ਜਲੰਧਰ ਦੇ ਗੁਰਿੰਦਰਵੀਰ ਸਿੰਘ ਨੇ 100 ਮੀਟਰ ਫਰਾਟਾ ਦੌੜ 'ਚ 10.20 ਸਕਿੰਟ ਦੇ ਸਮੇਂ ਨਾਲ ਬਣਾਇਆ ਨਵਾਂ ਰਿਕਾਰਡ
- ਪੰਜਾਬ ਸਰਕਾਰ ਵਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਦਿੱਤੀ ਵਧਾਈ
- ਕਿਹਾ, ਜਲੰਧਰ ਪੁੱਜਣ 'ਤੇ ਕੀਤਾ ਜਾਵੇਗਾ ਸਵਾਗਤ ਅਤੇ ਸਨਮਾਨ
ਜਲੰਧਰ, 29 ਮਾਰਚ 2025 - ਬੰਗਲੌਰ ਵਿਖੇ ਪਹਿਲੀ ਇੰਡੀਅਨ ਗ੍ਰਾਂ.ਪ੍ਰੀ. ਵਿੱਚ ਜਲੰਧਰ ਦੇ ਗੁਰਿੰਦਰਵੀਰ ਸਿੰਘ ਨੇ 100 ਮੀਟਰ ਫਰਾਟਾ ਦੌੜ ਵਿੱਚ 10.20 ਸਕਿੰਟ ਦੇ ਸਮੇਂ ਨਾਲ ਨਵਾਂ ਕੌਮੀ ਰਿਕਾਰਡ ਬਣਾਉਂਦਿਆਂ ਗੋਲਡ ਮੈਡਲ ਜਿੱਤਿਆ। ਇਸ ਜਿੱਤ ਦੇ ਨਾਲ ਹੀ ਉਸ ਨੇ ਏਸ਼ੀਅਨ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ। ਪਹਿਲੀ ਵਾਰ ਕੋਈ ਭਾਰਤੀ ਅਥਲੀਟ 10.20 ਸਕਿੰਟ ਵਿੱਚ ਦੌੜਿਆ। ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਜਲੰਧਰ ਵਿੱਚ ਕੋਚ ਸਰਬਜੀਤ ਸਿੰਘ ਦੇ ਟ੍ਰੇਨਰ ਗੁਰਿੰਦਰਵੀਰ ਸਿੰਘ ਨੇ ਫ਼ਾਈਨਲ ਦੌੜ ਵਿੱਚ ਦੋਵੇਂ ਪੁਰਾਣੇ ਨੈਸ਼ਨਲ ਰਿਕਾਰਡ ਹੋਲਡਰ ਮਨੀਕਾਂਤਾ ਤੇ ਇਮਲਾਨ ਬੋਰਗੇਨ ਨੂੰ ਪਛਾੜਿਆ। ਇਸ ਦੇ ਨਾਲ ਉਹ ਭਾਰਤ ਦੇ ਇਤਿਹਾਸ ਦਾ ਸਭ ਤੋਂ ਤੇਜ਼ ਦੌੜਾਕ ਅਤੇ ਦੁਨੀਆਂ ਦਾ ਸਭ ਤੋਂ ਤੇਜ਼ ਸਿੱਖ ਦੌੜਾਕ ਬਣਿਆ।
ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਪੰਜਾਬ ਸਰਕਾਰ ਵਲੋਂ ਗੁਰਿੰਦਰਵੀਰ ਸਿੰਘ ਅਤੇ ਉਸਦੇ ਪਰਿਵਾਰ ਸਮੇਤ ਖੇਡ ਪ੍ਰੇਮੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਜਲੰਧਰ ਦੇ ਵਸਨੀਕ ਇਸ ਖਿਡਾਰੀ ਦੇ ਜਲੰਧਰ ਵਿਖੇ ਪੁੱਜਣ 'ਤੇ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ ਗੁਰਿੰਦਰਵੀਰ ਸਿੰਘ ਵਲੋਂ ਨਵਾਂ ਰਿਕਾਰਡ ਕਾਇਮ ਕੀਤਾ ਜਾਵੇਗਾ।