ਕੁਲਤਾਰ ਸਿੰਘ ਸੰਧਵਾ ਨੇ ‘‘ਸ਼ਾਮ-ਏ-ਈਦ” ਸਮਾਗਮ ਵਿੱਚ ਕੀਤੀ ਸਿਰਕਤ
• ਪੰਜਾਬ ਸਿਰਫ਼ ਇੱਕ ਭੂਗੋਲਕ ਹਿੱਸਾ ਨਹੀਂ, ਬਲਕਿ ਇੱਕ ਸੋਚ, ਇੱਕ ਸੰਸਕ੍ਰਿਤਿਕ ਅਹਿਸਾਸ ਅਤੇ ਇੱਕਜੁੱਟਤਾ ਦਾ ਰਿਸ਼ਤਾ- ਕੁਲਤਾਰ ਸਿੰਘ ਸੰਧਵਾ
• ਵਿਧਾਇਕ ਮਾਲੇਰਕੋਟਲਾ ਅਤੇ ਵਿਧਾਇਕ ਅਮਰਗੜ੍ਹ ਸਮੇਤ ਵੱਡੀ ਗਿਣਤੀ ‘ਚ ਸ਼ਖ਼ਸੀਅਤਾਂ ਅਤੇ ਮਾਲੇਰਕੋਟਲਾ ਨਿਵਾਸੀਆਂ ਨੇ ਮਾਣਿਆ ਆਨੰਦ
ਮਾਲੇਰਕੋਟਲਾ 4 ਅਪ੍ਰੈਲ : 2025
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮਾਲੇਰਕੋਟਲਾ ਵਿਖੇ ਆਯੋਜਤ "ਸ਼ਾਮ-ਏ-ਈਦ" ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਇਸ ਮੌਕੇ ‘ਤੇ ਅਵਾਮ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਸਮੂਹ ਪੰਜਾਬ ਵਾਸੀਆਂ ਲਈ ਸਾਂਝ,ਪਿਆਰ ਅਤੇ ਭਾਈਚਾਰੇ ਦੇ ਸੰਦੇਸ਼ ਨੂੰ ਵਧਾਉਣ ਦੀ ਅਪੀਲ ਕੀਤੀ । ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਅਤੇ ਵਿਧਾਇਕ ਅਮਰਗੜ੍ਹ ਪ੍ਰੋ.ਜਸਵੰਤ ਸਿੰਘ ਗੱਜਣਮਾਜਰਾ, ਵਿਧਾਇਕ ਨਾਭਾ ਗੁਰਦੇਵ ਸਿੰਘ ਮਾਨ,ਵਧੀਕ ਮਹਿਲਕਲ੍ਹਾ ਕੁਲਵੰਤ ਸਿੰਘ, ਪੰਜਾਬੀ ਅਦਾਕਾਰ ਹੋਬੀ ਧਾਲੀਵਾਲ, ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਸਮੇਤ ਵੱਡੀ ਗਿਣਤੀ ‘ਚ ਸ਼ਖ਼ਸੀਅਤਾਂ ਤੇ ਮਾਲੇਰਕੋਟਲਾ ਨਿਵਾਸੀਆਂ ਨੇ ਸੂਫ਼ੀ ਗਾਇਕੀ ਦੀ ਇਸ ਖ਼ੂਬਸੂਰਤ ਸ਼ਾਮ ਦਾ ਆਨੰਦ ਮਾਣਿਆ । ਲਵਜੀਤ ਅਤੇ ਮੰਗਲਮੰਗੀ ਨੇ ਸੱਭਿਆਚਾਰਕ ਤੇ ਸੂਫ਼ੀ ਗੀਤਾਂ ਸਮੇਤ ਦਰਸ਼ਕਾਂ ਦੀ ਮੰਗ ਮੁਤਾਬਕ ਆਪਣੇ ਚਰਚਿਤ ਗੀਤ ਗਾ ਕੇ ਖ਼ੂਬ ਰੰਗ ਬੰਨ੍ਹਿਆ ਅਤੇ ਸਮਾਗਮ ਵਿੱਚ ਪੁੱਜੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ । ਇਸ ਮੌਕੇ ਇਤਿਹਾਸਕਾਰ ਸਿਮਰਜੀਤ ਸਿੰਘ ਦੀ ਸਿੱਖ ਇਤਿਹਾਸ ਨਾਲ ਸਬੰਧਤ ਪ੍ਰਦਰਸਨੀ ਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਭਰਪੂਰ ਆਨੰਦ ਮਾਣਿਆ।
