Babushahi Special: ਟੋਲ ਟੈਕਸ ਦਾ ਤੰਦੂਆ ਜਾਲ, ਲੋਕ ਕੰਗਾਲ ਸਰਕਾਰ ਮਾਲਾ ਮਾਲ
ਅਸ਼ੋਕ ਵਰਮਾ
ਬਠਿੰਡਾ,1 ਅਪਰੈਲ 2025: ਪੰਜਾਬ ਵਿੱਚ ਹੁਣ ਕੌਮੀ ਸ਼ਾਹਰਾਹਾਂ ਦਾ ਸਫਰ ਮਹਿੰਗਾ ਸੌਦਾ ਬਣ ਗਿਆ ਹੈ ਜੋਕਿ ਪੰਜਾਬੀ ਲੋਕਾਂ ਦੀਆਂ ਜੇਬਾਂ ਖਾਲੀ ਕਰ ਦੇਵੇਗਾ। ਅੱਜ ਤੋਂ ਇਨ੍ਹਾਂ ਸ਼ਾਹਰਾਹਾਂ ’ਤੇ ਲਾਇਆ ਟੋਲ ਟੈਕਸ ਮਹਿੰਗਾ ਹੋ ਗਿਆ ਹੈ। ਏਦਾਂ ਜਾਪਦਾ ਹੈ ਕਿ ਪੰਜਾਬੀ ਟੋਲ ਟੈਕਸ ਤਾਰਦੇ ਹੀ ਬੁੱਢੇ ਹੋ ਜਾਣਗੇ। ਟੋਲ ਪਲਾਜਿਆਂ ਵਾਲੀਆਂ ਸੜਕਾਂ ਕੇਂਦਰੀ ਖਜਾਨੇ ਭਰਪੂਰ ਕਰ ਰਹੀਆਂ ਹਨ ਅਤੇ ਆਮ ਆਦਮੀ ਦੀ ਜੇਬ ਕੱਟੀ ਜਾ ਰਹੀ ਹੈ। ਕੌਮੀ ਸੜਕ ਮਾਰਗ ਅਥਾਰਿਟੀ ਨੇ ਬਠਿੰਡਾ-ਜ਼ੀਰਕਪੁਰ ਅਤੇ ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ਦੇ ਟੋਲ ਟੈਕਸ ਦੀਆਂ ਦਰਾਂ ਵਿੱਚ 3 ਤੋਂ 5 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਇਕੱਲੀ ਬਠਿੰਡਾ ਪੱਟੀ ਦੀ ਗੱਲ ਕਰੀਏ ਤਾਂ ਟੋਲ ਟੈਕਸ ਦਰ ਵਧਾਉਣ ਤੋਂ ਬਾਅਦ ਬਠਿੰਡਾ ਤੋਂ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ,ਜਲੰਧਰ,ਅਬੋਹਰ ਗੰਗਾਨਗਰ ਆਦਿ ਵੱਲ ਜਾਣ ਵਾਲਿਆਂ ਨੂੰ 5 ਤੋਂ ਲੈਕੇ 30 ਰੁਪਏ ਤੱਕ ਦਾ ਰਗੜਾ ਲੱਗਣਾ ਸ਼ੁਰੂ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਬਠਿੰਡਾ ਦੇ ਲਹਿਰਾ ਬੇਗਾ ਟੋਲ ਪਲਾਜੇ ਤੇ ਕਾਰ, ਜੀਪ ਅਤੇ ਵੈਨ ਤੇ ਜਾਣ ਲਈ ਪਹਿਲਾਂ 75 ਰੁਪਏ ਲੱਗਦੇ ਸਨ ਅਤੇ ਦੋਪਾਸੜ ਖਰਚਾ 110 ਰੁਪਏ ਸੀ। ਇਸ ਨੂੰ ਵਧਾਕੇ ਹੁਣ 115 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰਾਂ ਪਹਿਲਾਂ ਲਾਈਟ ਗੱਡੀਆਂ ਨੂੰ ਜਾਣ ਲਈ 120 ਰੁਪਏ ਅਦਾ ਕਰਨੇ ਪੈਂਦੇ ਸਨ ਜੋ ਹੁਣ ਵਧਕੇ 125 ਰੁਪਏ ਹੋ ਗਏ ਹਨ ਅਤੇ ਵਾਪਿਸੀ ਦਾ ਭਾੜਾ 180 ਤੋਂ 185 ਤੈਅ ਕੀਤਾ ਗਿਆ ਹੈ। ਬੱਸ ਟਰੱਕ ਦੇ ਜਾਣ ਵਕਤ 255 ਤੋਂ 260 ਰੁਪਏ ਹੋ ਗਏ ਹਨ ਅਤੇ ਵਾਪਿਸੀ ਦਾ ਭਾੜਾ 380 ਤੋਂ ਵਧਾਕੇ 390 ਕਰ ਦਿੱਤਾ ਗਿਆ ਹੈ। ਲਹਿਰਾ ਬੇਗਾ ਟੋਲ ਪਲਾਜੇ ਤੇ ਵਪਾਰਕ ਗੱਡੀਆਂ ਦਾ ਭਾੜਾ 275 ਤੋਂ 285 ਅਤੇ ਵਾਪਿਸੀ ਦਾ 415 ਤੋਂ ਵਧਾਕੇ 430 ਅਤੇ ਵੱਡੀਆਂ ਗੱਡੀਆਂ ਦੀ ਟੋਲ ਪਰਚੀ ਹੁਣ 480 ਤੋਂ ਵਧਾਕੇ 500 ਅਤੇ ਵਾਪਿਸੀ ਦੀ 725 ਤੋਂ 750 ਰੁਪਏ ਕਰ ਦਿੱਤੀ ਗਈ ਹੈ।
ਤਾਏ ਦੀ ਧੀ ਚੱਲੀ: ਜੀਦਾ ਟੋਲ ਪਲਾਜਾ
ਇਸੇ ਤਰਾਂ ਹੀ ਜੀਦਾ ਟੋਲ ਪਲਾਜਾ ਤੇ ਹੋਇਆ ਹੈ ਪਰ ਕਾਰ ਜੀਪ ਜਾਂ ਵੈਨ ਦੇ ਪਹਿਲਾਂ ਵਾਂਗ 125 ਰੁਪਏ ਹੀ ਰਹਿਣਗੇ ਜਦੋਂਕਿ ਹੌਲੀਆਂ ਵਪਾਰਿਕ ਗੱਡੀਆਂ ਨੂੰ ਇੱਕ ਤਰਫਾ 200 ਦੀ ਥਾਂ 205 ,ਬੱਸ ਟਰੱਕ ਦਾ 415 ਤੋਂ 430 ,ਵਪਾਰਿਕ ਗੱਡੀਆਂ ਦੇ 455 ਦੀ ਥਾਂ 470 ਰੁਪਏ ਹੋ ਗਏ ਹਨ। ਐਚਸੀਐਸ ਦਾ 650 ਤੋਂ 675 ਰਪਏ ਅਤੇ ਓਵਰਸੀਜ਼ ਗੱਡੀਆਂ ਦਾ ਟੋਲ 795 ਰਪਏ ਤੋਂ ਵਧਾਕੇ 820 ਰੁਪਏ ਕੀਤਾ ਗਿਆ ਹੈ। ਇਹੋ ਜਿਹੀ ਰਾਮ ਕਹਾਣੀ ਬਠਿੰਡਾ ਜਿਲ੍ਹੇ ’ਚ ਪੈਂਦੇ ਬੱਲੂਆਣਾ ਟੋਲ ਪਲਾਜੇ ਦੀ ਹੈ ਜਿੱਥੇ ਹੋਰਨਾਂ ਟੋਲ ਪਲਾਜਿਆਂ ਦੀ ਤਰਾਂ ਜੇਬ ਹਲਕੀ ਹੋਣ ਲੱਗੀ ਹੈ। ਆਮ ਲੋਕ ਇਸ ਗੱਲੋਂ ਤਾਂ ਖੁਸ਼ ਹਨ ਕਿ ਸੜਕਾਂ ਚਹੁੰਮਾਰਗੀ ਹੋ ਗਈਆਂ ਹਨ ਜੋ ਪਹਿਲਾਂ ਬੇਹੱਦ ਤੰਗ ਸਨ । ਇਸ ਗੱਲ ਦੀ ਪ੍ਰੇਸ਼ਾਨੀ ਵੀ ਹੈ ਕਿ ਸਰਕਾਰ ਸੜਕਾਂ ਖੁਦ ਬਨਾਉਣ ਦੀ ਥਾਂ ਪ੍ਰਾਈਵੇਟ ਕੰਪਨੀਆਂ ਤੋਂ ਬਣਵਾ ਰਹੀ ਹੈ ਜਿਸ ਕਰਕੇ ਜੇਬਾਂ ਤੇ ਡਾਕਾ ਵੱਜਣ ਲੱਗਿਆ ਹੈ।
ਟੋਲਾਂ ਤੇ ਰਗੜਾ ਹੀ ਰਗੜਾ
ਸੂਤਰਾਂ ਮੁਤਾਬਕ ਜੋ ਟੋਲ ਪਲਾਜੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧੀਨ ਚੱਲ ਰਹੇ ਹਨ ਉਹ ਲੰਮੀ ਮਿਆਦ ਵਾਲੇ ਹਨ ਜਿੰਨ੍ਹਾਂ ਤੇ ਪੰਜਾਬੀ ਰੋਜਾਨਾ ਔਸਤਨ 4 ਕਰੋੜ ਰੁਪਏ ਟੋਲ ਟੈਕਸ ਤਾਰਦੇ ਹਨ। ਪੰਜਾਬ ’ਚ ਸਭ ਤੋਂ ਮਹਿੰਗਾ ਟੋਲ ਪਲਾਜਾ ਲਾਡੋਵਾਲ ਦਾ ਹੈ ਜਿਸ ਤੇ ਹੁੰਦੀ ਕਥਿਤ ਲੁੱਟ ਨੂੰ ਲੈਕੇ ਕਈ ਵਾਰ ਜਨਤਕ ਧਿਰਾਂ ਸੜਕਾਂ ਤੇ ਵੀ ਉੱਤਰ ਚੁੱਕੀਆਂ ਹਨ। ਸੂਤਰਾਂ ਅਨੁਸਾਰ ਬਠਿੰਡਾ ਜੀਰਕਪੁਰ ਕੌਮੀ ਸੜਕ ਮਾਰਗ ਤੇ 2036 ਤੱਕ , ਮੁਕਤਸਰ ਕੋਟਕਪੂਰਾ ਰੋਡ ’ਤੇ ਲੋਕਾਂ ਨੂੰ ਮਈ 2032 ਅਤੇ ਮੋਰਿੰਡਾ ਕੁਰਾਲੀ ਸਿਸਵਾਂ ਰੋਡ ’ਤੇ ਦਸੰਬਰ 2031 ਤੱਕ ਟੋਲ ਤਾਰਨਾ ਪਵੇਗਾ । ਲੁਧਿਆਣਾ ਮੋਗਾ ਤਲਵੰਡੀ ਭਾਈ ਸੜਕ ’ਤੇ ਸਤੰਬਰ 2040 ਤੱਕ ਅਤੇ ਅੰਮ੍ਰਿਤਸਰ ਪਠਾਨਕੋਟ ’ਤੇ ਮਈ 2030 ਤੱਕ ਟੋਲ ਲਾਗੂ ਰਹੇਗਾ।
ਕਰੋੜਾਂ ਦੇ ਰਗੜੇ ਤੋਂ ਬਚੇ ਪੰਜਾਬੀ
