ਰਾਹੁਲ ਗਾਂਧੀ ਖਿਲਾਫ਼ ਟਿੱਪਣੀਆਂ ਨੂੰ ਲੈ ਕੇ ਬਠਿੰਡਾ ਦੇ ਕਾਂਗਰਸੀਆਂ ਵੱਲੋਂ ਧਰਨਾ ਅਤੇ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ 1 ਅਪ੍ਰੈਲ 2025:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ਤੇ ਅੱਜ ਪੰਜਾਬ ਵਿੱਚ ਸਰਕਾਰ ਖਿਲਾਫ ਬਠਿੰਡਾ ਦੇ ਕਾਂਗਰਸੀਆਂ ਨੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਧਰਨਾ ਦੇਣ ਤੋਂ ਬਾਅਦ ਗਵਰਨਰ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮੌਕੇ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਰਾਹੁਲ ਗਾਂਧੀ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ਖਿਲਾਫ ਸਖਤ ਨਰਾਜ਼ਗੀ ਜਤਾਈ। ਇਸ ਮੌਕੇ ਕਾਂਗਰਸੀ ਆਗੂਆਂ ਨੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫਿਕਰ ਵੀ ਜਾਹਿਰ ਕੀਤੇ ਅਤੇ ਗਵਰਨਰ ਪੰਜਾਬ ਤੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਵਿੱਚ ਢੁੱਕਵੀਂ ਕਾਰਵਾਈ ਕੀਤੀ ਜਾਵੇ।ਅੱਜ ਦੇ ਧਰਨੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਹੁਲ ਗਾਂਧੀ ਖਿਲਾਫ ਕੀਤੀ ਗਈ ਟਿੱਪਣੀ ਦੀ ਵੀ ਲੀਡਰਸ਼ਿਪ ਵੱਲੋਂ ਨਿੰਦਾ ਕੀਤੀ ਗਈ।
ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਅਰੁਣ ਵਧਾਵਣ, ਕੇਕੇ ਅਗਰਵਾਲ, ਪਵਨ ਮਨੀ ਅਤੇ ਰੁਪਿੰਦਰ ਬਿੰਦਰਾ ਆਦਿ ਨੇ ਦੋਸ਼ ਲਾਏ ਕੇ ਪੰਜਾਬ ਦੇ ਹਾਲਾਤ ਦਿਨ ਬਾਅਦ ਦਿਨ ਵਿਗੜਦੇ ਜਾ ਰਹੇ ਹਨ ਪਰ ਇਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਆਗੂਆਂ ਨੇ ਕਿਹਾ ਕਿ ਫਲੋਰ ਦੇ ਪਿੰਡ ਨੰਗਲ ਵਿਖੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਤੇ ਖਾਲਿਸਤਾਨੀ ਨਾਰੇ ਲਿਖੇ ਗਏ ਜਿਸ ਨਾਲ ਮਾਹੌਲ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਪਹਿਲਾਂ ਵੀ ਗਣਤੰਤਰਤਾ ਦਿਵਸ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਤਰ੍ਹਾਂ ਦੀ ਨਿੰਦਨਯੋਗ ਘਟਨਾ ਵਾਪਰੀ ਜਿਸ ਕਰਕੇ ਸੂਬੇ ਦੇ ਹਾਲਾਤ ਮਾੜੇ ਬਣੇ ਹੋਏ ਹਨ ਪਰ ਇਸ ਪਾਸੇ ਮੁੱਖ ਮੰਤਰੀ ਦਾ ਕੋਈ ਧਿਆਨ ਨਹੀਂ ਹੈ।
ਇਸ ਮੌਕੇ ਕਿਰਨਜੀਤ ਸਿੰਘ ਗੈਹਰੀ ਬਲਜਿੰਦਰ ਸਿੰਘ ਠੇਕੇਦਾਰ, ਅੰਮ੍ਰਿਤਾ ਗਿੱਲ ਅਤੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਨੇ ਕਿਹਾ ਕਿ ਪੰਜਾਬ ਵਿੱਚ ਲੁੱਟ ਖੋਹ ਡਕੈਤੀਆਂ ਕਤਲੋਗਾਰਦ ਗੈਂਗਸਟਰਾਂ ਵੱਲੋਂ ਫ਼ਿਰੌਤੀਆਂ ਮੰਗਣ ਦੀਆਂ ਘਟਨਾਵਾਂ ਵਧ ਰਹੀਆਂ ਹਨ ਪਰ ਪੁਲਿਸ ਦੀ ਕਾਰਗੁਜ਼ਾਰੀ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਹੈ । ਕਾਂਗਰਸੀ ਆਗੂਆਂ ਨੇ ਇਸ ਮੌਕੇ ਗਵਰਨਰ ਪੰਜਾਬ ਤੋਂ ਸਥਿਤੀ ਨੂੰ ਕੰਟਰੋਲ ਕਰਨ ਲਈ ਉਹ ਸਖਤ ਹਦਾਇਤਾਂ ਦੇਣ ਅਤੇ ਹਾਲਾਤ ਠੀਕ ਨਾ ਹੋਣ ਦੀ ਸੂਰਤ ਵਿੱਚ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਵੀ ਕੀਤੀ।