ਸਪੀਕਰ ਸੰਧਵਾ ਨੇ ਆਖਿਆ ਕਿ ਮਾਲੇਰਕੋਟਲਾ ਸਦਾ ਹੀ ਸਾਂਝੀ ਵਿਰਾਸਤ, ਭਾਈਚਾਰੇ ਅਤੇ ਸ਼ਾਂਤੀ ਦੀ ਧਰਤੀ ਰਿਹਾ ਹੈ। ਇੱਥੇ ਦੇ ਲੋਕ ਅਮੀਰ ਰਵਾਇਤਾਂ ਅਤੇ ਮਾਣਯੋਗ ਇਤਿਹਾਸ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ "ਸ਼ਾਮ-ਏ-ਈਦ" ਵਰਗੇ ਸਮਾਗਮ ਸਾਨੂੰ ਇੱਕ-ਦੂਜੇ ਨਾਲ ਪਿਆਰ ਅਤੇ ਇੱਕਜੁੱਟਤਾ ਨਾਲ ਜੀਣ ਦੀ ਪ੍ਰੇਰਣਾ ਦਿੰਦੇ ਹਨ।
ਸਪੀਕਰ ਸੰਧਵਾ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ " ਨਸ਼ਿਆਂ ਅਤੇ ਭ੍ਰਿਸ਼ਟਾਚਾਰ ਵਿਰੁੱਧ " ਮੁਹਿੰਮ ਨੂੰ ਰੰਗਲਾ ਪੰਜਾਬ ਵੱਲ ਇਕ ਮਹੱਤਵਪੂਰਨ ਕਦਮ ਕਰਾਰ ਦਿੰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ-ਮੁਕਤ ਬਣਾਉਣ ਲਈ ਸੰਕਲਪਬੱਧ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਅਵਾਮ ਨੂੰ ਸਾਫ ਸੁਥਰੀ ਪ੍ਰਸਾਸ਼ਨਿਕ ਸੁਵਿਧਾਵਾਂ ਮਿਲ ਸਕਣ । ਉਨ੍ਹਾਂ ਪੰਜਾਬ ਸਰਕਾਰ ਵਲੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਆਰੰਭੀ ਨਸ਼ਿਆਂ ਵਿਰੁੱਧ ਮੁਹਿੰਮ ਦੀ ਕਾਮਯਾਬੀ ਲਈ ਸੂਬੇ ਦੇ ਲੋਕਾਂ ਨੂੰ ਸਰਕਾਰ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ ।
ਸਪੀਕਰ ਸੰਧਵਾ ਨੇ ਕਿਹਾ ਕਿ ਸੂਫ਼ੀ ਸੰਗੀਤ ਪੰਜਾਬ ਦੀ ਸੰਸਕ੍ਰਿਤਿਕ ਪਛਾਣ ਹੈ ਅਤੇ ਇਹ ਪਿਆਰ, ਸ਼ਾਂਤੀ ਅਤੇ ਰੂਹਾਨੀਅਤ ਦਾ ਪੈਗਾਮ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਨੂੰ ਸੂਫ਼ੀ ਕਲਾਮ, ਗਜ਼ਲ, ਕਵਿਤਾਵਾਂ ਅਤੇ ਪੰਜਾਬ ਦੀ ਧਾਰਮਿਕ ਸੰਗੀਤਕ ਵਿਰਾਸਤ ਨਾਲ ਜੋੜਨਾ ਅਹਿਮ ਹੈ ਤਾਂ ਜੋ ਉਹ ਆਪਣੇ ਧਰਮਿਕ ਅਤੇ ਸੰਸਕ੍ਰਿਤਿਕ ਮੁੱਲ ਨੂੰ ਸਮਝ ਸਕਣ। ਉਨ੍ਹਾਂ ਸੂਫ਼ੀ ਸੰਗੀਤ - ਨਵੀਂ ਪੀੜ੍ਹੀ ਨੂੰ ਅਮੀਰ ਵਿਰਾਸਤ ਨਾਲ ਜੋੜਨ ਵਾਲੀ ਅਹਿਮ ਕੜੀ ਦੱਸਿਆ।
