ਬੱਚਿਆਂ ਨੂੰ ਗੁਰਮਤਿ ਵਿਦਿਆ ਤੇ ਧਾਰਮਿਕ ਵਿਰਸੇ ਨਾਲ ਜੋੜਨ ਲਈ ਸਮਾਗਮ ਆਯੋਜਿਤ
ਰਵੀ ਜੱਖੂ
ਕੋਟਕਪੂਰਾ 25 ਅਪ੍ਰੈਲ, 2025 - ਵਿਸ਼ਵ ਸਿੱਖ ਕੌਂਸਲ ਵੱਲੋਂ ਪੰਚ-ਪ੍ਰਧਾਨੀ (ਪੰਜ-ਸਿੰਘਾਂ) ਦੀ ਅਗਵਾਈ ਹੇਠ ਬੱਚਿਆਂ ਨੂੰ ਗੁਰਮਤਿ ਵਿਦਿਆ ਤੇ ਧਾਰਮਿਕ ਵਿਰਸੇ ਨਾਲ ਜੋੜਨ ਲਈ ਪਿੰਡ ਢੀਮਾਂ ਵਾਲੀ ਜਿਲ੍ਹਾ ਫਰੀਦਕੋਟ ਵਿਖੇ ਇੱਕ ਰੋਜ਼ਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਲਾਗਲੇ 15 ਪਿੰਡਾਂ ਦੇ ਕਰੀਬ 500 ਤੋਂ ਵੱਧ ਬੱਚਿਆਂ ਨੇ ਭਾਗ ਲਿਆ।
ਗੁਰਮਤਿ ਵਿਰਸੇ ਨਾਲ ਜੋੜਨ ਲਈ ਬੱਚਿਆਂ ਦਾ ਇਤਿਹਾਸਕ ਜਾਣਕਾਰੀ ਸਬੰਧੀ ਲਿਖਤੀ ਪ੍ਰੀਖਿਆ ਲੈਣ ਦੇ ਨਾਲ-ਨਾਲ ਇਤਿਹਾਸਕ ਜਾਣਕਾਰੀ ਦੇ ਅਧਾਰ ਤੇ ਪ੍ਰਸ਼ਨ-ਉੱਤਰੀ ਮੁਕਾਬਲਾ ਅਤੇ ਦੇਸੀ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਬੱਚਿਆਂ ਦੁਆਰਾ ਸਿੱਖ ਵਿਰਸੇ ਨਾਲ ਸਬੰਧਿਤ ਕਵਿਤਾਵਾਂ ਅਤੇ ਲੇਖ ਪੜ੍ਹੇ ਗਏ। ਭਾਈ ਮੱਖਣ ਸਿੰਘ ਸੰਗਰੂਰ, ਭਾਈ ਪਿੱਪਲ ਸਿੰਘ ਸ੍ਰੀ ਦਮਦਮਾ ਸਾਹਿਬ ਅਤੇ ਹੋਰ ਗੁਰਮੁਖਾਂ ਨੇ ਬੱਚਿਆਂ ਨਾਲ ਵਡਮੁੱਲੇ ਵਿਚਾਰਾਂ ਸਾਂਝੇ ਕੀਤੇ। ਪੰਜ ਸਿੰਘਾਂ ਵੱਲੋਂ ਸੰਗਤਾਂ ਨੂੰ ਆਪਣੇ ਬੱਚਿਆਂ ਨੂੰ ਗੁਰਮਤਿ ਤੇ ਵਿਰਸੇ ਨਾਲ ਜੋੜਨ ਦਾ ਸੰਦੇਸ਼ ਦਿੱਤਾ ਗਿਆ। ਇਸ ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਸਹਿਯੋਗ ਦੇਣ ਵਾਲੇ ਗੁਰਸਿੱਖਾਂ ਨੂੰ ਮੈਡਲ, ਸ਼ੀਲਡਾਂ ਅਤੇ ਧਾਰਮਿਕ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਪਿੰਡ ਢੀਮਾਂ ਵਾਲੀ ਦੇ ਗੱਤਕਈ ਸਿੰਘਾਂ ਦੀ ਟੀਮ ਵੱਲੋਂ ਸ਼ਸ਼ਤਰ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।
ਅਖੀਰ ਵਿੱਚ ਪਿੰਡ ਢੀਮਾਂ ਵਾਲੀ ਦੀ ਸੰਗਤ, ਭਾਈ ਘਨਈਆ ਜੀ ਸੇਵਾ ਸੁਸਾਇਟੀ, ਗੁਰਮਤਿ ਪ੍ਰਚਾਰ ਜਥਾ ਸਲ੍ਹੀਣਾ, ਜਿਲ੍ਹਾ ਮੋਗਾ, ਗੁਰਮਤਿ ਪ੍ਰਚਾਰ ਜਥਾ ਤਲਵੰਡੀ ਦਸੌਂਧਾ ਸਿੰਘ, ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਭਾਈ ਬਲਕਾਰ ਸਿੰਘ ਫਿਰੋਜ਼ਪੁਰ, ਭਾਈ ਸੁਖਦੇਵ ਸਿੰਘ ਜ਼ੀਰਾ, ਭਾਈ ਸ਼ਾਮ ਸਿੰਘ ਮੋਗਾ, ਡਾਕਟਰ ਪਿੱਪਲ ਸਿੰਘ ਸ੍ਰੀ ਮੁਕਤਸਰ ਸਾਹਿਬ, ਭਾਈ ਬਲਵਿੰਦਰ ਸਿੰਘ ਢੀਮਾਂ ਵਾਲੀ ਸਮੇਤ ਵੱਖ ਵੱਖ ਪਿੰਡਾਂ ਤੋਂ ਸਹਿਯੋਗੀ ਗੁਰਮੁਖ ਪਿਆਰੇ ਅਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।