ਡੀ ਸੀ ਮੋਹਾਲੀ ਨੇ ਨਗਰ ਕੌਂਸਲਾਂ ਕੋਲ ਸਟ੍ਰੀਟ ਲਾਈਟ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਮੋਬਾਈਲ ਹੈਲਪਲਾਈਨ ਜਾਰੀ ਕੀਤੀ
ਹਰਜਿੰਦਰ ਸਿੰਘ ਭੱਟੀ
ਐਸ ਏ ਐਸ ਨਗਰ, 26 ਅਪ੍ਰੈਲ 2025 - ਜ਼ਿਲ੍ਹੇ ਦੇ ਸ਼ਹਿਰੀ ਸਥਾਨਕ ਸੰਸਥਾਵਾਂ (ਮਿਉਂਸੀਪਲ ਕੌਂਸਲਾਂ) ਦੇ ਖੇਤਰਾਂ (ਐਮ ਸੀ ਮੋਹਾਲੀ ਨੂੰ ਛੱਡ ਕੇ) ਵਿੱਚ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਟਰੀਟ ਲਾਈਟ ਦੀਆਂ ਸਮੱਸਿਆਵਾਂ ਦਰਜ ਕਰਵਾਉਣ ਲਈ ਇੱਕ ਮੋਬਾਈਲ ਹੈਲਪਲਾਈਨ ਨੰਬਰ 90413-15612 ਜਾਰੀ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ, ਡੀ ਸੀ ਮਿੱਤਲ ਨੇ ਕਿਹਾ ਕਿ ਸਟਰੀਟ ਲਾਈਟ ਦੀਆਂ ਸ਼ਿਕਾਇਤਾਂ ਦੇ ਵੇਰਵੇ ਨਾਮ, ਇਲਾਕਾ ਅਤੇ ਸੰਪਰਕ ਨੰਬਰ ਵਟਸਐਪ ਸੁਨੇਹੇ ਰਾਹੀਂ ਭੇਜਣ ਤੋਂ ਇਲਾਵਾ, ਇਸ ਨੰਬਰ 'ਤੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਫ਼ੋਨ ਕਰਕੇ ਵੀ ਸ਼ਿਕਾਇਤਾਂ ਦਰਜ ਕੀਤੀਆਂ ਜਾ ਸਕਦੀਆਂ ਹਨ।
ਖਰੜ, ਨਵਾਂ ਗਾਓਂ, ਘੜੂੰਆਂ, ਕੁਰਾਲੀ, ਜ਼ੀਰਕਪੁਰ, ਲਾਲੜੂ, ਡੇਰਾਬੱਸੀ ਅਤੇ ਬਨੂੜ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਅਪੀਲ ਕਰਦਿਆਂ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਕਾਰਜਕਾਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਲੋਕਾਂ ਦੁਆਰਾ ਉਠਾਏ ਗਏ ਸਟਰੀਟ ਲਾਈਟਾਂ ਨਾਲ ਸਬੰਧਤ ਮੁੱਦਿਆਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਤਾਂ ਜੋ ਉਨ੍ਹਾਂ ਨੂੰ ਸਹੂਲਤ ਮਿਲ ਸਕੇ।