ਸਪੀਕਰ ਨੇ ਅੱਗੇ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਆਪਣੀ ਅਸਲ ਵਿਰਾਸਤ ਵੱਲ ਵਧਾਉਣ ਲਈ ਸਰਕਾਰੀ ਪੱਧਰ 'ਤੇ ਵੀ ਸਾਹਿਤ, ਕਲਾ, ਅਤੇ ਸੰਗੀਤ ਨੂੰ ਵਧਾਵਾ ਦਿੱਤਾ ਜਾਵੇਗਾ। ਸੂਫ਼ੀ ਰਚਨਾਵਾਂ ਅਤੇ ਪੁਰਾਤਨ ਕਲਾਵਾਂ ਨੂੰ ਪ੍ਰਚਾਰਤ ਕਰਕੇ ਇਹ ਸਾਂਝੀ ਵਿਰਾਸਤ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਈ ਜਾਵੇਗੀ।
ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਕਜੁੱਟਤਾ, ਭਾਈਚਾਰੇ ਅਤੇ ਅਮੀਰ ਪੰਜਾਬੀ ਵਿਰਾਸਤ ਨੂੰ ਸੰਭਾਲਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ "ਪੰਜਾਬ ਸਿਰਫ਼ ਇੱਕ ਭੂਗੋਲਕ ਹਿੱਸਾ ਨਹੀਂ, ਬਲਕਿ ਇੱਕ ਸੋਚ, ਇੱਕ ਸੰਸਕ੍ਰਿਤਿਕ ਅਹਿਸਾਸ ਅਤੇ ਇੱਕਜੁੱਟਤਾ ਦਾ ਰਿਸ਼ਤਾ ਹੈ।"
ਉਨ੍ਹਾਂ ਨੇ ਪ੍ਰਬੰਧਕਾ ਦੇ ਇਸ ਸਮਾਗਮ ਨੂੰ ਆਯੋਜਿਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਲਾਘਾ ਕੀਤੀ ਅਤੇ ਆਉਣ ਵਾਲੇ ਸਮਿਆਂ ਵਿੱਚ ਇਸ ਤਰ੍ਹਾਂ ਦੇ ਆਯੋਜਨ ਜਾਰੀ ਰੱਖਣ ਦੀ ਵੀ ਅਪੀਲ ਕੀਤੀ । ਇਸ ਮੌਕੇ ਪੰਜਾਬੀ ਅਦਾਕਾਰ ਹੋਬੀ ਥਾਲੀਵਾਲ ਦੀ ਧਰਮ ਪਤਨੀ ਦੇ ਜਨਮ ਦਿਨ ਦਾ ਕੇਕ ਵੀ ਕੱਟੀਆਂ ਗਿਆ ।
ਇਸ ਮੌਕੇ ਐਸ.ਪੀ. ਸਵਰਨਜੀਤ ਕੌਰ, ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਜਾਫ਼ਰ ਅਲੀ, ਗੁਰਮੁੱਖ ਸਿੰਘ, ਮੁਹੰਮਦ ਨਾਸਰ,ਮੁਹੰਮਦ ਹਲੀਮ,ਐਮ.ਡੀ ਸਿਟੀ ਸੈਂਟਰ ਮਾਲੇਰਕੋਟਲਾ ਸਿਮਰਨਜੀਤ ਸਿੰਘ, ਗੁਰਸਿਮਰਨ ਸਿੰਘ, ਸਿਮਰਦੀਪ ਸਿੰਘ ਮਾਨ,ਜਗਦੀਪ ਸਿੰਘ,ਡਾ ਉਨਕਾਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ।