Punjab News: ਪਿਛਲੇ ਹਾਕਮਾਂ ਨੇ ਪੰਜਾਬ ਅਤੇ ਇਸਦੇ ਪਾਣੀਆਂ ਨੂੰ ਆਪਣੇ ਨਿੱਜੀ ਫਾਇਦਿਆਂ ਲਈ ਵੰਡਿਆ: ਮੰਤਰੀ ਗੋਇਲ
"ਕੇਂਦਰ ਸਰਕਾਰ ਨਸੀਹਤਾਂ ਦੇਣ ਦੀ ਬਜਾਏ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਆਪਣਾ ਫ਼ਰਜ਼ ਨਿਭਾਏ"
ਚੰਡੀਗੜ੍ਹ/ਮਾਨਸਾ, 31 ਮਾਰਚ 2025- ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਜ਼ਿਲ੍ਹਾ ਮਾਨਸਾ ਦੇ ਹਲਕਾ ਸਰਦੂਲਗੜ੍ਹ ਵਿੱਚ ਨਵੇਂ ਬਣਾਏ ਚਾਰ ਮਾਈਨਰਾਂ ਅਤੇ ਇੱਕ ਪੁਲ ਦਾ ਉਦਘਾਟਨ ਕੀਤਾ। ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੇ ਗਏ ਇਨ੍ਹਾਂ ਪ੍ਰਾਜੈਕਟਾਂ ਨਾਲ ਇਸ ਖੇਤਰ ਵਿੱਚ ਸਿੰਜਾਈ ਸਹੂਲਤਾਂ ਵਿੱਚ ਹੋਰ ਵਾਧਾ ਹੋਵੇਗਾ।
ਇਨ੍ਹਾਂ ਪ੍ਰਾਜੈਕਟਾਂ ਨੂੰ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿੱਥੇ 12.82 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮਾਈਨਰ ਰੋੜਕੀ ਮਾਈਨਰ, ਖੈਰਾ ਮਾਈਨਰ, ਝੰਡਾ ਮਾਈਨਰ ਅਤੇ ਮਾਈਨਰ ਨੰਬਰ-11 ਬੋਹਾ ਡਿਸਟ੍ਰੀਬਿਊਟਰੀ ਦਾ ਕੰਮ ਮੁਕੰਮਲ ਕੀਤਾ ਗਿਆ ਹੈ, ਉਥੇ 2.10 ਕਰੋੜ ਰੁਪਏ ਨਾਲ ਇਤਿਹਾਸਕ ਮਹੱਤਤਾ ਵਾਲਾ ਪੁਲ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਰੋੜਕੀ ਮਾਈਨਰ ਦੀ ਕੁੱਲ ਲੰਬਾਈ 45125 ਫੁੱਟ ਹੈ ਜਿਸ ਰਾਹੀਂ ਸਰਦੂਲਗੜ੍ਹ ਬਲਾਕ ਦੇ ਪਿੰਡਾਂ ਆਹਲੂਪੁਰ, ਕੌੜੀਵਾੜਾ, ਭੱਲਣਵਾੜਾ, ਸਰਦੂਲਗੜ੍ਹ, ਫੂਸਮੰਡੀ, ਰਣਜੀਤਗੜ੍ਹ ਬਾਂਦਰਾਂ, ਖੈਰਾ ਖੁਰਦ, ਭੂੰਦੜ, ਰੋੜਕੀ, ਝੰਡਾ ਖੁਰਦ, ਸਾਧੂਵਾਲਾ, ਮੀਰਪੁਰ ਖੁਰਦ, ਟਿੱਬੀ ਹਰੀ ਸਿੰਘ, ਸਰਦੂਲੇਵਾਲਾ ਨੂੰ ਪੀਣਯੋਗ ਅਤੇ ਰਕਬੇ ਨੂੰ ਸਿੰਜਾਈਯੋਗ ਪਾਣੀ ਮੁਹੱਈਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 7636 ਏਕੜ ਰਕਬੇ ਨੂੰ ਲਾਭ ਪੁੱਜੇਗਾ। ਇਸੇ ਤਰ੍ਹਾਂ ਖੈਰਾ ਮਾਈਨਰ, ਜੋ 