ਪੰਜਾਬ ਵਿੱਚ ਸਟੇਟ ਹਾਈਵੇਜ਼ ਤੇ ਲੱਗੇ ਕਰੀਬ ਡੇਢ ਦਰਜਨ ਟੋਲ ਪਲਾਜ਼ੇ ਬੰਦ ਹੋੋਣ ਨਾਲ ਪੰਜਾਬੀ ਸਾਲਾਨਾ 200 ਕਰੋੜ ਰੁਪਏ ਤੋਂ ਵੱਧ ਦੇ ਰਗੜੇ ਤੋਂ ਬਚ ਗਏ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੰਦ ਕੀਤੇ ਗੲਟੋਲ ਪਲਾਜਿਆਂ ਤੇ ਰੋਜ਼ਾਨਾ 62 ਲੱਖ ਰੁਪਏ ਲੋਕਾਂ ਤੋਂ ਵਸੂਲ ਕੀਤੇ ਜਾ ਰਹੇ ਸਨ। ਪੰਜਾਬ ਵਿੱਚ ਟੋਲ ਪਲਾਜ਼ੇ ਬੰਦ ਕਰਨ ਦਾ ਸਿਲਸਿਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਕੀਤਾ ਸੀ। ਵਿਰੋਧੀ ਧਿਰਾਂ ਨੇ ਉਦੋਂ ਤਰਕ ਦਿੱਤਾ ਸੀ ਕਿ ਇਹ ਟੋਲ ਪਲਾਜ਼ੇ ਆਪਣੀ ਮਿਆਦ ਪੂਰੀ ਕਰ ਚੁੱਕੇ ਸਨ ਅਤੇ ਇਨ੍ਹਾਂ ਨੇ ਬੰਦ ਹੋ ਹੀ ਜਾਣਾ ਸੀ । ਉਂਜ ਇਹ ਵੀ ਹਕੀਕਤ ਹੈ ਕਿ ਪਹਿਲਾਂ ਕਦੇ ਕੋਈ ਸਰਕਾਰ ਕੋਈ ਟੋਲ ਪਲਾਜਾ ਬੰਦ ਕਰਨ ਅੱਗੇ ਨਹੀਂ ਆਈ ਸੀ।
ਕਾਹਦੀ ਵੈਲਫੇਅਰ ਸਟੇਟ: ਕੁਸਲਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਲੋਕ ਰਾਜ ਵਿੱਚ ਲੋਕ ਭਲਾਈ ਸਰਕਾਰ ਦਾ ਮੁੱਖ ਏਜੰਡਾ ਹੁੰਦਾ ਹੈ ਅਤੇ ਸਰਕਾਰ ਲੋਕਾਂ ਤੋਂ ਟੈਕਸ ਪ੍ਰਾਪਤ ਕਰਦੀ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਰਕਾਰ ਰੋਡ ਟੈਕਸ ਵੀ ਲੈ ਰਹੀ ਹੈ ਅਤੇ ਨਾਲੇ ਟੋਲ ਟੈਕਸ ਵੀ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਟੋਲ ਤਾਰਕੇ ਹੀ ਸੜਕਾ ਬਨਾਉਣੀਆਂ ਹਨ ਤਾਂ ਵੈਲਫੇਅਰ ਸਟੇਟ ਦੀ ਹੋਂਦ ਦਾ ਕੀ ਅਰਥ ਹੈ। ਉਨ੍ਹਾਂ ਟੋਲ ਟੈਕਸ ਲੱਗਣ ਦੀ ਸੂਰਤ ’ਚ ਰੋਡ ਟੈਕਸ ਵਗੈਰਾ ਬੰਦ ਕਰਨ ਦੀ ਮੰਗ ਕੀਤੀ।