62 ਸਾਲਾ ਕਿਸਾਨ ਨੇ ਜ਼ਹਿਰ ਖਾ ਕੇ ਦਿੱਤੀ ਜਾਨ
- ਦੋਸ਼: ਪੈਸਿਆਂ ਲਈ ਬੇਇੱਜ਼ਤੀ ਕੀਤੀ ਗਈ, ਫ਼ਸਲ ਵੱਢਣ ਤੋਂ ਰੋਕਿਆ ਗਿਆ
- ਦੋ ਭਰਾਵਾਂ ਨੇ ਚਾਰ ਅਣਪਛਾਤੀਆਂ ਔਰਤਾਂ ਵਿਰੁੱਧ ਕੇਸ ਦਰਜ ਕਰਵਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 19 ਅਪ੍ਰੈਲ 2025: ਥਾਣਾ ਲਾਲੜੂ ਅਧੀਨ ਪੈਂਦੇ ਪਿੰਡ ਟਿਵਾਣਾ ਦੇ ਇੱਕ 62 ਸਾਲਾ ਕਿਸਾਨ ਨੇ ਆਪਣੇ ਵੱਡੇ ਭਰਾ ਦੇ ਪੁੱਤਰਾਂ ਦੀ ਕਥਿਤ ਪਰੇਸ਼ਾਨੀ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਹ ਦੋਸ਼ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਭਾਰਤ ਮਾਲਾ ਸੜਕ ਪ੍ਰੋਜੈਕਟ ਤਹਿਤ ਜ਼ਮੀਨ ਦੇ ਮਿਲੇ ਮੁਆਵਜ਼ੇ ਤੋਂ ਵਾਂਝਾ ਰੱਖਿਆ ਜਾ ਰਿਹਾ ਸੀ। ਮ੍ਰਿਤਕ ਦੇ ਪੁੱਤਰ ਦੀ ਸ਼ਿਕਾਇਤ 'ਤੇ, ਪੁਲਿਸ ਨੇ ਦੋ ਭਰਾਵਾਂ ਅਤੇ ਚਾਰ ਔਰਤਾਂ ਸਮੇਤ ਛੇ ਲੋਕਾਂ ਵਿਰੁੱਧ ਉਸਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ।
ਲਾਲੜੂ ਥਾਣੇ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਟਿਵਾਣਾ ਦੇ ਵਸਨੀਕ ਨਿਰਮਲ ਸਿੰਘ ਪੁੱਤਰ ਜਸਰਾਮ ਨੇ ਜ਼ਮੀਨੀ ਵਿਵਾਦ ਕਾਰਨ ਕਥਿਤ ਤੌਰ 'ਤੇ ਜ਼ਹਿਰੀਲੀ ਚੀਜ ਖਾ ਲਈ। ਪਰਿਵਾਰ ਨੇ ਉਸਨੂੰ ਅੰਬਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੋਂ ਉਸਨੂੰ ਜੀਐਮਸੀਐਚ ਸੈਕਟਰ 32 ਰੈਫਰ ਕਰ ਦਿੱਤਾ ਗਿਆ। ਉੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਨਿਰਮਲ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਆਪਣੇ ਬਿਆਨ ਵਿੱਚ ਦੱਸਿਆ ਕਿ ਉਸਦੇ ਪਿਤਾ ਦੇ ਤਿੰਨ ਭਰਾ ਹਨ, ਜਿਨ੍ਹਾਂ ਵਿੱਚੋਂ ਉਸਦਾ ਪਿਤਾ ਵਿਚਕਾਰਲਾ ਸੀ। ਉਸਨੇ ਕਿਹਾ ਕਿ ਉਸਦੇ ਦਾਦਾ ਲਾਹੀ ਜ਼ਮੀਨ ਭਾਰਤ ਮਾਲਾ ਪ੍ਰੋਜੈਕਟ ਤਹਿਤ ਤੇਪਲਾ ਤੋਂ ਬਨੂੰੜ ਤੱਕ ਬਣਾਈ ਜਾ ਰਹੀ ਸੜਕ ਵਿੱਚ ਆ ਗਈ ਸੀ, ਜਿਸ ਲਈ ਉਸਦੇ ਪਿਤਾ, ਤਾਏ ਅਤੇ ਚਾਚੇ ਨੂੰ 51-51 ਲੱਖ ਰੁਪਏ ਦਾ ਹਿੱਸਾ ਮਿਲਿਆ।
ਜਸਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸਦੇ ਤਾਏ ਮਹਿੰਦਰ ਸਿੰਘ ਦੇ ਦੋਵੇਂ ਪੁੱਤਰ ਲਖਵਿੰਦਰ ਅਤੇ ਹਰਜਿੰਦਰ ਸਿੰਘ ਉਸ ਦੇ ਪਿਤਾ ਤੋਂ ਕਥਿਤ ਤੌਰ 'ਤੇ ਵਾਰ-ਵਾਰ 51 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਇਸ ਤੋਂ ਤੰਗ ਆ ਕੇ ਨਿਰਮਲ ਸਿੰਘ ਨੇ 21 ਲੱਖ ਰੁਪਏ ਦੇ ਦਿੱਤੇ ਅਤੇ ਫਿਰ 10 ਲੱਖ ਰੁਪਏ ਹੋਰ ਮੰਗਣੇ ਸ਼ੁਰੂ ਕਰ ਦਿੱਤੇ।
ਪੈਸੇ ਲੈਣ ਲਈ ਜਲੀਲ ਕੀਤਾ, ਫ਼ਸਲ ਕੱਟਣ ਤੋਂ ਰੋਕਿਆ
ਮ੍ਰਿਤਕ ਨਿਰਮਲ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਲਖਵਿੰਦਰ ਸਿੰਘ ਨੇ ਕਥਿਤ ਮਿਲੀਭੁਗਤ ਕਰਕੇ ਉਸਦੇ ਪਿਤਾ ਨੂੰ ਤੰਗ-ਪ੍ਰੇਸ਼ਾਨ ਕੀਤਾ ਅਤੇ ਉਸਨੂੰ ਖੇਤਾਂ ਵਿੱਚ ਖੜ੍ਹੀ ਕਣਕ ਦੀ ਵਾਢੀ ਕਰਨ ਤੋਂ ਰੋਕ ਰਿਹਾ ਸੀ, ਜਿਸ ਕਾਰਨ ਉਸਦੇ ਪਿਤਾ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਜਦੋਂ ਉਸਨੇ ਆਪਣੇ ਪਿਤਾ ਨੂੰ ਉਲਟੀਆਂ ਕਰਦੇ ਦੇਖਿਆ, ਤਾਂ ਉਹ ਨਿਰਮਲ ਸਿੰਘ ਨੂੰ ਇਲਾਜ ਲਈ ਅੰਬਾਲਾ ਸਿਵਲ ਹਸਪਤਾਲ ਲੈ ਗਿਆ, ਜਿੱਥੋਂ ਉਸਨੂੰ ਜੀਐਮਸੀਐਚ ਸੈਕਟਰ 32 ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਲਖਵਿੰਦਰ, ਹਰਜਿੰਦਰ ਸਿੰਘ ਅਤੇ ਚਾਰ ਅਣਪਛਾਤੀਆਂ ਔਰਤਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਲਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਆਪਣੇ ਪੂਰੇ ਪਰਿਵਾਰ ਸਮੇਤ ਘਰ ਨੂੰ ਤਾਲਾ ਲਾ ਕੇ ਭੱਜ ਗਏ ਦੱਸੇ ਜਾਂਦੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।
2 | 8 | 4 | 7 | 4 | 0 | 7 | 4 |