ਮੇਰੀ ਸਾਰੀ ਸੁਰੱਖਿਆ ਸ਼ਨੀਵਾਰ ਨੂੰ ਵਾਪਸ ਲਈ ਗਈ - ਮਜੀਠੀਆ
- ਕਿਹਾ ਆਪ ਸਰਕਾਰ ਵੱਲੋਂ ਉਹਨਾਂ ਨਾਲ ਕੁਝ ਮੁਲਾਜ਼ਮ ਹਾਲੇ ਵੀ ਤਾਇਨਾਤ ਹੋਣ ਦਾ ਬਿਆਨ ਉਦੋਂ ਪਲਟੀ ਮਾਰਦਿਆਂ ਦਿੱਤਾ ਗਿਆ ਜਦੋਂ ਸਿਆਸੀ ਪਾਰਟੀਆਂ ਤੇ ਪੰਜਾਬੀਆਂ ਨੇ ਸਰਕਾਰ ਨੂੰ ਆਪਣੇ ਬਚਾਅ ਵਾਸਤੇ ਮਜਬੂਰ ਕੀਤਾ
- ਕਿਹਾ ਕਿ ਕੇਜਰੀਵਾਲ ਦੇ ਪੀ ਏ ਬਿਭਵ ਕੁਮਾਰ ਨੂੰ ਜ਼ੈਡ ਪਲੱਸ ਸੁਰੱਖਿਆ ਦਿੱਤੀ, ਕਿਹਾ ਕਿ ਉਹਨਾਂ ਵੱਲੋਂ ਹੁਸ਼ਿਆਰਪੁਰ ਵਿਚ ਹੋਈ ਰਾਤ ਦੀ ਘਟਨਾ ਦੀ ਜਾਣਕਾਰੀ ਦੇਣ ਤੇ ਉਹਨਾਂ ਵੱਲੋਂ ਕਾਲਾ ਚਸ਼ਮਾ ਪਾਉਣ ਹੀ ਧੱਕੇ ਨਾਲ ਸੁਰੱਖਿਆ ਵਾਪਸ ਲਈ ਗਈ
ਚੰਡੀਗੜ੍ਹ, 2 ਅਪ੍ਰੈਲ 2025: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਪਸ਼ਟ ਕੀਤਾ ਕਿ ਸ਼ਨੀਵਾਰ ਨੂੰ ਉਹਨਾਂ ਦੀ ਸਾਰੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਉਹਨਾਂ ਨਾਲ ਕੁਝ ਮੁਲਾਜ਼ਮ ਤਾਇਨਾਤ ਹੋਣ ਦਾ ਬਿਆਨ ਉਦੋਂ ਪਲਟੀ ਮਾਰਦਿਆਂ ਦਿੱਤਾ ਗਿਆ ਜਦੋਂ ਸਿਆਸੀ ਪਾਰਟੀਆਂ ਤੇ ਪੰਜਾਬੀਆਂ ਨੇ ਸਰਕਾਰ ਨੂੰ ਘੇਰਿਆ।
ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਉਹਨਾਂ ਨੂੰ ਇੰਨੀ ਸੁਰੱਖਿਆ ਦੀ ਜ਼ਰੂਰਤ ਨਾ ਹੋਣ ਬਾਰੇ ਦਿੱਤੇ ਬਿਆਨ ’ਤੇ ਉਹਨਾਂ ਦੇ ਦੋਗਲੇ ਕਿਰਦਾਰ ਲਈ ਉਹਨਾਂ ਨੂੰ ਘੇਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕੀ ਆਪ ਸਰਕਾਰ ਨੂੰ ਇਸ ਨਤੀਜੇ ’ਤੇ ਪਹੁੰਚਣ ਲਈ ਤਿੰਨ ਸਾਲ ਲੱਗ ਗਏ?
ਉਹਨਾਂ ਕਿਹਾ ਕਿ ਅਰੋੜਾ ਨੇ ਕਿਹਾ ਹੈ ਕਿ ਇਕ ਨਸ਼ਾ ਮਾਮਲੇ ਦੇ ਕੇਸ ਦੇ ਮੁਲਜ਼ਮ ਨੂੰ ਪ੍ਰਧਾਨ ਮੰਤਰੀ ਦੇ ਪੱਧਰ ਦੀ ਸੁਰੱਖਿਆ ਕਿਵੇਂ ਦਿੱਤੀ ਜਾ ਸਕਦੀ ਹੈ ਪਰ ਉਹ ਇਹ ਕੁਝ ਦਿਨ ਪਹਿਲਾਂ ਇਕ ਸਮਾਗਮ ਵਿਚ ਉਹਨਾਂ ਨਾਲ ਮਿਲ ਕੇ ਬੈਠੇ ਸਨ ਤੇ ਉਹਨਾਂ ਕਿਹਾ ਸੀ ਕਿ ਪਾਰਟੀ ਵਿਚ ਹਰ ਕੋਈ ਚਾਹੁੰਦਾ ਹੈ ਕਿ ਭਗਵੰਤ ਮਾਨ ਤੋਂ ਖਹਿੜਾ ਛੁੱਟੇ।
ਸਰਦਾਰ ਮਜੀਠੀਆ ਨੇ ਅਮਨ ਅਰੋੜਾ ਨੂੰ ਇਹ ਵੀ ਸਵਾਲ ਕੀਤਾ ਕਿ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਬਿਭਵ ਕੁਮਾਰ ਨੂੰ ਜ਼ੈਡ ਪਲੱਸ ਸੁਰੱਖਿਆ ਕਿਉਂ ਦਿੱਤੀ ਗਈ ਹੈ ਜਦੋਂ ਕਿ ਉਹਨਾਂ ’ਤੇ ਪਾਰਟੀ ਦੀ ਮਹਿਲਾ ਐਮ ਪੀ ਨਾਲ ਛੇੜਛਾੜ ਦੇ ਦੋਸ਼ ਹਨ।
ਉਹਨਾਂ ਕਿਹਾ ਕਿ ਇਸੇ ਤਰੀਕੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਜਦੋਂ ਕਿ ਉਹ ਦਿੱਲੀ ਦੇ ਵਸਨੀਕ ਹਨ ਤੇ ਉਹਨਾਂ ਬਹੁ ਕਰੋੜੀ ਸ਼ਰਾਬ ਘੁਟਾਲੇ ਦੇ ਕੇਸ ਵਿਚ ਜੇਲ੍ਹ ਵੀ ਕੱਟੀਹੈ।
ਉਹਨਾਂ ਕਿਹਾ ਕਿ ਵਿਜੇ ਨਾਇਰ ਜੋ ਕਿ ਨੈਤਿਕਤਾ ਮਾਮਲੇ ਸਮੇਤ ਭ੍ਰਿਸ਼ਟਾਚਾਰ ਦੇ ਕੇਸ ਵਿਚ ਵੀ ਸ਼ਾਮਲ ਹੈ, ਨੂੰ ਵੀ ਸੁਰੱਖਿਆ ਕਵਰ ਪ੍ਰਦਾਨ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਅਮਨ ਅਰੋੜਾ ਇਹ ਦੱਸਣ ਕਿ ਜਦੋਂ ਉਹ ਇਹ ਸਪਸ਼ਟ ਕਰ ਰਹੇ ਹਨ ਕਿ ਕਿਸਨੂੰ ਸੁਰੱਖਿਆ ਮਿਲਣੀ ਹੈ ਜਾਂ ਨਹੀਂ, ਤਾਂ ਫਿਰ ਇਹਨਾਂ ਲੋਕਾਂ ਨੂੰ ਸੁਰੱਖਿਆ ਕਿਉਂ ਮਿਲੀ ਹੋਈ ਹੈ ?
