ਜੱਟ ਪਰਿਵਾਰ 'ਚ ਪੈਦਾ ਹੋਇਆ ਬਜਿੰਦਰ ਕਿਵੇਂ ਬਣਿਆ ਈਸਾਈ ਪਾਸਟਰ? ਪੜ੍ਹੋ ਪੂਰੀ ਕਹਾਣੀ ਅਤੇ ਜੇਲ੍ਹ ਯਾਤਰਾ
ਗੁਰਪ੍ਰੀਤ
ਚੰਡੀਗੜ੍ਹ, 1 ਅਪ੍ਰੈਲ 2025- ਬੇਸ਼ੱਕ 21ਵੀਂ ਸਦੀ ਦੇ ਵਿੱਚ ਅਸੀਂ ਜਿਉਂ ਰਹੇ ਹਾਂ, ਪਰ ਫਿਰ ਵੀ ਬਹੁਤ ਸਾਰੇ ਲੋਕ ਹਾਲੇ 18ਵੀਂ ਅਤੇ 19ਵੀਂ ਸਦੀ ਵਿੱਚ ਲਗੇ ਫਿਰਦੇ ਹਨ। ਵਿਗਿਆਨ ਸਾਬਤ ਕਰ ਚੁੱਕਿਆ ਹੈ ਕਿ ਭੂਤ ਪ੍ਰੇਤ ਅਤੇ ਗੈਬੀ ਸ਼ਕਤੀਆਂ ਕੁੱਝ ਨਹੀਂ ਹੁੰਦੀਆਂ, ਪਰ ਬਾਵਜੂਦ ਇਸ ਲਗਾਤਾਰ ਸਾਡੇ ਸਮਾਜ ਦੇ ਅੰਦਰ ਕੁੱਝ ਸ਼ੈਤਾਨ ਬੰਦੇ ਰੱਬ ਦਾ ਡਰਾਵਾ ਦੇ ਕੇ ਲੋਕਾਂ ਦੀ ਲੁੱਟ ਕਰ ਰਹੇ ਹਨ ਅਤੇ ਇੱਥੋਂ ਤੱਕ ਕਈ ਥਾਵਾਂ ਤੇ ਤਾਂ ਇਹ ਸ਼ੈਤਾਨ ਬੰਦੇ ਬਲਾਤਕਾਰ ਅਤੇ ਕਤਲ ਵਰਗੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਚੁੱਕੇ ਹਨ ਅਤੇ ਦੇ ਰਹੇ ਹਨ।
ਖ਼ੈਰ, ਅੱਜ 1 ਅਪ੍ਰੈਲ 2025 ਨੂੰ ਇੱਕ ਹੋਰ ਧਾਰਮਿਕ ਆਗੂ ਨੂੰ ਅਦਾਲਤ ਨੇ ਬਲਾਤਕਾਰ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਈਸਾਈ ਪਾਸਟਰ ਬਜਿੰਦਰ ਸਿੰਘ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਸਥਾਨਕ ਅਦਾਲਤ ਨੇ ਇੱਕ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਅੱਜ 1 ਅਪ੍ਰੈਲ 2025 ਨੂੰ ਅਦਾਲਤ ਨੇ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਹ ਆਪਣੀ ਸੰਸਥਾ 'ਚਰਚ ਆਫ਼ ਗਲੋਰੀ ਐਂਡ ਵਿਜ਼ਡਮ' ਰਾਹੀਂ ਕਥਿਤ ਚਮਤਕਾਰੀ ਇਲਾਜ ਅਤੇ ਵੱਡੀ ਗਿਣਤੀ ਵਿੱਚ ਅਨੁਯਾਈਆਂ ਨੂੰ ਆਕਰਸ਼ਿਤ ਕਰਨ ਲਈ ਜਾਣਿਆ ਜਾਂਦਾ ਸੀ।
ਜੱਟ ਪਰਿਵਾਰ 'ਚ ਪੈਦਾ ਹੋਇਆ ਬਜਿੰਦਰ
ਵਿੱਕੀਪੀਡੀਆ ਦੇ ਆਰਟੀਕਲ ਅਨੁਸਾਰ, ਬਜਿੰਦਰ ਸਿੰਘ ਦਾ ਜਨਮ ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਜੱਟ ਪਰਿਵਾਰ ਵਿੱਚ ਹੋਇਆ ਸੀ। 2000 ਦੇ ਸ਼ੁਰੂਆਤੀ ਸਾਲਾਂ ਵਿੱਚ ਉਸ ਨੂੰ ਕਤਲ ਦੇ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਹੋਈ ਸੀ। ਜੇਲ੍ਹ ਤੋਂ ਰਿਹਾਈ ਤੋਂ ਬਾਅਦ, ਉਸ ਨੇ 2012 ਵਿੱਚ ਪ੍ਰਾਰਥਨਾ ਸਭਾਵਾਂ ਸ਼ੁਰੂ ਕੀਤੀਆਂ।

