ਬੀਬੀ ਮਾਣੂੰਕੇ ਨੇ ਬੱਸ ਅੱਡੇ 'ਚ ਖੜੀਆਂ ਸਵਾਰੀਆਂ ਦੇ ਦੁੱਖ ਸੁਣੇ
- ਬੱਸਾਂ ਅੱਡੇ 'ਚ ਲਿਜਾਣਾ ਯਕੀਨੀ ਬਨਾਉਣ 'ਤੇ ਜੀ.ਐਮ.ਰੋਡਵੇਜ਼ ਵੱਲੋਂ ਵਿਧਾਇਕਾ ਮਾਣੂੰਕੇ ਦਾ ਸਨਮਾਨ
ਜਗਰਾਉਂ, 2 ਅਪ੍ਰੈਲ 2025 - ਅੱਜ ਜਗਰਾਉਂ ਦੇ ਬੱਸ ਅੱਡੇ ਵਿੱਚ ਆਮ ਲੋਕਾਂ ਦੇ ਚਿਹਰੇ ਤੇ ਖੁਸ਼ੀ ਦਾ ਜ਼ਲੌਅ ਉਸ ਵੇਲੇ ਵੇਖਣ ਨੂੰ ਮਿਲਿਆ, ਜਦੋਂ ਇੱਕ ਮੌਜੂਦਾ ਵਿਧਾਇਕ ਆਮ ਲੋਕਾਂ ਦੀ ਤਰ੍ਹਾਂ ਖੁਦ ਉਹਨਾਂ ਕੋਲ ਪਹੁੰਚਕੇ 'ਤੇ ਬੱਸ ਅੱਡੇ ਵਿੱਚ ਖੜਕੇ ਦੁੱਖ ਸੁਣ ਰਿਹਾ ਸੀ। ਇਹ ਵਿਧਾਇਕ ਸਨ, ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਜੋ ਜਗਰਾਉਂ ਦੇ ਬੱਸ ਅੱਡੇ ਵਿੱਚ ਬੱਸਾਂ ਨਾ ਜਾਣ ਕਾਰਨ ਸਵਾਰੀਆਂ ਨੂੰ ਰੋਜ਼ਾਨਾਂ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਵਿਧਾਨ ਸਭਾ ਵਿੱਚ ਮੁੱਦਾ ਉਠਾਉਣ ਤੋਂ ਬਾਅਦ ਬੱਸ ਅੱਡੇ ਦਾ ਦੌਰਾ ਕਰਨ ਲਈ ਵਿਸ਼ੇਸ਼ ਤੌਰਤੇ ਆਏ ਸਨ।
ਇਸ ਮੌਕੇ ਉਹਨਾਂ ਦੇ ਨਾਲ ਆਪ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ। ਵਿਧਾਇਕਾ ਮਾਣੂੰਕੇ ਨੇ ਮੌਕੇ ਤੇ ਹੀ ਪੰਜਾਬ ਰੋਡਵੇਜ਼ ਜਗਰਾਉਂ ਦੇ ਜਨਰਲ ਮੈਨੇਜਰ ਜੁਗਰਾਜ ਸਿੰਘ ਤੂਰ ਅਤੇ ਹੋਰ ਅਧਿਕਾਰੀਆਂ ਨੂੰ ਵੀ ਮੌਕੇ ਤੇ ਹੀ ਬੱਸ ਅੱਡੇ ਵਿੱਚ ਬੁਲਾ ਲਿਆ ਅਤੇ ਬੱਸ ਅੱਡੇ ਅੰਦਰ ਸਵਾਰੀਆਂ ਲਈ ਬੈਠਣ ਦਾ ਪ੍ਰਬੰਧ, ਪੀਣ ਲਈ ਪਾਣੀ ਅਤੇ ਦੁਕਾਨਾਂ ਦੀ ਸਫਾਈ ਆਦਿ ਨੂੰ ਚੈਕ ਕੀਤਾ ਅਤੇ ਕੁੱਝ ਥਾਵਾਂ ਉਪਰ ਪਾਈਆਂ ਗਈਆਂ ਊਣਤਾਈਆਂ ਅਤੇ ਬਾਥਰੂਮਾਂ ਆਦਿ ਦੀ ਸਫ਼ਾਈ ਲਈ ਹਦਾਇਤਾਂ ਜਾਰੀ ਕੀਤੀਆਂ। ਬੱਸ ਅੱਡੇ ਦਾ ਨਿਰੀਖਣ ਕਰਦਿਆਂ ਵਿਧਾਇਕਾ ਮਾਣੂੰਕੇ ਨੇ ਅਧਿਕਾਰੀਆਂ ਨੂੰ ਆਖਿਆ ਕਿ ਸ਼ਹਿਰ ਦੇ ਪ੍ਰਮੁੱਖ ਚੌਂਕ ਵਿੱਚ ਖੜਦੇ ਆਟੋ ਟੈਂਪੂ ਆਦਿ ਦੇ ਖੜਨ ਲਈ ਢੁਕਵੀਂ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਸ਼ਹਿਰ ਦੇ ਮੇਨ ਚੌਂਕ ਵਿੱਚੋਂ ਟ੍ਰੈਫਿਕ ਕੰਟਰੋਲ ਹੋ ਸਕੇ ਅਤੇ ਆਟੋ ਚਾਲਕਾਂ ਲਈ ਅਧਿਕਾਰਤ ਜਗ੍ਹਾ ਨਿਸ਼ਚਿਤ ਹੋਣ ਨਾਲ ਉਹਨਾਂ ਦੀ ਸਮੱਸਿਆ ਦਾ ਹੱਲ ਹੋ ਸਕੇ। ਵਿਧਾਇਕਾ ਮਾਣੂੰਕੇ ਨੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਆਖਿਆ ਕਿ ਬੱਸ ਅੱਡੇ ਤੋਂ ਬਾਹਰ ਖੜਨ ਵਾਲੀਆਂ ਬੱਸਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਸਵਾਰੀਆਂ ਨੂੰ ਬੱਸ ਅੱਡੇ ਦੇ ਅੰਦਰੋਂ ਹੀ ਬੱਸਾਂ ਵਿੱਚ ਚੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ। ਵਿਧਾਇਕਾ ਮਾਣੂੰਕੇ ਵੱਲੋਂ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਬੱਸ ਅੱਡੇ ਦੇ ਆਲੇ-ਦੁਆਲੇ ਝੁੱਗੀਨੁਮਾਂ ਦੁਕਾਨਾਂ ਲਾਈ ਬੈਠੇ ਦੁਕਾਨਦਾਰਾਂ ਦਾ ਪੱਕਾ ਹੱਲ ਕਰਨ ਲਈ ਅੱਡੇ ਦੀ ਖਾਲੀ ਜਗ੍ਹਾ ਵਿੱਚ ਨਵੀਆਂ ਦੁਕਾਨਾਂ ਬਨਾਉਣ ਲਈ ਪ੍ਰਪੋਜ਼ਲ ਤਿਆਰ ਕੀਤੀ ਜਾਵੇ, ਤਾਂ ਜੋ ਦੁਕਾਨਦਾਰਾਂ ਦਾ ਪੱਕਾ ਹੱਲ ਕੀਤਾ ਜਾ ਸਕੇ ਅਤੇ ਇਸ ਨਾਲ ਬੱਸ ਅੱਡੇ ਦੇ ਆਲੇ-ਦੁਆਲੇ ਤੇ ਮੁੱਖ ਚੌਂਕ ਦੀ ਸੁੰਦਰਤਾ ਵਿੱਚ ਵੀ ਵਾਧਾ ਹੋ ਸਕੇਗਾ। ਇਸ 'ਤੇ ਜੀ.ਰੋਡਵੇਜ਼ ਜਗਰਾਉਂ ਦੇ ਦੱਸਿਆ ਕਿ ਜ਼ਲਦੀ ਹੀ ਪੀ.ਡਬਲਿਯੂ.ਡੀ. ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਰਕੇ ਨਵੀਆਂ ਦੁਕਾਨਾਂ ਲਈ ਜਗ੍ਹਾ ਦੀ ਮਿਣਤੀ ਕਰਵਾਕੇ ਐਸਟੀਮੇਟ ਬਣਾਉਣ ਉਪਰੰਤ ਤਜਵੀਜ਼ ਪੇਸ਼ ਕਰ ਦਿੱਤੀ ਜਾਵੇਗੀ।
