ਮਾੜੇ ਅਨਸਰਾਂ ਦੀ ਸੂਚਨਾ ਪੁਲੀਸ ਨੂੰ ਦਿੱਤੀ ਜਾਵੇ - ਰੁਪਿੰਦਰ ਹੈਪੀ
ਦੀਦਾਰ ਗੁਰਨਾ
* ਰਾਏਪੁਰ ਰਾਈਆਂ ਵਿਖੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਕੱਢੀ ਜਾਗੋ
* ਨਸ਼ਿਆਂ ਦੇ ਕਾਰੋਬਾਰੀਆਂ ਬਾਰੇ ਪੰਜਾਬ ਸਰਕਾਰ ਦੇ ਵਟਸਐਪ ਨੰਬਰ 9779-100-200 'ਤੇ ਦਿੱਤੀ ਜਾਵੇ ਸੂਚਨਾ
ਖਮਾਣੋਂ/ ਫਤਹਿਗੜ੍ਹ ਸਾਹਿਬ, 01 ਅਪ੍ਰੈਲ 2025 - ਗ੍ਰਾਮ ਪੰਚਾਇਤ ਰਾਏਪੁਰ ਰਾਈਆਂ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਅਧੀਨ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗੋ ਕੱਢੀ ਗਈ, ਜਿਸ ਵਿੱਚ ਹਲਕਾ ਵਿਧਾਇਕ ਸ.ਰੁਪਿੰਦਰ ਸਿੰਘ ਹੈਪੀ ਤੇ ਪ੍ਰਧਾਨ ਨਗਰ ਕੌਂਸਲ ਖਮਾਣੋਂ ਸ. ਗੁਰਦੀਪ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਇਸ ਮੌਕੇ ਪਿੰਡ ਵਾਸੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ ਤੇ ਹਲਕਾ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮਾੜੇ ਅਨਸਰਾਂ ਵਿਰੁੱਧ ਸੂਚਨਾ ਦੇਣ ਲਈ ਕਿਹਾ ਗਿਆ। ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਉਹਨਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰੀਆਂ ਬਾਰੇ ਪੰਜਾਬ ਸਰਕਾਰ ਦੇ ਵਟਸਐਪ ਨੰਬਰ 9779-100-200 'ਤੇ ਸੂਚਨਾ ਦਿੱਤੀ ਜਾਵੇ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ।
ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵੱਡੇ ਪੱਧਰ ਉੱਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਸਾਰਥਿਕ ਸਿੱਟੇ ਵੀ ਸਾਹਮਣੇ ਆ ਰਹੇ ਹਨ। ਉਹਨਾਂ ਕਿਹਾ ਕਿ ਨਸ਼ੇ ਕੇਵਲ, ਨਸ਼ਾ ਕਰਨ ਵਾਲੇ ਵਿਅਕਤੀ ਦਾ ਹੀ ਨੁਕਸਾਨ ਨਹੀਂ ਕਰਦੇ, ਸਗੋਂ ਉਸ ਵਿਅਕਤੀ ਦੇ ਪਰਿਵਾਰ ਤੇ ਸਮੁੱਚੇ ਸਮਾਜ ਨੂੰ ਢਾਹ ਲਾਉਂਦੇ ਹਨ। ਇਸ ਲਈ ਹਰ ਹਾਲ ਨਸ਼ਿਆਂ ਤੋਂ ਦੂਰ ਰਹਿਣਾ ਲਾਜ਼ਮੀ ਹੈ।
ਹਲਕਾ ਵਿਧਾਇਕ ਨੇ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਵੀ ਕੀਤਾ।
ਇਸ ਮੌਕੇ ਬਲਾਕ ਖਮਾਣੋਂ ਦੀਆਂ ਹੋਰ ਗ੍ਰਾਮ ਪੰਚਾਇਤਾਂ ਤੋਂ ਪਹੁੰਚੇ ਹੋਏ ਪੰਚ-ਸਰਪੰਚ ਸਮੇਤ ਗ੍ਰਾਮ ਪੰਚਾਇਤ ਰਾਏਪੁਰ ਰਾਈਆਂ ਵੱਲੋਂ ਪਿੰਡਾਂ ਵਿੱਚੋਂ ਨਸ਼ੇ ਖਤਮ ਕਰਨ ਦਾ ਭਰੋਸਾ ਦਿੰਦੇ ਹੋਏ ਹਾਜ਼ਰ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਉਪ ਕਪਤਾਨ ਪੁਲਿਸ ਖਮਾਣੋਂ ਸ. ਰਮਿੰਦਰ ਸਿੰਘ ਕਾਹਲੋਂ , ਬੀ.ਡੀ.ਪੀ.ਓ. ਖਮਾਣੋਂ ਸ਼੍ਰੀਮਤੀ ਪਰਮਬੀਰ ਕੌਰ , ਐੱਸ.ਐੱਚ.ਓ. ਖਮਾਣੋਂ ਸ. ਬਲਵੀਰ ਸਿੰਘ, ਸਰਪੰਚ ਸ਼੍ਰੀਮਤੀ ਪਵਿੱਤਰ ਕੌਰ ਅਤੇ ਸਮੂਹ ਪੰਚ ਗ੍ਰਾਮ ਪੰਚਾਇਤ ਰਾਏਪੁਰ ਰਾਈਆਂ, ਪੰਚਾਇਤ ਸਕੱਤਰ ਸ. ਜਗਦੀਪ ਸਿੰਘ ਅਤੇ ਜੀ.ਆਰ.ਐਸ. ਸ. ਕੁਲਦੀਪ ਸਿੰਘ ਵੀ ਹਾਜ਼ਰ ਸਨ।