ਪਰਿਵਾਰ ਨੇ ਪ੍ਰਾਈਵੇਟ ਹਸਪਤਾਲ ’ਤੇ ਗਲਤ ਟੀਕਾ ਲਗਾ ਕੇ ਮਰੀਜ਼ ਦੀ ਜਾਨ ਲੈਣ ਦੇ ਲਗਾਏ ਦੋਸ਼
- ਹਸਪਤਾਲ ਪ੍ਰਬੰਧਕਾਂ ਨੇ ਦੋਸ਼ ਨਕਾਰੇ
ਜਗਤਾਰ ਸਿੰਘ
ਪਟਿਆਲਾ, 2 ਅਪ੍ਰੈਲ 2025 : ਨੈਸ਼ਨਲ ਸ਼ਡਿਊਅਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਤੇ ਉਹਨਾਂ ਦੇ ਸਾਥੀਆਂ ਨੇ ਦੋਸ਼ ਲਗਾਇਆ ਹੈ ਕਿ ਪਾਤੜਾਂ ਦੇ ਇਕ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਨੇ ਇਲਾਜ ਵਿਚ ਲਾਪਰਵਾਹੀ ਵਰਤ ਕੇ ਇਕ 65 ਸਾਲਾ ਮਹਿਲਾ ਨੂੰ ਮੌਤ ਦੇ ਮੂੰਹ ਵਿਚ ਜਾ ਸੁੱਟਿਆ ਹੈ ਜਿਸ ਲਈ ਹਸਪਤਾਲ ਦੇ ਪ੍ਰਬੰਧਕਾਂ, ਡਾਕਟਰਾਂ ਖਿਲਾਫ ਕਾਨੂੰਨ ਦੀ ਬਣਦੀ ਧਾਰਾ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਕੈਂਥ ਤੇ ਉਕਤ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਿਲਾ ਨੂੰ ਢਿੱਡ ਦਰਦ ਦੀ ਸ਼ਿਕਾਇਤ ਹੋਣ ’ਤੇ ਉਹ ਹਸਪਤਾਲ ਵਿਚ ਲੈ ਕੇ ਗਏ ਸਨ। ਉਹਨਾਂ ਦੱਸਿਆ ਕਿ ਹਸਪਤਾਲ ਨੇ 15 ਹਜ਼ਾਰ ਰੁਪਏ ਵਿਚ ਇਲਾਜ ਦਾ ਪੈਕੇਜ ਦਿੱਤਾ ਜਿਸ ਬਦਲੇ ਉਹਨਾਂ ਨੇ 5 ਹਜ਼ਾਰ ਰੁਪਏ ਗੁਗਲ ਪੇਅ ਰਾਹੀਂ ਟਰਾਂਸਫਰ ਵੀ ਕੀਤੇ। ਉਹਨਾਂ ਦਾਅਵਾ ਕੀਤਾ ਕਿ ਗਲਤ ਟੀਕਾ ਲੱਗਣ ਕਾਰਣ ਮਹਿਲਾ ਦੀ ਮੌਤ ਹੋ ਗਈ ਤੇ ਡਾਕਟਰਾਂ ਨੇ ਉਹਨਾਂ ’ਤੇ ਦਬਾਅ ਬਣਾ ਕੇ ਮਹਿਲਾ ਦਾ ਅੰਤਿਮ ਸਸਕਾਰ ਵੀ ਕਰਵਾ ਦਿੱਤਾ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਪੋਸਟਮ ਮਾਰਟਮ ਵੀ ਨਹੀਂ ਕਰਵਾਇਆ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪਰਮਜੀਤ ਸਿੰਘ ਕੈਂਥ ਨੇ ਦੱਸਿਆ ਕਿ ਇਹ ਮਰੀਜ਼ ਪਿੰਡ ਦੇਦਨਾ ਨਾਲ ਸਬੰਧਤ ਸੀ ਤੇ ਬਹੁਤ ਹੀ ਸਾਊ ਪਰਿਵਾਰ ਨਾਲ ਸਬੰਧਤ ਸੀ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਡਿਪਟੀ ਕਮਿਸ਼ਨਰ ਪਟਿਆਲਾ, ਡੀ ਐਸ ਪੀ ਪਾਤੜਾਂ ਸਹਿਤ ਸਮੂਹ ਸਿਖ਼ਰਲੇ ਪ੍ਰਬੰਧਕਾਂ ਨੂੰ ਈ ਮੇਲ ਰਾਹੀਂ ਸ਼ਿਕਾਇਤਾਂ ਵੀ ਕੀਤੀਆਂ ਹਨ ਤੇ ਡੀ ਐਸ ਪੀ ਪਾਤੜਾਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਪਰ ਮਾਮਲੇ ਵਿਚ ਕੋਈ ਸੁਣਵਾਈ ਨਹੀਂ ਹੋ ਰਹੀ।
ਉਹਨਾਂ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਤਾਂ ਪਟਿਆਲਾ ਜ਼ਿਲ੍ਹੇ ਨਾਲ ਹੀ ਸਬੰਧਤ ਹਨ ਤੇ ਉਹ ਮਾਮਲੇ ਵਿਚ ਕਾਰਵਾਈ ਯਕੀਨੀ ਬਣਾਉਣ ਅਤੇ ਹਸਪਤਾਲ ਦੀ ਮਾਨਤਾ ਰੱਦ ਕੀਤੀ ਜਾਵੇ ਤੇ ਡਾਕਟਰਾਂ ਖਿਲਾਫ ਬਣਦੀ ਕਾਨੂੰਨੀ ਧਾਰਾ ਤਹਿਤ ਕਾਰਵਾਈ ਕੀਤੀ ਜਾਵੇ।
ਡਾਕਟਰ ਦਾ ਪੱਖ
ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਸਬੰਧਤ ਡਾਕਟਰ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ। ਉਹਨਾਂ ਕਿਹਾ ਕਿ ਮਰੀਜ਼ ਟੀ ਬੀ ਤੋਂ ਪੀੜਤ ਮਰੀਜ਼ ਸੀ ਜਿਸਨੂੰ ਅਸੀਂ ਵੋਵਰਾਨ ਦਾ ਟੀਕਾ ਲਗਾਇਆ ਸੀ ਜੋ ਦਰਦ ਨਿਵਾਰਕ ਟੀਕਾ ਹੁੰਦਾ ਹੈ। ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਜੇਕਰ 40 ਲੋਕ ਆ ਕੇ ਤੁਹਾਨੂੰ ਘੇਰ ਲੈਣ ਤਾਂ ਫਿਰ ਤੁਹਾਡੇ ਵੱਲੋਂ ਹੱਥ ਜੋੜ ਕੇ ਮੁਆਫੀ ਹੀ ਮੰਗੀ ਜਾ ਸਕਦੀ ਹੈ, ਹੋਰ ਕੋਈ ਚਾਰਾ ਨਹੀਂ ਰਹਿੰਦਾ।