12 ਸਾਲ ਦੀ ਲੜਕੀ ਨਾਲ ਰੇਪ ਮਾਮਲਾ: ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ
ਰਵੀ ਜੱਖੂ
* ਪੰਜਾਬ ਮਹਿਲਾ ਕਮਿਸ਼ਨ ਨੇ ਪਟਿਆਲਾ ਵਿਖੇ ਹੋਏ ਘਿਨੌਣੇ ਅਪਰਾਧ ਦੀ ਸਖ਼ਤ ਨਿੰਦਿਆ ਕੀਤੀ
* ਦੋਸ਼ੀ ਖਿਲਾਫ ਸਖ਼ਤ ਕਾਰਵਾਈ ਦੀ ਕੀਤੀ ਮੰਗ
ਚੰਡੀਗੜ੍ਹ, 1 ਅਪ੍ਰੈਲ 2025 - ਪਟਿਆਲਾ ਵਿੱਚ ਇੱਕ ਨਬਾਲਕ 12 ਸਾਲ ਦੀ ਲੜਕੀ ਨਾਲ ਰੇਪ ਦੇ ਮਾਮਲੇ ਚ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਵੱਲੋਂ ਸੂਮੋਟੋ ਲਿਆ ਗਿਆ ਹੈ। ਉਹਨਾਂ ਨੇ ਇੱਕ ਲੈਟਰ ਜਾਰੀ ਕਰ ਡੀਸੀ ਅਤੇ ਐਸਐਸਪੀ ਪਟਿਆਲਾ ਤੋਂ ਕੱਲ੍ਹ ਤੱਕ ਪੂਰੇ ਮਾਮਲੇ ਵਿੱਚ ਰਿਪੋਰਟ ਮੰਗੀ ਗਈ ਹੈ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਮੀਡੀਆ ਰਿਪੋਰਟ ਮੁਤਾਬਕ ਪਟਿਆਲਾ ਵਿੱਚ 12 ਸਾਲਾ ਲੜਕੀ ਨਾਲ ਹੋਏ ਘਿਨੌਣੇ ਅਪਰਾਧ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਇਸ ਘਟਨਾ 'ਤੇ ਡੂੰਘੀ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪੀੜਤ ਅਤੇ ਉਸਦੇ ਪਰਿਵਾਰ ਦੇ ਨਾਲ ਖੜ੍ਹੀ ਹੈ।
ਰਿਪੋਰਟਾਂ ਮੁਤਾਬਕ, ਇੱਕ ਆਟੋ ਚਾਲਕ ਨੂੰ ਇੱਕ ਨਾਬਾਲਗ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਗਰਭਵਤੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਵਿਰੁੱਧ ਭਾਰਤੀ ਨਿਆ ਸੰਹਿਤਾ ਦੀ ਧਾਰਾ 65(2) ਅਤੇ 68 ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀ ਧਾਰਾ 6 ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਕਮਿਸ਼ਨ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਤੁਰੰਤ ਅਤੇ ਮੁਕੰਮਲ ਜਾਂਚ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਦੋਸ਼ੀ ਨੂੰ ਬਿਨਾਂ ਦੇਰੀ ਤੋਂ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕੇ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਤੋਂ ਵਿਸਥਾਰਤ ਰਿਪੋਰਟ ਦੀ ਮੰਗ ਕੀਤੀ ਹੈ। ਚੇਅਰਪਰਸਨ ਨੇ ਕਿਹਾ, "ਇਹ ਬੱਚਿਆਂ ਦੇ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਅਤੇ ਇੱਕ ਘਿਨੌਣਾ ਅਪਰਾਧ ਹੈ ਜਿਸ ਨੂੰ ਸਾਡੇ ਸਮਾਜ ਵਿੱਚ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਅਸੀਂ ਦੋਸ਼ੀ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰਦੇ ਹਾਂ। ਨਿਆਂ ਨੂੰ ਯਕੀਨੀ ਬਣਾਉਣ ਲਈ ਕਮਿਸ਼ਨ ਵੱਲੋਂ ਇਸ ਕੇਸ ਦੀ ਕਾਰਵਾਈ ਦੀ ਨੇੜਿਓਂ ਨਜ਼ਰ ਰੱਖੀ ਜਾਵੇਗੀ।"