52 ਕਿਲੋਮੀਟਰ ਦੀ ਨਵੀਂ ਨਹਿਰ ਫਾਜ਼ਿਲਕਾ ਇਲਾਕੇ ਲਈ ਬਣੇਗੀ ਵਰਦਾਨ : ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ
ਫਾਜ਼ਿਲਕਾ 25 ਅਪ੍ਰੈਲ
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਹੈ ਕਿ ਹਰੀਕੇ ਹੈਡਵਰਕਸ ਤੋਂ ਬਾਲੇ ਵਾਲਾ ਹੈਡਵਰਕਸ ਤੱਕ 647 ਕਰੋੜ ਰੁਪਏ ਨਾਲ ਬਣਨ ਵਾਲੀ ਫਿਰੋਜ਼ਪੁਰ ਫੀਡਰ ਨਹਿਰ ਦਾ ਪ੍ਰੋਜੈਕਟ ਪਾਸ ਹੋਣ ਨਾਲ ਫਾਜ਼ਿਲਕਾ ਜ਼ਿਲੇ ਨੂੰ ਗੰਦੇ ਪਾਣੀ ਤੋਂ ਪੱਕੇ ਤੌਰ ਤੇ ਮੁਕਤੀ ਮਿਲੇਗੀ । ਉਨਾਂ ਨੇ ਇਹ ਪ੍ਰੋਜੈਕਟ ਪਾਸ ਕਰਵਾਉਣ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਤਤਕਾਲੀ ਸਿੰਚਾਈ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਵਰਤਮਾਨ ਸਿੰਚਾਈ ਮੰਤਰੀ ਸ਼੍ਰੀ ਬਰਿੰਦਰ ਗੋਇਲ ਸਮੇਤ ਕੇਂਦਰ ਦੇ ਜਲ ਸ਼ਕਤੀ ਮੰਤਰਾਲੇ ਦਾ ਧੰਨਵਾਦ ਕੀਤਾ ਹੈ।
ਉਹਨਾਂ ਨੇ ਦੱਸਿਆ ਕਿ ਪਹਿਲਾਂ ਇਸ ਇਲਾਕੇ ਦੀਆਂ ਨਹਿਰਾਂ ਵਿੱਚ ਹਰੀਕੇ ਤੋਂ ਹੁਸੈਨੀ ਵਾਲਾ ਹੋ ਕੇ ਅਤੇ ਪਾਕਿਸਤਾਨ ਵਿੱਚੋਂ ਹੁੰਦੇ ਹੋਏ ਪਾਣੀ ਪਹੁੰਚਦਾ ਸੀ ਜਿਸ ਵਿੱਚ ਪਾਕਿਸਤਾਨ ਦੇ ਕਸੂਰ ਸ਼ਹਿਰ ਦੀ ਚਮੜਾ ਫੈਕਟਰੀਆਂ ਦਾ ਪਾਣੀ ਮਿਕਸ ਹੋਣ ਨਾਲ ਇਹ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਸੀ ਅਤੇ ਇਸੇ ਕਾਰਨ ਇਸ ਇਲਾਕੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਫੈਲੀਆਂ ਹੋਈਆਂ ਸਨ। ਪਰ ਹੁਣ ਇਹ ਪਾਣੀ ਸਿੱਧਾ ਬਾਲੇ ਵਾਲੇ ਹੈੱਡ ਤੇ ਪਹੁੰਚੇਗਾ ਜੋ ਕਿ ਹਰੀਕੇ ਹੈਡਵਰਕਸ ਤੋਂ ਆਏਗਾ ਅਤੇ ਇਹ ਪਾਣੀ ਪੂਰੀ ਤਰ੍ਹਾਂ ਨਾਲ ਸਾਫ ਹੋਵੇਗਾ ਅਤੇ ਇਸ ਸਾਫ ਪਾਣੀ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਸਿਹਤ ਪੱਖੋਂ ਵੱਡੀ ਸਹੂਲਤ ਮਿਲੇਗੀ ਉੱਥੇ ਹੀ ਨਹਿਰ ਦੀ ਸਮਰੱਥਾ ਵਿੱਚ ਵਾਧਾ ਹੋਣ ਨਾਲ ਕਿਸਾਨਾਂ ਨੂੰ ਵੀ ਭਰਪੂਰ ਮਾਤਰਾ ਵਿੱਚ ਪਾਣੀ ਮਿਲੇਗਾ।
ਉਹਨਾਂ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਇਸ ਸਬੰਧੀ ਯਤਨ ਕੀਤੇ ਜਾ ਰਹੇ ਸਨ ਕਿ ਫਾਜ਼ਿਲਕਾ ਇਲਾਕੇ ਨੂੰ ਸਿੱਧਾ ਹਰੀਕੇ ਤੋਂ ਬਾਲੇ ਵਾਲਾ ਹੈਡ ਦੇ ਮਾਰਫਤ ਪਾਣੀ ਮਿਲੇ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪਿਆ ਹੈ ਅਤੇ ਕੇਂਦਰ ਸਰਕਾਰ ਨੇ ਇਹ ਪ੍ਰੋਜੈਕਟ ਪਾਸ ਕਰ ਦਿੱਤਾ ਹੈ। ਇਸ ਤੇ 647.62 ਕਰੋੜ ਰੁਪਏ ਖਰਚ ਆਵੇਗਾ । ਉਹਨਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਇਲਾਕੇ ਦੀ ਖੇਤੀ ਨੂੰ ਜਿੱਥੇ ਵੱਡਾ ਹੁੰਗਾਰਾ ਮਿਲੇਗਾ ਉੱਥੇ ਹੀ ਮਨੁੱਖੀ ਸਿਹਤ ਲਈ ਵੀ ਇਹ ਵਰਦਾਨ ਸਾਬਿਤ ਹੋਵੇਗਾ ਕਿਉਂਕਿ ਪ੍ਰਦੂਸ਼ਿਤ ਪਾਣੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੋਕਾਂ ਵਿੱਚ ਫੈਲਦੀਆਂ ਰਹਿੰਦੀਆਂ ਸਨ । ਉਹਨਾਂ ਨੇ ਇਸ ਲਈ ਇਲਾਕੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਉਹ ਸਾਰੇ ਕੰਮ ਕਰ ਰਹੀ ਹੈ ਜੋ ਲੋਕ ਸਰਕਾਰ ਤੋਂ ਚਾਹੁੰਦੇ ਹਨ ਅਤੇ ਇਹ ਬਹੁਤ ਲੰਬੇ ਸਮੇਂ ਦੀ ਮੰਗ ਸੀ ਜਿਸ ਨੂੰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੂਰਾ ਕੀਤਾ ਹੈ।