22040 ਫੁੱਟ ਲੰਮਾ ਹੈ, ਰਾਹੀਂ ਸਰਦੂਲਗੜ੍ਹ ਬਲਾਕ ਦੇ ਪਿੰਡਾਂ ਖੈਰਾ ਖੁਰਦ, ਆਹਲੂਪੁਰ, ਖੈਰਾ ਕਲਾਂ, ਝੰਡਾ ਕਲਾਂ, ਸਰਦੂਲਗੜ੍ਹ ਨੂੰ ਪੀਣਯੋਗ ਅਤੇ ਸਿੰਜਾਈਯੋਗ ਪਾਣੀ ਮੁਹੱਈਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਈਨਰ ਨਾਲ 1934 ਏਕੜ ਰਕਬੇ ਨੂੰ ਸਿੰਜਾਈ ਸਹੂਲਤਾਂ ਮਿਲਣਗੀਆਂ। ਕੈਬਨਿਟ ਮੰਤਰੀ ਨੇ ਦੱਸਿਆ ਕਿ 19180 ਫੁੱਟ ਲੰਮੇ ਝੰਡਾ ਮਾਈਨਰ ਰਾਹੀਂ ਸਰਦੂਲਗੜ੍ਹ ਬਲਾਕ ਦੇ ਪਿੰਡਾਂ ਮਾਨਖੇੜਾ ਅਤੇ ਝੰਡਾ ਕਲਾਂ ਨੂੰ ਪੀਣਯੋਗ ਪਾਣੀ ਮਿਲੇਗਾ ਅਤੇ 2586 ਏਕੜ ਰਕਬੇ ਨੂੰ ਸਿੰਜਾਈਯੋਗ ਪਾਣੀ ਮਿਲ ਸਕੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਾਈਨਰ ਨੰਬਰ-11 ਬੋਹਾ ਡਿਸਟ੍ਰੀਬਿਊਟਰੀ, ਜੋ 22575 ਫੁੱਟ ਲੰਮੀ ਹੈ, ਰਾਹੀਂ ਸਰਦੂਲਗੜ੍ਹ ਬਲਾਕ ਦੇ ਪਿੰਡਾਂ ਮੀਰਪੁਰ ਖੁਰਦ, ਜਟਾਣਾਂ ਕਲਾਂ, ਟਿੱਬੀ ਹਰੀ ਸਿੰਘ, ਸਰਦੂਲੇਵਾਲਾ, ਕਾਹਨੇਵਾਲਾ ਨੂੰ ਪੀਣਯੋਗ ਅਤੇ ਸਿੰਜਾਈਯੋਗ ਪਾਣੀ ਮੁਹੱਈਆ ਹੁੰਦਾ ਹੈ। ਇਸ ਨਾਲ 4114 ਏਕੜ ਰਕਬੇ ਦੀ ਸਿੰਜਾਈ ਯਕੀਨੀ ਬਣੇਗੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਘੱਗਰ ਦਰਿਆ ਉੱਪਰ ਸਟੀਲ ਫੁੱਟ ਬ੍ਰਿਜ, ਜੋ 2.10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਵੀ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਸਾਲ ਦੇ ਰਿਕਾਰਡ ਸਮੇਂ ਵਿਚ ਤਿਆਰ ਕੀਤੇ ਗਏ ਇਸ ਪੁੱਲ ਨਾਲ ਤਿੰਨ ਤੋਂ ਚਾਰ ਪਿੰਡਾਂ ਦੇ ਲੋਕਾਂ ਨੂੰ ਘੱਗਰ ਦਰਿਆ ਨੂੰ ਪਾਰ ਕਰਨ ਵਿੱਚ ਆਸਾਨੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇੱਥੇ ਇੱਕ ਪੁਰਾਣਾ ਪੁਲ ਸੀ ਜਿਸ ਨੂੰ ਸਾਲ 2023 ਦੇ ਹੜ੍ਹਾਂ ਦੌਰਾਨ ਪਾਣੀ ਦੀ ਡਾਫ਼ ਲੱਗਣ ਕਾਰਨ ਤੋੜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਨਵਾਂ ਪੁਲ ਪਾਣੀ ਦੇ ਹਰ ਪੱਧਰ ਨੂੰ ਸਹਿਣ ਕਰਨ ਲਈ ਬਣਾਇਆ ਗਿਆ ਹੈ। ਇਸ ਪੁੱਲ ਦਾ ਸਪੈਨ ਤਿੰਨ ਮੀਟਰ ਰੱਖਿਆ ਗਿਆ ਹੈ ਅਤੇ ਇਹ ਪੁੱਲ ਤਕਰੀਬਨ 94 ਮੀਟਰ ਲੰਬਾ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹੁਣ ਤੱਕ ਸੂਬੇ ਵਿੱਚ 17565 ਦੇ ਕਰੀਬ ਖਾਲ ਬਣਾਏ ਅਤੇ ਬਹਾਲ ਕੀਤੇ ਹਨ ਅਤੇ 4500 ਕਿਲੋਮੀਟਰ ਅੰਡਰਗਰਾਊਂਡ ਪਾਈਪਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਅਸੀਂ 4557 ਕਰੋੜ ਰੁਪਏ ਨਹਿਰਾਂ 'ਤੇ ਖਰਚ ਕੀਤੇ ਹਨ, ਜੋ ਪਿਛਲੀਆਂ ਸਰਕਾਰਾਂ ਨਾਲੋਂ ਇਸ ਅਰਸੇ ਦੌਰਾਨ ਨਹਿਰਾਂ 'ਤੇ ਕੀਤੇ ਗਏ ਖ਼ਰਚੇ ਨਾਲੋਂ ਦੋ ਗੁਣਾਂ ਤੋਂ ਵੀ ਵੱਧ ਰਕਮ ਹੈ।
ਉਨ੍ਹਾਂ ਕਿਹਾ ਕਿ ਮਾਨਸਾ, ਪਟਿਆਲਾ ਅਤੇ ਸੰਗਰੂਰ ਆਦਿ ਜ਼ਿਲ੍ਹਿਆਂ ਲਈ ਮਾਨ ਸਰਕਾਰ ਨੇ 35 ਕਰੋੜ ਰੁਪਏ ਖ਼ਰਚ ਕੇ ਸਰਹਿੰਦ ਫੀਡਰ ਨੂੰ ਪੱਕਾ ਕੀਤਾ ਹੈ। ਕਰੀਬ 25 ਕਿਲੋਮੀਟਰ ਲੰਮੇ ਹਿੱਸੇ ਨੂੰ ਸਵਾ ਮਹੀਨੇ ਵਿੱਚ ਪੱਕਾ ਕੀਤਾ ਗਿਆ ਅਤੇ ਇਸ ਦੀ ਪਾਣੀ ਦੀ ਸਮਰੱਥਾ 900 ਕਿਊਸਿਕ ਤੋਂ ਵਧਾ ਕੇ 1600 ਕਿਊਸਿਕ ਕਰ ਦਿੱਤੀ ਗਈ ਹੈ ਤਾਂ ਜੋ ਜ਼ਿਲ੍ਹੇ ਵਿਚ ਸਿੰਜਾਈਯੋਗ ਪਾਣੀ ਆ ਸਕੇ। ਉਨ੍ਹਾਂ ਦੱਸਿਆ ਕਿ ਅਸੀਂ ਪਾਣੀਆਂ ਦੀ ਰੈਸ਼ਨਲਾਈਜੇਸ਼ਨ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਪਿਛਲੇ ਹਾਕਮਾਂ ਨੇ ਪੰਜਾਬ ਦੇ ਨਾਲ-ਨਾਲ ਇਸ ਦੇ ਪਾਣੀਆਂ ਨੂੰ ਵੀ ਆਪਣੇ ਨਿੱਜੀ ਫਾਇਦਿਆਂ ਲਈ ਵੰਡ ਲਿਆ ਸੀ। ਆਪਣੇ ਇਲਾਕਿਆਂ ਵਿੱਚ ਪਾਣੀ ਵੱਧ ਲੈ ਲਿਆ ਅਤੇ ਦੂਜੇ ਖੇਤਰਾਂ ਨੂੰ ਰੱਬ ਆਸਰੇ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਿੱਥੇ ਇਨ੍ਹਾਂ ਹਾਕਮਾਂ ਦੀਆਂ ਜ਼ਮੀਨਾਂ ਸੀ, ਉਥੇ ਪਾਣੀ ਦੀ ਬਹੁਤਾਤ ਸੀ ਅਤੇ ਜਲ ਭੱਤਾ ਕਿਤੇ ਸੱਤ ਅਤੇ ਕਿਤੇ ਛੇ ਕਿਊਸਿਕ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਪਾਣੀਆਂ ਵੀ ਕਾਣੀ ਵੰਡ ਨੂੰ ਸਹੀ ਕਰ ਰਹੇ ਹਾਂ। ਇਸੇ ਲੜੀ ਤਹਿਤ ਜ਼ਿਲ੍ਹੇ ਵਿੱਚ ਪਾਣੀ ਦੋ ਕਿਊਸਿਕ ਤੋਂ ਵਧਾ ਕੇ ਤਿੰਨ ਕਿਊਸਿਕ ਕੀਤਾ ਗਿਆ ਹੈ।
