ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,31 ਮਾਰਚ 2025- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਵਿਖੇ ਅੱਜ ਕਾਲਜ ਦੇ ਪ੍ਰਿੰਸੀਪਲ ਡਾਕਟਰ ਕਵਲਜੀਤ ਕੌਰ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਦੇ ਮੌਕੇ ਤੇ ਸਮੁੱਚੇ ਸਟਾਫ ਮੈਂਬਰਜ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ।ਮੈਡਮ ਡਾਕਟਰ ਕਵਲਜੀਤ ਕੌਰ ਨੇ ਸਤੰਬਰ 2022 ਵਿੱਚ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਆਰੰਭ ਕੀਤੀਆਂ ਸਨ।ਇਸ ਤੋਂ ਪਹਿਲਾਂ ਉਹਨਾਂ ਦਾ ਲੰਬਾ ਅਕਾਦਮਿਕ ਸਫਰ ਰਿਹਾ।ਆਪਣੇ ਕਾਰਜਕਾਲ ਦੌਰਾਨ ਉਨਾਂ ਨੇ ਕਾਲਜ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ।ਉਨਾਂ ਦੀ ਦੇਖਰੇਖ ਹੇਠ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਅਕਾਦਮਿਕ ਅਤੇ ਸਹਿ ਅਕਾਦਮਿਕ ਗਤੀਵਿਧੀਆਂ ਵਿੱਚ ਮਾਨਯੋਗ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਮਾਨਯੋਗ ਮੈਡਮ ਜਦੋਂ ਕਾਲਜ ਵਿੱਚ ਆਪਣੇ ਜੀਵਨ ਸਾਥੀ ਡਾਕਟਰ ਗੁਰਪ੍ਰੀਤ ਸਿੰਘ ਨਾਲ ਪਹੁੰਚੇ ਤਾਂ ਕਾਲਜ ਸਟਾਫ ਨੇ ਉਹਨਾਂ ਨੂੰ ਨਿੱਘੀ ਜੀ ਆਇਆ ਆਖੀ। ਉਪਰੰਤ ਉਹਨਾਂ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਤੇ ਤਜਰਬੇ ਸਾਂਝੇ ਕੀਤੇ।ਇਸ ਮੌਕੇ ਪ੍ਰੋਫੈਸਰ ਹਿੰਮਤ ਸਿੰਘ ਤੇ ਸਮੂਹ ਸਟਾਫ ਨੇ ਉਹਨਾਂ ਨੂੰ ਪੌਦੇ ਦੇ ਕੇ ਜੀ ਆਇਆ ਆਖਿਆ।ਡਾਕਟਰ ਜਤਿੰਦਰ ਕੌਰ ਨੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੇ ਅਕਾਦਮਿਕ ਸਫਰ 'ਤੇ ਝਾਤ ਪਾਉਂਦਿਆਂ ਉਹਨਾਂ ਦੇ ਜੀਵਨ ਬਿਉਰੇ ਦੀ ਜਾਣਕਾਰੀ ਸਭ ਨਾਲ ਸਾਂਝੀ ਕੀਤੀ।ਉਹਨਾਂ ਦੱਸਿਆ ਕਿ ਡਾਕਟਰ ਕਵਲਜੀਤ ਕੌਰ ਜਿਨਾਂ ਦਾ ਅਧਿਆਪਨ ਵਿਸ਼ਾ ਬਾਇਲੋਜੀ ਹੈ, ਉਹਨਾਂ ਨੇ ਹਿਊਮਨ ਜੈਨਟਿਕਸ ਵਿੱਚ ਪੀਐਚਡੀ ਦੀ ਡਿਗਰੀ ਹਾਸਿਲ ਕੀਤੀ।ਆਪਣੇ ਅਕਾਦਮਿਕ ਸਫਰ ਵਿੱਚ ਉਹਨਾਂ ਨੇ ਅਧਿਆਪਨ ਕਿੱਤੇ ਦੇ ਨਾਲ ਨਾਲ ਵੱਖ-ਵੱਖ ਕਾਲਜਾਂ ਵਿੱਚ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ 2017 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਕਾਲਜਾਂ ਵਿੱਚ ਇਸ ਪ੍ਰਸ਼ਾਸਕੀ ਅਹੁਦੇ 'ਤੇ ਰਹਿ ਕੇ ਆਪਣੀਆਂ ਸੇਵਾਵਾਂ ਨੂੰ ਬਾਖੂਬੀ ਨਿਭਾਇਆ ਹੈ।ਇਸ ਕਾਲਜ ਵਿੱਚ ਭਾਵੇਂ ਉਹਨਾਂ ਦਾ ਸਮਾਂ ਕੇਵਲ ਢਾਈ ਸਾਲ ਦਾ ਸੀ ਪਰ ਇਸ ਸਮੇਂ ਦੌਰਾਨ ਉਨਾਂ ਨੇ ਕਾਲਜ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦੇ ਪ੍ਰੋਫੈਸਰ ਬੀਰਪਾਲ ਸਿੰਘ,ਪ੍ਰੋਫੈਸਰ ਬਿਸ਼ਨ ਸਿੰਘ, ਪ੍ਰੋਫੈਸਰ ਪਰਮਜੀਤ ਕੌਰ ਨੇ ਉਨਾਂ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਨੂੰ ਸਾਂਝੇ ਕੀਤਾ।ਅੰਤ ਵਿੱਚ ਪ੍ਰੋਫੈਸਰ ਹਿੰਮਤ ਸਿੰਘ ਨੇ ਡਾ.ਕਵਲਜੀਤ ਕੌਰ ਤੇ ਉਹਨਾਂ ਦੇ ਪਤੀ ਦਾ ਕਾਲਜ ਆਉਣ 'ਤੇ ਧੰਨਵਾਦ ਕੀਤਾ ਤੇ ਉਹਨਾਂ ਦੀਆਂ ਅਹਿਮ ਸੇਵਾਵਾਂ ਨੂੰ ਯਾਦ ਕੀਤਾ। ਇਸ ਮੌਕੇ ਬੋਲਦਿਆਂ ਮੈਡਮ ਡਾਕਟਰ ਕਵਲਜੀਤ ਕੌਰ ਨੇ ਆਪਣੇ ਅਕਾਦਮਿਕ ਸਫਰ ਤੇ ਨਿੱਜੀ ਤਜਰਬੇ ਸਮੂਹ ਸਟਾਫ ਨਾਲ ਸਾਂਝੇ ਕੀਤੇ ਅਤੇ ਸਾਰਿਆਂ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਹਨਾਂ ਨੇ ਅੱਜ ਦੇ ਯਾਦਗਾਰੀ ਪਲ ਹਮੇਸ਼ਾ ਲਈ ਸਾਂਭ ਕੇ ਰੱਖਣ ਦੀ ਗੱਲ ਕਰਦਿਆਂ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਦੀ ਗੱਲ ਕੀਤੀ।ਉਹਨਾਂ ਕਿਹਾ ਕਿ ਅਕਾਦਮਿਕਤਾ ਉਨਾਂ ਦੇ ਅੰਦਰ ਹੈ ਜਿਸ ਨੂੰ ਅੱਜ ਦੀ ਸੇਵਾ ਮੁਕਤੀ ਕਦੇ ਖਤਮ ਨਹੀਂ ਕਰ ਸਕਦੀ।ਉਹ ਵੱਖਰੇ-ਵੱਖਰੇ ਰੂਪਾਂ ਵਿੱਚ ਅੱਗੇ ਵੀ ਕਰਮਸ਼ੀਲ ਰਹੇ ਹਨ ਤੇ ਹਮੇਸ਼ਾ ਰਹਿਣਗੇ। ਸਿਰਫ ਉਹਨਾਂ ਦੇ ਸਫਰ ਦਾ ਇੱਕ ਪੜਾਅ ਬਦਲਿਆ ਹੈ।ਉਨਾਂ ਨੇ ਸਮੂਹ ਸਟਾਫ ਦਾ ਨਿੱਘੀ ਤੇ ਯਾਦਗਾਰੀ ਵਿਦਾਇਗੀ ਦੇਣ ਲਈ ਧੰਨਵਾਦ ਕੀਤਾ। ਅਖੀਰ ਵਿੱਚ ਕਾਲਜ ਵੱਲੋਂ ਉਹਨਾਂ ਨੂੰ ਯਾਦਗਾਰੀ ਚਿੰਨ ਭੇਟ ਕੀਤਾ ਗਿਆ।ਇਸ ਮੌਕੇ ਕਾਲਜ ਦਾ ਸਮੁੱਚਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਸੀ। ਸਮੁੱਚੇ ਸਟਾਫ ਨੇ ਭਾਵੁਕ ਪਲਾਂ ਨੂੰ ਯਾਦਗਾਰੀ ਬਣਾ ਕੇ ਮੈਡਮ ਨੂੰ ਨਿੱਘੀ ਵਿਦਾਇਗੀ ਦਿੱਤੀ।