ਵਿਰਾਸਤ ਸੰਭਾਲਣ ’ਚ ਬਠਿੰਡਾ ਵਾਸੀਆਂ ਦਾ ਨਹੀਂ ਕੋਈ ਮੁਕਾਬਲਾ : ਕੁਲਤਾਰ ਸਿੰਘ ਸੰਧਵਾਂ
ਅਸ਼ੋਕ ਵਰਮਾ
ਬਠਿੰਡਾ, 2 ਅਪ੍ਰੈਲ 2025 : ਅਸੀਂ ਬਹੁਤ ਅਮੀਰ ਵਿਰਾਸਤ ਦੇ ਵਾਰਿਸ ਹਾਂ, ਉਸ ਵਿਰਾਸਤ ਨੂੰ ਸੰਭਾਲਣ ’ਚ ਬਠਿੰਡਾ ਵਾਲਿਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਚਾਚੀ ਅਤਰੋ ਦੇ ਘਰ ਦਾ ਉਦਘਾਟਨ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਪੁਰਾਣੇ ਰਹਿਣ-ਸਹਿਣ, ਖਾਣ-ਪੀਣ ਦੇ ਢੰਗ ਕਰਕੇ ਅਸੀਂ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਾਂ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਾਨੂੰ ਹਮੇਸ਼ਾ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਮਾਲਵਾ ਹੈਰੀਟੇਜ ਫਾਊਂਡੇਸ਼ਨ ਨੂੰ ਵਧਾਈ ਦਿੱਤੀ ਅਤੇ ਨੌਜਵਾਨ ਪੀੜ੍ਹੀ ਨੂੰ ਪੁਰਾਣੇ ਸੱਭਿਆਚਾਰ ਅਤੇ ਪੁਰਾਣੀ ਵਿਰਾਸਤ ਨਾਲ ਜੋੜਨ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਨੁਮਾਇੰਦਿਆਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਹੀ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਅਮੀਰ ਵਿਰਸੇ ਅਤੇ ਅਮੀਰ ਵਿਰਾਸਤ ਦਾ ਗਿਆਨ ਹੋਵੇਗਾ।
ਇਸ ਉਪਰੰਤ ਸਪੀਕਰ ਪੰਜਾਬ ਵਿਧਾਨ ਸਭਾ ਸ. ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਬਠਿੰਡਾ ਵਾਸੀਆਂ ਨੂੰ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕਰਦਿਆਂ ਨਸ਼ਿਆਂ ਦੇ ਸੌਦਾਗਰਾਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਉਹ ਜਾਂ ਤਾਂ ਨਸ਼ਿਆਂ ਦਾ ਕਾਰੋਬਾਰ ਛੱਡ ਦੇਣ ਜਾਂ ਫਿਰ ਪੰਜਾਬ ਛੱਡ ਕੇ ਚਲੇ ਜਾਣ।
ਇਸ ਤੋਂ ਪਹਿਲਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਅੰਮ੍ਰਿਤਲਾਲ ਅਗਰਵਾਲ, ਪ੍ਰਧਾਨ ਸ. ਹਰਵਿੰਦਰ ਸਿੰਘ ਖਾਲਸਾ, ਪ੍ਰਧਾਨ ਸ਼੍ਰੀ ਗੁਰਅਵਤਾਰ ਸਿੰਘ ਗੋਗੀ ਅਤੇ ਕਨਵੀਨਰ ਸ਼੍ਰੀ ਰਾਮ ਪ੍ਰਕਾਸ਼ ਜਿੰਦਲ ਨੇ ਪੰਜਾਬ ਦੀ ਅਣਮੁੱਲੀ ਵਿਰਾਸਤ ਨੂੰ ਸੰਭਾਲਣ ’ਤੇ ਜ਼ੋਰ ਦਿੱਤਾ।
ਇਸ ਮੌਕੇ ਸ. ਸੰਧਵਾਂ ਵਲੋਂ 18ਵੇ ਵਿਰਾਸਤੀ ਮੇਲੇ ਦੌਰਾਨ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਜ਼ਿਲ੍ਹਾ ਪ੍ਰਸ਼ਾਨਿਕ ਅਧਿਕਾਰੀਆਂ, ਕਰਮਚਾਰੀਆਂ ਅਤੇ ਮਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨ੍ਹਾਂ ਵਿਰਾਸਤੀ ਪਿੰਡ ’ਚ ਬਣੀ ਲਾਇਬ੍ਰੇਰੀ ’ਚ ਸਮਾਨ ਖਰੀਦਣ ਲਈ 3 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਦੌਰਾਨ ਉਨ੍ਹਾਂ ਚਾਚੀ ਅਤਰੋ ਦੇ ਘਰ ਮੰਜੇ ’ਤੇ ਬੈਠ ਕੇ ਬਣੇ ਦੇਸੀ ਖਾਣੇ ਦਾ ਸਵਾਦ ਵੀ ਚਖਿਆ।
ਇਸ ਮੌਕੇ ਪੰਜਾਬ ਖਾਦੀ ਤੇ ਵਿਲਜ ਇੰਡਸਟਰੀਜ਼ ਬੋਰਡ ਦੇ ਡਾਇਰੈਕਟਰ ਸ਼੍ਰੀ ਬੱਲੀ ਬਲਜੀਤ, ਚੇਅਰਮੈਨ ਮੇਲਾ ਕਮੇਟੀ ਸ੍ਰੀ ਚਮਕੌਰ ਮਾਨ, ਜਨਰਲ ਸੈਕਟਰੀ ਸੁਖਦੇਵ ਗਰੇਵਾਲ, ਵਾਇਸ ਪ੍ਰਧਾਨ ਬਲਦੇਵ ਸਿੰਘ ਚਾਹਲ, ਸ. ਭੋਲਾ ਸਿੰਘ ਮਲੂਕਾ, ਸ. ਇੰਦਰਜੀਤ ਸਿੰਘ, ਗੁਰਮੀਤ ਸਿੰਘ ਸਿੱਧੂ, ਡੀਸੀ ਸ਼ਰਮਾ, ਗੁਰਪ੍ਰੀਤ ਕੌਰ ਸਿੱਧੂ, ਸੁਰਿੰਦਰ ਕੌਰ, ਹਰਪਿੰਦਰ ਕੌਰ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ।