲ ਸੁਆਹ ਬਣਕੇ ਕਿਸਾਨਾਂ ਦੀਆਂ ਝੋਲੀਆਂ ’ਚ ਆਣ ਪਈ ਹੈ ਤਾਂ ਸਿਆਸੀ ਆਗੂਆਂ ਨੂੰ ਖੇਤਾਂ ਦੀ ਯਾਦ ਆਉਣ ਲੱਗੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ‘ਦੁੱਖ’ ਜਤਾਉਣ ਵਿੱਚ ਹਾਕਮ ਧਿਰ ਪਿੱਛੇ ਨਹੀਂ ਰਹੀ ਪਰ ਕਿਸਾਨਾਂ ਦੀਆਂ ਝੋਲੀਆਂ ਅਜੇ ਵੀ ਖ਼ਾਲੀ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਨੇ ਵੀ ਫੌਰੀ ਰਾਹਤ ਕਾਰਜ ਨਹੀਂ ਆਰੰਭਿਆ ਹੈ ਬੱਸ ਪਿੰਡਾਂ ’ਚ ਆਉਣ ਵਾਲੇ ਮੰਤਰੀਆਂ ਵਿਧਾਇਕਾਂ ਵੱਲੋਂ ਫੋਕਾ ਦਿਲਾਸਾ ਹੀ ਦਿੱਤਾ ਜਾ ਰਿਹਾ ਹੈ। ਕਣਕ ਦੇ ਇਸ ਸੀਜ਼ਨ ਦੌਰਾਨ ਪਾਵਰਕੌਮ ਕੋਲ 3 ਸੌ ਤੋਂ ਵੱਧ ਸ਼ਿਕਾਇਤਾਂ ਅੱਗ ਲੱਗਣ ਸਬੰਧੀ ਪੁੱਜ ਚੁੱਕੀਆਂ ਹਨ ਅਤੇ ਸੀਜ਼ਨ ਦਾ ਵੱਡਾ ਹਿੱਸਾ ਬਾਕੀ ਪਿਆ ਹੈ। ਬਠਿੰਡਾ ਜਿਲ੍ਹੇ ਦੇ ਇੱਕ ਦਰਜਨ ਪਿੰਡਾਂ ’ਚ ਕਣਕ ਅੱਗ ਦੀ ਭੇਂਟ ਚੜ੍ਹ ਚੁੱਕੀ ਹੈ ਜਿੱਥੇ ਕਿਸਾਨ ਆਪਣੀ ਕਿਸਮਤ ਨੂੰ ਝੂਰਨ ਲਈ ਮਜਬੂਰ ਹਨ।
ਮਾਨਸਾ ਜਿਲ੍ਹੇ ’ਚ ਤਾਂ ਇੱਕੋ ਦਿਨ ’ਚ ਪੌਣੀ ਦਰਜਨ ਪਿੰਡਾਂ ਨੂੰ ਅੱਗ ਦਾ ਸੰਤਾਪ ਹੰਢਾਉਣਾ ਪਿਆ ਹੈ ਜਦੋਂਕਿ ਸਮੁੱਚੇ ਤੌਰ ਤੇ ਲੱਗਣ ਵਾਲੀ ਅੱਗ ਦਾ ਅੰਕੜਾ ਵੱਖਰਾ ਹੈ। ਇਹੋ ਹਾਲ ਮੁਕਤਸਰ ਜਿਲ੍ਹੇ ਦਾ ਹੈ ਜਿੱਥੇ ਕਿਸਾਨਾਂ ਦੀ ਪੱਕੀ ਪਕਾਈ ਫਸਲ ਮੰਡੀ ’ਚ ਜਾਣ ਦੀ ਥਾਂ ਅੱਗ ਨੇ ਰਾਖ ਦੀ ਢੇਰੀ ਵਿੱਚ ਤਬਦੀਲ ਕਰ ਦਿੱਤੀ ਹੈ। ਮਹੱਤਵਪੂਰਨ ਇਹ ਵੀ ਹੈ ਕਿ ਦਾਅਵਿਆਂ ਦੇ ਬਾਵਜੂਦ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਨਹੀਂ ਹੁੰਦੀ ਜੋ ਉਨ੍ਹਾਂ ਨੂੰ ਸ਼ਾਹੂਕਾਰਾਂ ਦੇ ਕਰਜਿਆਂ ’ਚ ਫਸਾਉਣ ਵਾਲੀ ਸਾਬਤ ਹੋਣ ਲੱਗੀ ਹੈ। ਮਸਲਾ ਇਹ ਵੀ ਹੈ ਕਿ ਪਾਵਰਕੌਮ ਜਿਨ੍ਹਾਂ ਕੇਸਾਂ ਵਿੱਚ ਮੁਆਵਜ਼ਾ ਅਦਾ ਕਰਦਾ ਹੈ, ਉਹ ਪੰਜਾਬ ਸਰਕਾਰ ਵੱਲੋਂ ਖਰਾਬੇ ਦੇ ਦਿੱਤੇ ਜਾਂਦੇ ਮੁਆਵਜ਼ੇ ਅਨੁਸਾਰ ਹੀ ਹੁੰਦਾ ਹੈ। ਇਸ ਮੁਆਵਜ਼ੇ ਨਾਲ ਤਾਂ ਕਿਸਾਨਾਂ ਵੱਲੋਂ ਜ਼ਮੀਨ ਦਾ ਤਾਰਿਆ ਜਾਂਦਾ ਠੇਕਾ ਵੀ ਪੂਰਾ ਨਹੀਂ ਹੁੰਦਾ ਹੈ ਬਾਕੀ ਖਰਚੇ ਤਾਂ ਦੂਰ ਦੀ ਗੱਲ ਹੈ।
ਕਿਸ ਖੂਹ ਖਾਤੇ ਪਏ ਕਿਸਾਨ
ਨਾਗਰਿਕ ਚੇਤਨਾ ਮੰਚ ਦੇ ਆਗੂ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਇਸ ਵਾਰ ਅੱਗ ਨੇ ਝੰਬ ਦਿੱਤਾ ਹੈ ਜਦੋਂਕਿ ਇਸ ਤੋਂ ਪਹਿਲਾਂ ਕਦੇ ਪਾਣੀ ਦੀ ਮਾਰ ਪਈ , ਕਦੀ ਕੁਦਰਤੀ ਆਫਤਾਂ ਅਤੇ ਕਿਸਾਨ ਗੁਲਾਬੀ ਸੁੰਡੀ ਨੇ ਕਿਸਾਨ ਝੰਬੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇੱਕੋ ਦਰਦ ਅਤੇ ਇੱਕੋ ਫ਼ਰਿਆਦ ਹੈ ਕਿ ਸਰਕਾਰ ਇਸ ਬਿਪਤਾ ਦੀ ਘੜੀ ਵਿੱਚ ਉਨ੍ਹਾਂ ਦੀ ਬਾਂਹ ਫੜੇ। ਉਨ੍ਹਾਂ ਕਿਹਾ ਕਿ ਐਨ ਪੱਕਣ ਤੇ ਆਈ ਕਣਕ ਦੀ ਫਸਲ ਤੇ ਇਸ ਤਰਾਂ ਅੱਗ ਦਾ ਹੱਲਾ ਦੇਖ ਲੈਣਾ, ਕਿਸਾਨ ਦੀ ਜ਼ਿੰਦਗੀ ਲਈ ਇਸ ਤੋਂ ਵੱਧ ਔਖੀ ਘੜੀ ਨਹੀਂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸਵਾਲ ਹੈ ਕਿ ਉਹ ਇਸ ਮੁਸੀਬਤ ਮੌਕੇ ਕਿਸ ਖੂਹ ਖਾਤੇ ਪੈਣ।
ਕਿਸਾਨਾਂ ਦੀ ਬਾਂਹ ਫੜੇ ਸਰਕਾਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜਿਹੜੇ ਕਿਸਾਨਾਂ ਦੀ ਕਣਕ ਦੀ ਫ਼ਸਲ ਸੁਆਹ ਹੋ ਗਈ ਹੈ, ਉਨ੍ਹਾਂ ਦੇ ਖਾਲੀ ਹੱਥਾਂ ’ਚ ਹਮਦਰਦੀ ਦੀ ਥਾਂ ਚੈੱਕ ਫੜਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੁਸੀਬਤ ਮੌਕੇ ਪੰਜਾਬ ਸਰਕਾਰ ਨੂੰ ਪੀੜਤ ਕਿਸਾਨਾਂ ਦੀ ਬਾਂਹ ਫੜਨ ਲਈ ਤੁਰੰਤ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਉਹ ਅਗਲੀ ਫ਼ਸਲ ਦੀ ਬਿਜਾਈ ਸਮੇਂ ਸਿਰ ਕਰ ਸਕਣ।