ਸਕੂਲੀ ਬੱਚਿਆਂ ਦੇ ਪੀਰੀਅਡ 'ਚ ਬ੍ਰੇਕ ਬਾਰੇ CM ਮਾਨ ਦਾ ਵੱਡਾ ਐਲਾਨ
ਚੰਡੀਗੜ੍ਹ, 1 ਅਪ੍ਰੈਲ 2025 -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲੀ ਬੱਚਿਆਂ ਦੇ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਲਈ ਨਵੀਂ ਯੋਜਨਾ ਬਣਾਉਣ ਜਾ ਰਹੀ ਹੈ। ਮਾਨ ਨੇ ਕਿਹਾ ਕਿ ਫਿਨਲੈਂਡ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਹਰ ਪੀਰੀਅਡ ਵਿਚ ਕੁੱਝ ਸਮੇਂ ਦੀ ਬ੍ਰੇਕ ਮਿਲਦੀ ਹੈ। ਹੁਣ ਅਸੀਂ ਵੀ ਸੋਚ ਰਹੇ ਹਾਂ ਅਤੇ ਇਸ ਨੀਤੀ ਤੇ ਕੰਮ ਕਰਨ ਦੀ ਕੋਸਿਸ਼ ਕਰ ਰਹੇ ਹਾਂ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਪੀਰੀਅਡ ਦੌਰਾਨ ਬ੍ਰੇਕ ਦਿੱਤੀ ਜਾਵੇ। ਮਾਨ ਨੇ ਕਿਹਾ ਕਿ ਇੱਕ ਪੀਰੀਅਡ ਵਿੱਚ 5 ਮਿੰਟ ਦੀ ਬ੍ਰੇਕ ਹਰ ਬੱਚੇ ਲਈ ਲਾਜ਼ਮੀ ਹੋਣੀ ਚਾਹੀਦੀ ਹੈ, ਤਾਂ ਜੋ ਬੱਚਿਆਂ ਤੇ ਕਿਸੇ ਤਰ੍ਹਾਂ ਦਾ ਬੋਝ ਨਾ ਪਵੇ ਅਤੇ ਬੱਚੇ ਫਰੈਸ਼ ਮਾਈਡ ਦੇ ਨਾਲ ਪੜ੍ਹਾਈ ਕਰ ਸਕਣ। ਉਨ੍ਹਾਂ ਕਿਹਾ ਕਿ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ, ਇੱਕ ਦੋ ਸਕੂਲਾਂ ਵਿੱਚ ਟੈਸਟ ਕਰਕੇ ਦੇਖਦੇ ਹਾਂ, ਫਿਰ ਪੂਰੇ ਪੰਜਾਬ ਵਿੱਚ ਇਹ ਨੀਤੀ ਲਾਗੂ ਕੀਤੀ ਜਾਵੇਗੀ।