Babushahi Special: ਬਾਰਸ਼ਾਂ ਦੇ ਪਾਣੀ ’ਚ ਮਧਾਣੀ ਰਾਹੀਂ ਸਿਆਸੀ ਮੱਖਣ ਕੱਢਣ ਦੀ ਤਿਆਰੀ ’ਚ ਮਹਿਤਾ ਪ੍ਰੀਵਾਰ
ਅਸ਼ੋਕ ਵਰਮਾ
ਬਠਿੰਡਾ,2 ਅਪਰੈਲ 2025:ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਖਲੋਂਦੇ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਤਿਆਰੀ ਜੰਗੀ ਪੱਧਰ ਤੇ ਖਿੱਚ ਲਈ ਹੈ। ਇਹ ਸ਼ਹਿਰ ਦੀ ਉਹ ਦੁਖਦੀ ਰਗ ਹੈ ਜਿਸ ਦਾ ਇਲਾਜ ਤਲਾਸ਼ਦਿਆਂ 4 ਮੇਅਰ ਚਲੇ ਗਏ ਪਰ ਕੋਈ ਦਵਾਈ ਕੰਮ ਨਹੀਂ ਆਈ ਹੈ। ਬਾਰਸ਼ਾਂ ਦਾ ਪਾਣੀ ਖੜ੍ਹਨ ਕਾਰਨ ਨਗਰ ਨਿਗਮ ਨੂੰ ਹਰ ਸਾਲ ਸ਼ਹਿਰ ਤਿੱਖੀ ਅਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਲਾਈਨੋਪਾਰ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਕਈ ਸਾਲ ਪਹਿਲਾਂ ਬਾਰਸ਼ਾਂ ਦੇ ਪਾਣੀ ਕਾਰਨ ਸਮੁੰਦਰ ਬਣੇ ਬਜ਼ਾਰਾਂ ’ਚ ਕਿਸ਼ਤੀ ਚਲਾਕੇ ਨਗਰ ਨਿਗਮ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਸੀ। ਸ਼ਹਿਰ ਦੇ ਕਈ ਇਲਾਕਿਆਂ ਤੋਂ ਇਲਾਵਾ ਸਿਰਕੀ ਬਜ਼ਾਰ ਤਾਂ ਲੰਮੇਂ ਸਮੇਂ ਤੋਂ ਇਹ ਦਰਦ ਆਪਣੇ ਪਿੰਡੇ ਤੇ ਹੰਢਾਉਂਦਾ ਆ ਰਿਹਾ ਹੈ।

ਸੂਤਰਾਂ ਦੇ ਮੰਨੀਏ ਤਾਂ ਮੇਅਰ ਪਦਮਜੀਤ ਮਹਿਤਾ ਦਾ ਨਿਸ਼ਾਨਾ ਮਿਸ਼ਨ 2027 ਹੈ ਜਿਸ ਲਈ ਤਿੰਨ ਪ੍ਰਮੁੱਖ ਸਮੱਸਿਆਵਾਂ ਬਰਸਾਤੀ ਪਾਣੀ, ਅਵਾਰਾ ਪਸ਼ੂਆਂ ਤੇ ਕੁੱਤਿਆਂ ਦੇ ਝੁੰਡ ਅਤੇ ਸੀਵਰੇਜ਼ ਦਾ ਢੁੱਕਵਾਂ ਹੱਲ ਕੱਢਿਆ ਜਾਣਾ ਹੈ। ਮਹਿਤਾ ਪ੍ਰੀਵਾਰ ਜਾਣਦਾ ਹੈ ਕਿ ਜੇਕਰ ਸ਼ਹਿਰ ਦੇ ਦਿਲ ’ਚ ਥਾਂ ਪੱਕੀ ਕਰਨੀ ਹੈ ਤਾਂ ਇਹ ਦਿੱਕਤਾਂ ਦੂਰ ਕਰਨੀਆਂ ਪੈਣਗੀਆਂ। ਇਹੋ ਕਾਰਨ ਹੈ ਕਿ ਮੁਢਲੇ ਪੜਾਅ ਤੇ ਮੇਅਰ ਪਦਮਜੀਤ ਮਹਿਤਾ ਨੇ ਬਰਸਾਤਾਂ ਦੇ ਪਾਣੀ ਦਾ ਛੱਪੜ ਬਣਨ ਤੋਂ ਰੋਕਣ ਨੂੰ ਤਰਜੀਹੀ ਏਜੰਡਾ ਬਣਾਇਆ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਹ ਸਭ ਮਸਲੇ ਹੱਲ ਕਰਨ ਦੇ ਵਾਅਦੇ ਕੀਤੇ ਸਨ ਪਰ ਨਗਰ ਨਿਗਮ ਤੇ ਕਾਂਗਰਸ ਦਾ ਕਬਜਾ ਹੋਣ ਕਾਰਨ ਉਨ੍ਹਾਂ ਨੂੰ ਓਨੀਂ ਸਫਲਤਾ ਹਾਸਲ ਨਹੀਂ ਹੋ ਸਕੀ ਜਿਸ ਦੀ ਸ਼ਹਿਰ ਵਾਸੀ ਤਵੱਕੋ ਕਰ ਰਹੇ ਸਨ।
ਹੁਣ ਜਦੋਂ ਮੇਅਰ ਹਾਕਮ ਧਿਰ ਆਮ ਆਦਮੀ ਪਾਰਟੀ ਦਾ ਬਣ ਗਿਆ ਹੈ ਤਾਂ ਪਹਿਲਾਂ ਵਾਲੀਆਂ ਰੁਕਾਵਟਾਂ ਦੂਰ ਹੋਣ ਲੱਗੀਆਂ ਹਨ ਜਿਸ ਦੀ ਮਿਸਾਲ ਕੂੜਾ ਚੁੱਕਣ ਲਈ ਨਵੇਂ ਟਰੈਕਟਰ ਟਰਾਲੀਆਂ ਅਤੇ ਸੀਵਰੇਜ਼ ਸਿਸਟਮ ’ਚ ਸੁਧਾਰ ਲਿਆਉਣ ਲਈ ਨਵੀਂਆਂ ਮਸ਼ੀਨਾਂ ਖਰੀਦਣ ਸਮੇਤ ਹੋਰ ਕਈ ਕਾਰਜਾਂ ਤੋਂ ਮਿਲਦੀ ਹੈ। ਰੌਚਕ ਤੱਥ ਇਹ ਵੀ ਹੈ ਕਿ ਮੇਅਰ ਦੀ ਚੋਣ ਦੌਰਾਨ ਪਦਮਜੀਤ ਮਹਿਤਾ ਵਿਰੁੱਧ ਵੋਟ ਪਾਉਣ ਵਾਲੇ ਕੌਂਸਲਰ ਵੀ ਦਬੀ ਜੁਬਾਨ ’ਚ ਮੰਨਦੇ ਹਨ ਕਿ ‘ਮੁੰਡੇ ਦੀਆਂ ਗੱਲਾਂ ਅਤੇ ਕੰਮ ’ਚ ਦਮ ’ ਤਾਂ ਹੈ। ਤਾਂਹੀਓਂ ਤਾਂ ਮਹਿਤਾ ਪ੍ਰੀਵਾਰ ਨੇ ਦੋ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਕਹੀਂ ਪੇ ਨਿਗਾਹੇਂ ਕਹੀਂ ਪੇ ਨਿਸ਼ਾਨਾ’ ਦੀ ਤਰਜ ਤੇ ਆਪਣੀ ਰਣਨੀਤੀ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਸਭ ਤੋਂ ਪਰਮ ਅਗੇਤ ਸ਼ਹਿਰ ’ਚ ਖੜ੍ਹਦੇ ਬਰਸਾਤੀ ਪਾਣੀ ਨਾਲ ਨਜਿੱਠਣ ਨੂੰ ਦਿੱਤੀ ਗਈ ਹੈ।