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਇਕ ਸਟੇਟਸ ਸਿੰਬਲ ਨਹੀਂ ਹੈ ਤੇ ਇਹ ਸਿਰਫ ਮੈਰਿਟ ’ਤੇ ਹੀ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹ ਤਾਂ ਸਿਰਫ ਸਰਕਾਰ ਨੂੰ ਇਹ ਕਹਿ ਰਹੇ ਹਨ ਕਿ ਉਹ ਲਿਖਤੀ ਦੇ ਦੇਵੇ ਕਿ ਉਹਨਾਂ ਨੂੰ ਕਿਸੇ ਦੀ ਸੁਰੱਖਿਆ ਦੀ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਉਹ ਇਹ ਮੰਗ ਇਸ ਕਰ ਕੇ ਕਰ ਰਹੇ ਹਨ ਕਿਉਂਕਿ ਇਕ ਮਹੀਨਾ ਪਹਿਲਾਂ ਹੀ ਸੀਨੀਅਰ ਆਈ ਪੀ ਐਸ ਅਫਸਰ ਅੰਮ੍ਰਿਤਸਰ ਵਿਚ ਉਹਨਾਂ ਦੀ ਰਿਹਾਇਸ਼ ’ਤੇ ਆਏ ਸਨ ਤੇ ਸੁਝਾਅ ਦਿੱਤਾ ਸੀ ਕਿ ਉਹ ਆਪਣੇ ਘਰ ਵਿਚ ਸੀ ਸੀ ਟੀ ਵੀ ਕੈਮਰੇ ਵਧਾਉਣ, ਕੰਧਾਂ ਨੂੰ ਉੱਚਾ ਕੀਤਾ ਜਾਵੇ ਤੇ ਕੰਡਿਆਲੀ ਤਾਰ ਲਗਾਈ ਜਾਵੇ ਤੇ ਨੈਟ ਲਗਾਏ ਜਾਣ ਤਾਂ ਜੋ ਕਿਸੇ ਵੀ ਬੰਬ ਜਾਂ ਗ੍ਰਨੇਡ ਨੂੰ ਘਰ ਵਿਚ ਆਉਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਮੈਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਮੇਰੇ ਕੋਲ ਕੋਈ ਬੁਲਟ ਪਰੂਫ ਗੱਡੀ ਹੈ ਜਾਂ ਨਹੀਂ ਤੇ ਫਿਰ ਮੇਰੀ ਇਕ ਗੱਡੀ ਨੂੰ ਬੁਲਟ ਪਰੂਫ ਬਣਵਾਉਣ ਲਈ ਉਸਦੀ ਆਰ ਸੀ ਵੀ ਮੰਗੀ ਗਈ। ਉਹਨਾਂ ਕਿਹਾ ਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕੁਝ ਦਿਨਾਂ ਵਿਚ ਹੀ ਮੇਰੀ ਜਾਨ ਨੂੰ ਖ਼ਤਰਾ ਇੰਨਾ ਜ਼ਿਆਦਾ ਹੋਣ ਤੋਂ ਸਿਫਰ ਕਿਵੇਂ ਹੋ ਗਿਆ। ਉਹਨਾਂ ਕਿਹਾ ਕਿ ਮੇਰੇ ਬਿਆਨਾਂ ਖਾਸ ਤੌਰ ’ਤੇ ਹੁਸ਼ਿਆਰਪੁਰ ਵਿਚ ਰਾਤ ਨੂੰ ਵਾਪਰੀ ਘਟਨਾ ਬਾਰੇ ਤੇ ਮੇਰੇ ਕਾਲੇ ਚਸ਼ਮੇ ਲਾਉਣ ਕਰ ਕੇ ਮੇਰੀ ਸੁਰੱਖਿਆ ਇਸ ਤਰੀਕੇ ਵਾਪਸ ਲਈ ਗਈ ਹੈ।
ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਅੰਮ੍ਰਿਤਸਰ ਵਿਚ ਉਹਨਾਂ ਦੀ ਰਿਹਾਇਸ਼ ਤੋਂ ਸੁਰੱਖਿਆ ਗਾਰਦ ਹਟਾਈ ਗਈ ਹੈ ਤੇ ਏ ਆਈ ਜੀ ਮਨਬੀਰ ਸਿੰਘ ਨੇ ਦੋ ਦਿਨਾਂ ਤੋਂ ਉਹਨਾਂ ਦੇ ਸੁਰੱਖਿਆ ਇੰਚਾਰਜ ਚਰਨਜੀਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਮੇਰੀ ਸੁਰੱਖਿਆ ਵਾਪਸ ਲੈਣ ਦਾ ਫੈਸਲਾ ਪੂਰਨ ਤੌਰ ’ਤੇ ਸਿਆਸੀ ਫੈਸਲਾ ਹੈ।
ਅਕਾਲੀ ਆਗੂ ਨੇ ਸੁਖਪਾਲ ਸਿੰਘ ਖਹਿਰਾ, ਸੁਨੀਲ ਜਾਖੜ, ਅਰਵਿੰਦ ਖੰਨਾ ਤੇ ਵਿਨੀਤ ਜੋਸ਼ੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਹਨਾਂ ਸਾਰੇ ਆਗੂਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੀ ਸੁਰੱਖਿਆ ਵਾਪਸੀ ਦੀ ਸਖ਼ਤ ਨਿਖੇਧੀ ਕੀਤੀ ਹੈ।