ਜੀ.ਐਮ.ਰੋਡਵੇਜ਼ ਵੱਲੋਂ ਵਿਧਾਇਕਾ ਮਾਣੂੰਕੇ ਦਾ ਸਨਮਾਨ : ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਜਗਰਾਉਂ ਦੇ ਬੱਸ ਅੱਡੇ ਵਿੱਚ ਬੱਸਾਂ ਨਾ ਜਾਣ ਕਾਰਨ ਸਵਾਰੀਆਂ ਨੂੰ ਰੋਜ਼ਾਨਾਂ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਪੰਜਾਬ ਵਿਧਾਨ ਸਭਾ ਵਿੱਚ ਮੁੱਦਾ ਉਠਾਕੇ ਹੱਲ ਕਰਵਾਉਣ ਲਈ ਧੰਨਵਾਦ ਕਰਦੇ ਹੋਏ ਪੰਜਾਬ ਰੋਡਵੇਜ਼ ਜਗਰਾਉਂ ਦੇ ਜੀ.ਐਮ. ਜੁਗਰਾਜ ਸਿੰਘ ਤੂਰ ਅਤੇ ਰੋਡਵੇਜ਼ ਦੇ ਸਟਾਫ਼ ਵੱਲੋਂ ਵਿਸ਼ੇਸ਼ ਤੌਰਤੇ ਵਿਧਾਇਕਾ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜੀ.ਐਮ. ਰੋਡਵੇਜ਼ ਤੂਰ ਨੇ ਆਖਿਆ ਕਿ ਬੱਸਾਂ ਜਗਰਾਉਂ ਦੇ ਬੱਸ ਅੱਡੇ ਤੋਂ ਬਾਹਰ ਖੜਨ ਨਾਲ ਜਿੱਥੇ ਸਵਾਰੀਆਂ ਨੂੰ ਧੁੱਪ ਵਿੱਚ ਭੱਜ-ਨੱਠ ਕਰਕੇ ਬੱਸ ਲੈਣੀ ਪੈਂਦੀ ਸੀ, ਉਥੇ ਜਗਰਾਉਂ ਦੇ ਮੇਨ ਚੌਂਕ ਵਿੱਚ ਟ੍ਰੈਫਿਕ ਦੀ ਵੀ ਸਮੱਸਿਆ ਬਣੀ ਰਹਿੰਦੀ ਸੀ। ਇਸ ਤੋਂ ਇਲਾਵਾ ਬੱਸ ਅੱਡੇ ਵਿੱਚ ਬੱਸਾਂ ਨਾ ਆਉਣ ਕਾਰਨ ਰੋਡਵੇਜ਼ ਦਾ ਭਾਰੀ ਵਿੱਤੀ ਨੁਕਸਾਨ ਹੁੰਦਾ ਸੀ ਅਤੇ ਸਵਾਰੀਆਂ ਤੇ ਆਮ ਲੋਕਾਂ ਦੀ ਖੱਜਲ-ਖੁਆਰੀ ਹੁੰਦੀ ਸੀ। ਵਿਧਾਇਕਾ ਮਾਣੂੰਕੇ ਵੱਲੋਂ ਇਹ ਮੁੱਦਾ ਵਿਧਾਨ ਸਭਾ ਦੇ ਇਜ਼ਲਾਸ ਦੌਰਾਨ ਉਠਾਕੇ ਜਿੱਥੇ ਆਮ ਲੋਕਾਂ ਦਾ ਵੱਡਾ ਮਸਲਾ ਹੱਲ ਕਰਵਾਇਆ ਹੈ, ਉਥੇ ਹੀ ਰੋਡਵੇਜ਼ ਨੂੰ ਵਿੱਤੀ ਲਾਭ ਹੋਣ ਦੇ ਨਾਲ-ਨਾਲ ਬੱਸ ਅੱਡੇ ਦੀ ਰੌਣਕ ਵਿੱਚ ਵੀ ਵਾਧਾ ਹੋਇਆ ਹੈ। ਉਹਨਾਂ ਵਿਧਾਇਕਾ ਮਾਣੂੰਕੇ ਦੇ ਇਹਨਾਂ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੇਸ਼ ਕੁਮਾਰ ਸਟੈਨੋਂ, ਮਨਿੰਦਰਜੀਤ ਸਿੰਘ ਕੈਲੇ, ਕੁਲਦੀਪ ਸਿੰਘ, ਕਮਲਜੀਤ ਕੌਰ, ਕਿਰਨਦੀਪ ਕੌਰ, ਸ਼ੈਲੀ ਜਿੰਦਲ, ਮਨਿੰਦਰ ਕੁਮਾਰ, ਗੁਰਦੀਪ ਸਿੰਘ, ਹਰਪ੍ਰੀਤ ਕੌਰ, ਆਪ ਆਗੂ ਮਿੰਟੂ ਮਾਣੂੰਕੇ, ਪ੍ਰਦੀਪ ਸਿੰਘ ਮਾਣੂੰਕੇ, ਮਨਪ੍ਰੀਤ ਸਿੰਘ ਮਾਣੂੰਕੇ ਆਦਿ ਵੀ ਹਾਜ਼ਰ ਸਨ।