ਕੇਂਦਰ ਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਧਰਤੀ ਹੇਠਲੇ ਪਾਣੀ ਨੂੰ ਦੇਸ਼ ਦਾ ਢਿੱਡ ਭਰਨ ਲਈ ਕੱਢਿਆ। ਪੰਜਾਬ ਨੇ ਆਪਣਾ ਸਾਰਾ ਕੁਝ ਗਵਾ ਕੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਪਰ ਪੰਜਾਬ ਦੇ ਲੋਕਾਂ ਪ੍ਰਤੀ ਕੇਂਦਰ ਸਰਕਾਰ ਆਪਣੇ ਫ਼ਰਜ਼ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ 17 ਹਜ਼ਾਰ ਕਰੋੜ ਰੁਪਏ ਖਾਲ ਬਣਾਉਣ ਅਤੇ ਅੰਡਰਗਰਾਊਂਡ ਪਾਈਪਾਂ ਪਾਉਣ ਲਈ ਲੋੜੀਂਦੇ ਹਨ। ਜੇ ਪੂਰੇ ਪੰਜਾਬ ਵਿੱਚ ਖਾਲੇ ਬਣ ਜਾਂਦੇ ਅਤੇ ਜ਼ਮੀਨਦੋਜ਼ ਪਾਈਪ ਪੈ ਜਾਂਦੇ ਹਨ ਤਾਂ ਪੰਜਾਬ ਦੇ 20 ਫ਼ੀਸਦੀ ਪਾਣੀ ਦੀ ਹੋਰ ਬੱਚਤ ਹੋ ਸਕਦੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਆਪਣਾ ਫ਼ਰਜ਼ ਨਿਭਾਏ ਨਾਕਿ ਨਸੀਹਤਾਂ ਦੇ ਕੇ ਸਮਾਂ ਟਪਾਏ।
ਇਸ ਮੌਕੇ ਵਿਧਾਇਕ ਸਰਦੂਲਗੜ੍ਹ ਸ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕਰਨਾ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਸਿਹਰਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਸਰਦੂਲਗੜ੍ਹ ਹਲਕੇ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਚਰਨਜੀਤ ਸਿੰਘ ਅੱਕਾਂਵਾਲੀ, ਸੁਆਮੀ ਵਿਵੇਕਾਨੰਦ ਜੀ ਮੁਖੀ ਡੇਰਾ ਜੱਸੀ ਪੋ ਵਾਲੀ, ਮਹੰਤ ਅਮ੍ਰਿੰਤ ਮੁਨੀ ਮੁਖੀ ਡੇਰਾ ਬਾਬਾ ਭਾਈ ਗੁਰਦਾਸ, ਬਾਬਾ ਕੇਸਰ ਦਾਸ ਡੇਰਾ ਬਾਬਾ ਭਾਨੀ ਦਾਸ, ਬਾਬਾ ਕੇਵਲ ਦਾਸ ਡੇਰਾ ਬਾਬਾ ਹਕਤਾਲਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਿੰਡਾਂ ਦੇ ਸਰਪੰਚਾਂ-ਪੰਚਾਂ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਵੀ ਮੌਜੂਦ ਸਨ।