ਫੀਲਡੇਜ਼: ਨਿਊਜ਼ੀਲੈਂਡ ਦਾ ਕਿਸਾਨ ਮੇਲਾ
11 ਤੋਂ 14 ਜੂਨ ਤੱਕ ਹਮਿਲਟਨ ਵਿਖੇ ਲੱਗਣ ਵਾਲੇ ਕਿਸਾਨ ਮੇਲੇ ਲਈ ਭਾਰਤੀ ਕਿਸਾਨ ਵੀ ਰਜਿਸਟਰ ਹੋਣ
-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਪੰਜਾਬੀ ਕਿਸਾਨਾਂ ਲਈ ਵੀ ਮੌਕਾ
-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 01 ਅਪ੍ਰੈਲ, 2025:-ਨਿਊਜ਼ੀਲੈਂਡ ਦੇ ਵਿਚ ਇਕ ਵੱਡੇ ਕਿਸਾਨ ਮੇਲੇ ਦੇ ਰੂਪ ਵਿਚ ਜਾਣਿਆ ਜਾਂਦਾ ‘ਫੀਲਡੇਜ਼’ ਇਸ ਸਾਲ 11 ਤੋਂ 14 ਜੂਨ ਤੱਕ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ‘ਮਿਸਟ੍ਰੀ ਕ੍ਰੀਕ ਹਮਿਲਟਨ’ ਵਿਖੇ ਮਨਾਇਆ ਜਾ ਰਿਹਾ ਹੈ। ਅਕਸਰ ਪ੍ਰਧਾਨ ਮੰਤਰੀ ਇਸ ਮੇਲੇ ਦਾ ਉਦਘਾਟਨ ਕਰਦੇ ਹਨ। ਫੀਲਡੇਜ਼ ਦੱਖਣੀ ਹੇਮਿਸਫਿਰ ਦਾ ਸਭ ਤੋਂ ਵੱਡਾ ਖੇਤੀਬਾੜੀ ਪ੍ਰੋਗਰਾਮ ਹੈ ਅਤੇ ਅਤਿ-ਆਧੁਨਿਕ ਤਕਨਾਲੋਜੀ ਅਤੇ ਨਵੀਨਤਾ ਲਈ ਇੱਕ ਉੱਤਮ ਲਾਂਚ ਪਲੇਟਫਾਰਮ ਹੈ। ਪਿਛਲੇ ਸਾਲ 1100 ਵੱਖ-ਵੱਖ ਅਦਾਰਿਆਂ ਨੇ ਇਥੇ ਆਪਣੇ ਕੰਮਾਂ ਦੀ ਅਤੇ ਸਾਜ਼ੋ-ਸਾਮਾਨ ਦੀ ਨੁਮਾਇਸ਼ ਲਗਾਈ ਸੀ। ਇਸ ਪੱਤਰਕਾਰ ਵੱਲੋਂ ਸੰਪਰਕ ਕਰਨ ਉਤੇ ਪਤਾ ਲੱਗਿਆ ਕਿ ਇਸ ਮੇਲੇ ਦੇ ਵਿਚ ਭਾਰਤ ਤੋਂ ਕਿਸਾਨ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅਧਿਕਾਰੀ ਜੇਕਰ ਆਉਣਾ ਚਾਹੁਣ ਤਾਂ ਉਹ ਬਹੁਤ ਖੁਸ਼ ਹੋਣਗੇ। ਕਿਸਾਨ ਆਨ ਲਾਈਨ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ ਅਤੇ ਵੀਜ਼ੇ ਵਾਸਤੇ ਸੁਪੋਰਟ ਲੈਟਰ (ਵੀਜ਼ਾ ਸਹਿਯੋਗ ਲਈ ਚਿੱਠੀ) ਦੀ ਮੰਗ ਕਰ ਸਕਦੇ ਹਨ।
ਇਹ ਸਾਰਾ ਕੁਝ ਵੈਬਸਾਈਟ ਉਤੇ ਇੰਟਰਨੈਸ਼ਨਲ ਪੇਜ਼ ਉਤੇ ਦੱਸਿਆ ਗਿਆ ਹੈ।‘ਨਿਊਜ਼ੀਲੈਂਡ ਇੰਟਰਨੈਸ਼ਨਲ ਬਿਜ਼ਨਸ ਸੈਂਟਰ’ ਦੇ ਨਾਲ ਫੀਲਡੇਜ਼ ਰਲ ਕੇ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਫੀਲਡੇਜ਼ ਵੀ. ਆਈ. ਪੀ. ਬਿਜ਼ਨਸ ਪਲੱਸ ਟਿਕਟਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ।
ਜੇਕਰ ਕੋਈ ਨੁਮਾਇਸ਼ ਦੇ ਵਿਚ ਭਾਗ ਲੈਣਾ ਚਾਹੁੰਦਾ ਹੈ ਤਾਂ ਵੀ ਹੋ ਸਕਦਾ ਹੈ। ਆਪਣਾ ਅਕਾਊਂਟ ਪੋਰਟਲ ਦੇ ਉਤੇ ਬਣਾਉਣਾ ਹੋਵੇਗਾ। ਕੰਪਨੀ ਨਾਂਅ ਉਤੇ ਵੀ ਅਕਾਊਂਟ ਬਣਾਇਆ ਜਾ ਸਕਦਾ ਹੈ। ਸੋ ਕਿਸਾਨੀ ਬਾਰੇ ਅਤੇ ਖੇਤੀਬਾੜੀ ਮਸ਼ੀਨਰੀ ਬਾਰੇ ਹੋਰ ਜਾਨਣ ਦੇ ਲਈ ਭਾਰਤ ਅਤੇ ਹੋਰ ਵਿਦੇਸ਼ਾਂ ਤੋਂ ਇਥੇ ਆਉਣ ਲਈ ਰਜਿਸਟਰ ਕੀਤਾ ਜਾ ਸਕਦਾ ਹੈ।