ਪਾਸਟਰ ਬਜਿੰਦਰ ਸਿੰਘ ਦੀ ਸੰਸਥਾ ਨੇ ਚਮਤਕਾਰੀ ਇਲਾਜ ਅਤੇ ਵੱਖ-ਵੱਖ ਸਿਹਤ ਸਮੱਸਿਆਵਾਂ ਦੇ ਹੱਲ ਦੇ ਦਾਅਵੇ ਕੀਤੇ। ਉਸਦੀ ਸੰਸਥਾ ਨੇ ਪੰਜਾਬ ਸਮੇਤ ਕਈ ਥਾਵਾਂ 'ਤੇ ਆਪਣੀਆਂ ਸ਼ਾਖਾਵਾਂ ਸਥਾਪਿਤ ਕੀਤੀਆਂ ਅਤੇ ਵੱਡੀਆਂ ਪ੍ਰਾਰਥਨਾ ਸਭਾਵਾਂ ਦਾ ਆਯੋਜਨ ਕੀਤਾ, ਜਿਨ੍ਹਾਂ ਵਿੱਚ ਅਕਸਰ ਜਨਤਕ ਪ੍ਰਦਰਸ਼ਨ ਵੀ ਸ਼ਾਮਲ ਹੁੰਦੇ ਸਨ।
ਬਜਿੰਦਰ ਨੂੰ ਔਰਤ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪਹਿਲਾਂ ਵੀ ਕੀਤਾ ਗਿਆ ਸੀ ਗ੍ਰਿਫਤਾਰ
2018 ਵਿੱਚ ਬਜਿੰਦਰ ਸਿੰਘ ਨੂੰ ਪੰਜਾਬ ਦੇ ਜ਼ੀਰਕਪੁਰ ਦੀ ਇੱਕ ਔਰਤ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਲਜ਼ਾਮ ਸੀ ਕਿ ਉਸ ਨੇ ਪੀੜਤ ਨੂੰ ਵਿਦੇਸ਼ ਯਾਤਰਾ ਦੇ ਮੌਕੇ ਦੇਣ ਦੇ ਬਹਾਨੇ ਨਾਲ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਇਲਾਵਾ, ਕਈ ਪਰਿਵਾਰਾਂ ਨੇ ਉਸ 'ਤੇ ਕਮਜ਼ੋਰ ਲੋਕਾਂ ਦਾ ਸ਼ੋਸ਼ਣ ਕਰਨ ਅਤੇ ਵਿੱਤੀ ਧੋਖਾਧੜੀ ਦੇ ਦੋਸ਼ ਲਾਏ, ਜਿਸ ਵਿੱਚ ਇਲਾਜ ਦੇ ਨਾਂ 'ਤੇ ਵੱਡੀਆਂ ਰਕਮਾਂ ਦੀ ਮੰਗ ਕਰਨਾ ਸ਼ਾਮਲ ਸੀ, ਜਿਸ ਦੇ ਕਥਿਤ ਤੌਰ 'ਤੇ ਕੋਈ ਨਤੀਜੇ ਨਹੀਂ ਨਿਕਲੇ।

ਬਜਿੰਦਰ ਸਿੰਘ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ
ਮਾਰਚ 2025 ਵਿੱਚ, ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਸੁਣਵਾਈ ਦੌਰਾਨ, ਇੱਕ ਕਥਿਤ ਵੀਡੀਓ ਵਾਇਰਲ ਹੋਈ, ਜਿਸ ਵਿੱਚ ਬਜਿੰਦਰ ਸਿੰਘ ਨੂੰ ਆਪਣੇ ਦਫ਼ਤਰ ਵਿੱਚ ਇੱਕ ਪੁਰਸ਼ ਅਤੇ ਇੱਕ ਔਰਤ 'ਤੇ ਹਮਲਾ ਕਰਦੇ ਹੋਏ ਦਿਖਾਇਆ ਗਿਆ। ਇਸ ਤੋਂ ਬਾਅਦ, 28 ਮਾਰਚ 2025 ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਅਦਾਲਤ ਨੇ ਬਜਿੰਦਰ ਨੂੰ 2018 ਦੇ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਅਤੇ ਅੱਜ 1 ਅਪ੍ਰੈਲ 2025 ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ।

ਪੀੜਤਾ ਨੇ ਅਦਾਲਤ ਅਤੇ ਪੁਲਿਸ ਦਾ ਕੀਤਾ ਧੰਨਵਾਦ
ਇੱਕ ਰਿਪੋਰਟ ਅਨੁਸਾਰ, ਪੀੜਤਾ ਦੇ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਕਿਹਾ ਕਿ ਉਸ ਨੂੰ ਆਖ਼ਰੀ ਸਾਹ ਤੱਕ ਜੇਲ੍ਹ 'ਚ ਰਹਿਣਾ ਪਵੇਗਾ। ਪੀੜਤਾ ਨੇ ਇਸ ਮਾਮਲੇ ਵਿੱਚ ਅਦਾਲਤ ਅਤੇ ਪੁਲਿਸ ਦਾ ਧੰਨਵਾਦ ਕੀਤਾ ਹੈ। ਇਹ ਸਜ਼ਾ ਅਜਿਹੇ ਸਮੇਂ ਵਿਚ ਆ ਰਹੀ ਹੈ ਜਦੋਂ ਬਜਿੰਦਰ ਸਿੰਘ ਇੱਕ ਹੋਰ ਔਰਤ ਨਾਲ ਜਿਨਸੀ ਸ਼ੋਸ਼ਣ ਅਤੇ ਕੁੱਟਮਾਰ ਦੇ ਇੱਕ ਹੋਰ ਮਾਮਲੇ ਵਿਚ ਘਿਰਿਆ ਹੋਇਆ ਹੈ।
ਬਜਿੰਦਰ ਨੂੰ 3 ਦਿਨ ਪਹਿਲਾਂ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਉਹ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਪਾਸਟਰ ਬਜਿੰਦਰ ਜ਼ੀਰਕਪੁਰ ਦੀ ਲੜਕੀ ਨੂੰ ਵਿਦੇਸ਼ 'ਚ ਸੈਟਲ ਕਰਨ ਦੇ ਬਹਾਨੇ ਆਪਣੇ ਘਰ ਲੈ ਗਿਆ ਸੀ। ਜਿੱਥੇ ਉਸ ਨਾਲ ਜਬਰ ਜ਼ਿਨਾਹ ਦੀ ਵੀਡੀਓ ਬਣਾਈ ਸੀ। ਉਸ ਨੇ ਪੀੜਤਾ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਉਸ ਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦੇਵੇਗਾ। ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਪਾਦਰੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨੂੰ ਕੀਤਾ ਰੱਦ
ਔਰਤ ਨਾਲ ਜਬਰ ਜ਼ਿਨਾਹ ਮਾਮਲੇ 'ਚ ਨਾਮਜ਼ਦ ਪਾਸਟਰ ਬਜਿੰਦਰ ਸਿੰਘ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੇ ਵਕੀਲ ਐਚ.ਐਸ ਧਨੋਆ ਨੇ ਪਾਦਰੀ ਖ਼ਿਲਾਫ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਸੀ ਕਿ 3 ਮਾਰਚ ਨੂੰ ਪਾਸਟਰ ਬਜਿੰਦਰ ਸਿੰਘ ਹਸਪਤਾਲ ਵਿੱਚ ਦਾਖ਼ਲ ਸੀ।
