ਕੈਮਿਸਟ ਐਸੋਸੀਏਸ਼ਨ ਬਠਿੰਡਾ ਨੇ ਇੱਕ ਦੇਸ਼ ਇੱਕ ਚੋਣ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 1 ਅਪ੍ਰੈਲ 2025: ਰਿਟੇਲ ਕੈਮਿਸਟ ਐਸੋਸੀਏਸ਼ਨ, ਬਠਿੰਡਾ ਨੇ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ‘ਵਨ ਨੇਸ਼ਨ-ਵਨ ਇਲੈਕਸ਼ਨ’ ਸਬੰਧੀ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਜਿਸ ਦੌਰਾਨ ਸੇਵਾਮੁਕਤ ਆਈਏਐਸ ਅਧਿਕਾਰੀ ਮੈਡਮ ਪਰਮਪਾਲ ਕੌਰ ਮਲੂਕਾ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ। ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗ੍ਰਾਮ ਵਿੱਚ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਚੇਅਰਮੈਨ ਪ੍ਰੀਤਮ ਸਿੰਘ ਵਿਰਕ, ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਜ਼ਿਲ੍ਹਾ ਸਲਾਹਕਾਰ ਐਡਵੋਕੇਟ ਗੁਰਵਿੰਦਰ ਸਿੰਘ ਬਖਸ਼ੀ, ਸੁਰੇਸ਼ ਤਾਇਲ, ਪੋਰਿੰਦਰ ਕੁਮਾਰ, ਰਾਜ ਕੁਮਾਰ ਸਿੰਗਲਾ, ਅਸ਼ਵਨੀ ਠਾਕੁਰ, ਪਾਇਲਟ ਕੁਮਾਰ, ਲੱਭੀ ਢੱਲਾ, ਡਾਕਟਰ ਕ੍ਰਿਸ਼ਨ, ਅਨਮੋਲ ਸੂਦ, ਹਰਮੇਲ ਸਿੰਘ, ਅਰੋੜਾ, ਬੋਬੀ ਜਵਾਹਰ ਮੈਡੀਕਲ ਵਾਲੇ, ਡਾ. ਧਰਮਿੰਦਰ ਸਮੇਤ ਸਾਰੇ ਮੈਂਬਰ ਸ਼ਾਮਲ ਹੋਏ।
ਇਸ ਦੌਰਾਨ ਮੈਡਮ ਪਰਮਪਾਲ ਕੌਰ ਮਲੂਕਾ ਨੇ ਕੈਮਿਸਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਵਾਰ-ਵਾਰ ਕਰਵਾਉਣ ਨਾਲ ਜਿੱਥੇ ਵੱਡੇ ਪ੍ਰਸ਼ਾਸਨਿਕ ਖਰਚੇ ਅਤੇ ਸਾਧਨਾਂ ਦੀ ਬਰਬਾਦੀ ਹੁੰਦੀ ਹੈ, ਉਥੇ ਹੀ ਨਾਲੋ-ਨਾਲ ਚੋਣਾਂ ਕਰਵਾਉਣ ਨਾਲ ਚੋਣ ਖਰਚੇ ਵਿਚ ਭਾਰੀ ਕਮੀ ਆਵੇਗੀ। ਸੁਰੱਖਿਆ ਬਲਾਂ, ਅਧਿਆਪਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਾਰ-ਵਾਰ ਚੋਣ ਡਿਊਟੀਆਂ ਨਿਭਾਉਣ ਤੋਂ ਮੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰ-ਵਾਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਵਿਕਾਸ ਕਾਰਜ ਠੱਪ ਹੋ ਜਾਂਦੇ ਹਨ, ਨਾਲੋ-ਨਾਲ ਚੋਣਾਂ ਕਰਵਾਉਣ ਨਾਲ ਇਹ ਅੜਿੱਕਾ ਦੂਰ ਹੋ ਜਾਵੇਗਾ ਅਤੇ ਸਰਕਾਰਾਂ ਆਪਣੇ ਵਿਕਾਸ ਕਾਰਜਾਂ ਵੱਲ ਧਿਆਨ ਦੇ ਸਕਣਗੀਆਂ। ਇੱਕੋ ਸਮੇਂ ਚੋਣਾਂ ਸਿਆਸੀ ਅਸਥਿਰਤਾ ਨੂੰ ਘਟਾਉਣ ਵਿੱਚ ਮਦਦ ਕਰਨਗੀਆਂ, ਜਿਸ ਨਾਲ ਨੀਤੀ ਬਣਾਉਣ ਵਿੱਚ ਸਥਿਰਤਾ ਅਤੇ ਲੰਮੇ ਸਮੇਂ ਦੇ ਦ੍ਰਿਸ਼ਟੀਕੋਣ ਨੂੰ ਯਕੀਨੀ ਬਣਾਇਆ ਜਾਵੇਗਾ।
ਮੈਡਮ ਮਲੂਕਾ ਨੇ ਕਿਹਾ ਕਿ ਨਾਲੋ-ਨਾਲ ਚੋਣਾਂ ਕਰਵਾਉਣ ਨਾਲ ਵੋਟਰਾਂ ਵਿੱਚ ਵਧੇਰੇ ਜਾਗਰੂਕਤਾ ਅਤੇ ਉਤਸ਼ਾਹ ਪੈਦਾ ਹੋਵੇਗਾ, ਜਿਸ ਨਾਲ ਵੋਟ ਪ੍ਰਤੀਸ਼ਤਤਾ ਵਿੱਚ ਵਾਧਾ ਹੋਵੇਗਾ ਅਤੇ ਲੋਕਤੰਤਰ ਨੂੰ ਮਜ਼ਬੂਤੀ ਮਿਲੇਗੀ। ਚੋਣ ਕਮਿਸ਼ਨ ਅਤੇ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਲਈ ਵਾਰ-ਵਾਰ ਭਾਰੀ ਮਾਤਰਾ 'ਚ ਪੈਸਾ ਖਰਚ ਕਰਨਾ ਪੈਂਦਾ ਹੈ, ਅਜਿਹੀ ਸਥਿਤੀ 'ਚ ਨਾਲੋ-ਨਾਲ ਚੋਣਾਂ ਕਰਵਾਉਣ ਨਾਲ ਚੋਣ ਖਰਚਾ ਘੱਟ ਜਾਵੇਗਾ, ਜਿਸ ਨਾਲ ਪੈਸੇ ਦੀ ਵਧੇਰੇ ਕੁਸ਼ਲ ਵਰਤੋਂ ਹੋ ਸਕੇਗੀ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ‘ਵਨ ਨੇਸ਼ਨ-ਵਨ ਇਲੈਕਸ਼ਨ’ ਕੇਂਦਰ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ ਅਤੇ ਇਸ ਬਿੱਲ ਦੇ ਪਾਸ ਹੋਣ ਨਾਲ ਦੇਸ਼ ਆਰਥਿਕ ਤਰੱਕੀ ਵੱਲ ਵਧੇਗਾ ਅਤੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਵੇਗੀ।