ਸ਼ਾਂਤਮਈ ਸੰਘਰਸ਼ ਕਰ ਰਹੇ ਪਿੰਡ ਵਾਸੀਆਂ ਅਤੇ ਜਥੇਬੰਦਕ ਆਗੂਆਂ ਉੱਤੇ ਪੁਲਸ ਜ਼ਬਰ ਦੀ ਸਖਤ ਨਿਖੇਧੀ
- ਪ੍ਰਦੂਸ਼ਣ ਫੈਲਾ ਰਹੀ ਅਖਾੜਾ ਬਾਇਓਗੈਸ ਫੈਕਟਰੀ ਬੰਦ ਕਰਵਾਉਣ ਲਈ ਭਾਕਿਯੂ ਏਕਤਾ ਡਕੌਂਦਾ (ਧਨੇਰ) ਦੀ ਅਗਵਾਈ ਹੇਠ ਚੱਲ ਰਿਹਾ ਸੀ ਧਰਨਾ
- ਗ੍ਰਿਫਤਾਰ ਮਰਦਾਂ ਔਰਤਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ: ਉਗਰਾਹਾਂ, ਜੇਠੂਕੇ
ਦਲਜੀਤ ਕੌਰ
ਚੰਡੀਗੜ੍ਹ, 26 ਅਪ੍ਰੈਲ, 2025: ਪਿੰਡਾਂ ਵਿੱਚ ਪ੍ਰਦੂਸ਼ਣ ਫੈਲਾ ਰਹੀ ਅਖਾੜਾ ਬਾਇਓ ਗੈਸ ਫੈਕਟਰੀ ਬੰਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਜਾਬਰ ਹੱਲਾ ਬੋਲਦਿਆਂ ਸ਼ਾਂਤਮਈ ਅਖਾੜਾ ਮੋਰਚੇ ਨੂੰ ਜ਼ਬਰੀ ਉਖਾੜ ਦਿੱਤਾ ਗਿਆ ਹੈ। ਇਸ ਜਾਬਰ ਹੱਲੇ ਦੀ ਸਖ਼ਤ ਨਿਖੇਧੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਹੈ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਕੁਲਵੰਤ ਸਿੰਘ ਭਦੌੜ ਸੀਨੀਅਰ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਸ਼ਹਿਣਾ ਬਲਾਕ ਦੇ ਸਕੱਤਰ ਕਾਲਾ ਜੈਦ, ਰਾਏਕੋਟ ਬਲਾਕ ਪ੍ਰਧਾਨ ਸਰਬਜੀਤ ਸਿੰਘ ਧੂਰਕੋਟ, ਜਗਰਾਓਂ ਬਲਾਕ ਦੇ ਆਗੂ ਬਲਰਾਜ ਸਿੰਘ ਕੋਟਉਮਰਾ ਸਮੇਤ ਪਿੰਡ ਅਖਾੜਾ ਦੇ ਜੁਝਾਰੂ ਕਿਸਾਨ ਮਜ਼ਦੂਰ ਮਰਦ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਖਾੜਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਸਪੀਕਰ ਨੂੰ ਵੀ ਬੰਦ ਕਰਵਾ ਦਿੱਤਾ ਹੈ, ਇੱਥੋਂ ਤੱਕ ਕਿ ਵਿਦਿਆਰਥੀਆਂ ਨੂੰ ਸਕੂਲ ਜਾਣ ਤੋਂ ਵੀ ਰੋਕਿਆ ਗਿਆ ਹੈ। ਮੋਰਚੇ ਦਾ ਟੈਂਟ ਬੁਰੀ ਤਰ੍ਹਾਂ ਭੰਨ ਤੋੜ ਦਿੱਤਾ ਹੈ ਅਤੇ ਫਰਿੱਜਾਂ, ਕੂਲਰ, ਲੰਗਰ ਦੇ ਭਾਂਡੇ ਤੇ ਰਾਸ਼ਨ ਸਭ ਕੁੱਝ ਪੁਲਿਸ ਚੁੱਕ ਕੇ ਲੈ ਗਈ ਹੈ। ਇਸ ਮੌਕੇ ਔਰਤਾਂ ਸਮੇਤ ਪਿੰਡ ਵਾਸੀਆਂ ਦੀ ਬੁਰੀ ਤਰ੍ਹਾਂ ਕੁੱਟ ਮਾਰ ਵੀ ਕੀਤੀ ਗਈ ਹੈ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਮਾਨ ਸਰਕਾਰ ਕਿਸਾਨਾਂ ਮਜ਼ਦੂਰਾਂ ਸਮੇਤ ਜੁਝਾਰੂ ਲੋਕਾਂ ਨਾਲ ਵਿਦੇਸ਼ੀ ਦੁਸ਼ਮਣਾਂ ਵਾਂਗ ਪੇਸ਼ ਆ ਰਹੀ ਹੈ। ਅੰਨ੍ਹੇ ਜਬਰ ਦੇ ਬਾਵਜੂਦ ਅਖਾੜਾ ਪਿੰਡ ਦੇ ਸਿਦਕੀ ਜੁਝਾਰੂ ਕਿਸਾਨ ਮਜ਼ਦੂਰ ਮਰਦ-ਔਰਤਾਂ ਅਤੇ ਕਾਫ਼ਲੇ ਬੰਨ੍ਹ ਕੇ ਆ ਰਹੇ ਜਥੇਬੰਦਕ ਕਾਰਕੁੰਨ ਮੋਰਚੇ ਵਿੱਚ ਡਟੇ ਹੋਏ ਹਨ ਅਤੇ ਸਰਕਾਰੀ ਜਬਰ ਦਾ ਟਾਕਰਾ ਸਬਰ ਨਾਲ ਕਰ ਰਹੇ ਹਨ। ਉਹ ਇਸ ਸੰਘਰਸ਼ੀ ਨਾਹਰੇ ਉੱਤੇ ਪਹਿਰਾ ਦੇ ਰਹੇ ਹਨ ਕਿ "ਇੱਕੋ ਇੱਕ ਠੀਕ ਰਾਹ, ਏਕਤਾ ਤੇ ਸੰਘਰਸ਼ ਦਾ।" ਲੁਧਿਆਣਾ ਜ਼ਿਲ੍ਹੇ ਦੇ ਕਿਸਾਨ ਆਗੂਆਂ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਜਗਰਾਓਂ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ।
ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਸਮੇਤ ਸਾਰੇ ਜੁਝਾਰੂਆਂ ਨੂੰ ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ। ਕਿਸਾਨ ਆਗੂਆਂ ਨੇ ਪੁਲਿਸ ਜਬਰ ਦੇ ਬਾਵਜੂਦ ਮੋਰਚੇ ਵਿੱਚ ਡਟੇ ਹੋਏ ਜੁਝਾਰੂ ਅਖਾੜਾ ਵਾਸੀਆਂ ਅਤੇ ਜਥੇਬੰਦਕ ਕਾਰਕੁਨਾਂ ਦੇ ਸਿਦਕ ਸਿਰੜ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਇਸ ਹੱਕੀ ਸੰਘਰਸ਼ ਦੀ ਹਮਾਇਤ ਕਰਦੀ ਹੈ। ਹਕੂਮਤੀ ਜਬਰ ਦੇ ਬਾਵਜੂਦ ਪੇਂਡੂ ਇਲਾਕਿਆਂ ਵਿੱਚ ਪ੍ਰਦੂਸ਼ਣ ਫੈਲਾ ਰਹੀਆਂ ਬਾਇਓ ਗੈਸ ਫ਼ੈਕਟਰੀਆਂ ਬੰਦ ਕਰਵਾਉਣ ਲਈ ਚੱਲ ਰਹੇ ਹੱਕੀ ਸੰਘਰਸ਼ ਰੁਕਣਗੇ ਨਹੀਂ।