ਜਿਸ ਕਾਰਨ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਿਆ ਅਤੇ ਉਸ ਵੱਲੋਂ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ। ਦੂਜੇ ਪਾਸੇ ਅਦਾਲਤ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਜਿੰਦਰ ਸਿੰਘ ਦੇ ਗੈਰ-ਜ਼ਮਾਨਤੀ ਵਾਰੰਟ ਨੂੰ ਰੱਦ ਕਰਦਿਆਂ ਕੇਸ ਦੀ ਅਗਲੀ ਸੁਣਵਾਈ ਲਈ 24 ਮਾਰਚ ਦੀ ਤਰੀਕ ਤੈਅ ਕਰ ਦਿੱਤੀ ਸੀ। ਜਿਸ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਅਤੇ ਅੱਜ 1 ਅਪ੍ਰੈਲ 2025 ਨੂੰ ਅਦਾਲਤ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
.jpg)
2018 'ਚ ਔਰਤ ਨੇ ਲਗਾਇਆ ਸੀ ਯੋਨ ਸ਼ੋਸ਼ਣ ਦਾ ਦੋਸ਼
ਪੰਜਾਬ ਦੇ ਮਸ਼ਹੂਰ ਪਾਸਟਰ ਬਜਿੰਦਰ ਸਿੰਘ 'ਤੇ 2018 'ਚ ਇੱਕ 35 ਸਾਲਾ ਔਰਤ ਨੇ ਯੋਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਪੀੜਤਾ ਦਾ ਦਾਅਵਾ ਸੀ ਕਿ ਪਾਸਟਰ ਨੇ ਮੁਹਾਲੀ ਸਥਿਤ ਆਪਣੇ ਘਰ ਜਾ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਬਲੈਕਮੇਲ ਕਰਨ ਦੀ ਧਮਕੀ ਦਿੱਤੀ।
ਸ਼ਿਕਾਇਤ ਮੁਤਾਬਿਕ ਅਪ੍ਰੈਲ 2018 'ਚ ਪੀੜਤਾ ਨੇ ਹਿੰਮਤ ਜਤਾਈ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਸਿੰਘ ਫ਼ਰਾਰ ਹੋ ਗਿਆ। ਬਾਅਦ ਵਿਚ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਲੰਡਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਬਜਿੰਦਰ ਸਿੰਘ 'ਤੇ ਇੱਕ ਔਰਤ ਨੇ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼
ਕੁੱਝ ਦਿਨ ਪਹਿਲਾਂ ਹੀ ਬਜਿੰਦਰ ਸਿੰਘ 'ਤੇ ਜਲੰਧਰ ਦੀ ਇੱਕ ਹੋਰ 22 ਸਾਲਾ ਔਰਤ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ, ਜਿਸ ਦਾ ਮਾਮਲਾ ਵੀ ਕਾਨੂੰਨੀ ਪ੍ਰਕਿਰਿਆ ਵਿਚ ਹੈ। ਮੋਹਾਲੀ ਪੁਲਿਸ ਨੇ ਇਸ ਯੋਨ ਸ਼ੋਸ਼ਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤਾ ਨੇ ਹਾਲ ਹੀ ਵਿੱਚ ਮੁੱਲਾਂਪੁਰ ਪੁਲਿਸ ਸਟੇਸ਼ਨ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ। ਪੰਜਾਬ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਕੀਤੇ ਹਨ।