ਹਾਲਾਂਕਿ ਨਗਰ ਨਿਗਮ ਨੇ ਕਾਫੀ ਸਮਾਂ ਪਹਿਲਾਂ ਥਰਮਲ ਪਲਾਂਟ ਦੀ ਜਮੀਨ ਤੇ ਦੋ ਟਰੀਟਮੈਂਟ ਪਲਾਂਟ ਲਾਉਣ ਦੀ ਯੋਜਨਾ ਬਣਾਈ ਸੀ ਪਰ ਕਿਉਂਕਿ ਸਭ ਤੋਂ ਵੱਡੀ ਦਿੱਕਤ ਬਾਰਸ਼ਾਂ ਦੌਰਾਨ ਸ਼ਹਿਰ ਦਾ ਸਮੁੰਦਰ ’ਚ ਤਬਦੀਲ ਹੋਣਾ ਹੈ ਇਸ ਲਈ ਪਹਿਲਾਂ ਸੀਵਰੇਜ਼ ਟਰੀਟਮੈਂਟ ਪਲਾਂਟ ਲਾਉਣ ਲਈ ਪ੍ਰਜੈਕਟ ਤਿਆਰ ਕੀਤਾ ਗਿਆ ਹੈ ਜਿਸ ਦੀ ਉਸਾਰੀ ਜਮੀਨ ਟਰਾਂਸਫਰ ਹੋਣ ਤੋਂ ਬਾਅਦ ਸ਼ੁਰੂ ਹੋਣ ਦੇ ਚਰਚੇ ਹਨ । ਸੂਤਰ ਦੱਸਦੇ ਹਨ ਕਿ ਨਗਰ ਨਿਗਮ ਨੇ ਡੀਪੀਆਰ ਬਨਵਾਉਣੀ ਸ਼ੁਰੂ ਕਰ ਦਿੱਤੀ ਹੈ। ਵਰਕ ਆਰਡਰ ਜਾਰੀ ਹੋਣ ਮਗਰੋਂ ਇਹ ਪ੍ਰਜੈਕਟ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਤਿਆਰ ਕਰਨ ਦੀ ਯੋਜਨਾ ਹੈ। ਇਸ ਪ੍ਰਜੈਕਟ ਦੀ ਬਦੌਲਤ ਪੁਰਾਣੇ ਐਸਟੀਪੀ ਤੇ ਬੋਝ ਘਟੇਗਾ । ਨਵੇਂ ਐਸਟੀਪੀ ’ਚ ਪਾਣੀ ਦਾ ਵੱਡਾ ਟੈਂਕ ਬਨਾਉਣ ਤੋਂ ਇਲਾਵਾ ਨਵੀਂ ਪਾਈਪ ਲਾਈਨ ਵਿਛਾਉਣ ਦੀ ਯੋਜਨਾ ਹੈ। ਨਵੇਂ ਟਰੀਟਮੈਂਟ ਪਲਾਂਟ ’ਚ ਸੀਵਰੇਜ਼ ਅਤੇ ਬਾਰਸ਼ਾਂ ਦਾ ਪਾਣੀ ਸੋਧਣ ਪਿੱਛੋਂ ਖੇਤੀ ਲਈ ਵਰਤਿਆ ਜਾ ਸਕੇਗਾ।
ਪਾਣੀ ਨਾਲ ਨਿਪਟਣ ਦੀ ਤਿਆਰੀ
ਮੇਅਰ ਪਦਮਜੀਤ ਮਹਿਤਾ ਦੀਆਂ ਹਦਾਇਤਾਂ ਉਪਰੰਤ ਨਗਰ ਨਿਗਮ ਨੇ ਮੌਨਸੂਨ ਦੇ ਦਿਨਾਂ ਦੌਰਾਨ ਖੜ੍ਹਦੇ ਪਾਣੀ ਨਾਲ ਨਜਿੱਠਣ ਲਈ ਅਪਰੈਲ ’ਚ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਜਦੋਂਕਿ ਇਸ ਤੋਂ ਪਹਿਲਾਂ ਇਹ ਕੰਮ ਬਾਰਸ਼ਾਂ ਤੋਂ ਕੁੱਝ ਸਮਾਂ ਪਹਿਲਾਂ ਹੀ ਨਜ਼ਰ ਆਉਂਦਾ ਸੀ। ਇਸ ਲਈ ਡਿਸਪੋਜ਼ਲ ਪੰਪਾਂ ਤੇ ਲੱਗੀਆਂ ਮੋਟਰਾਂ ਅਤੇ ਜੈਨਰੇਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲਾਂ ਬਿਜਲੀ ਬੰਦ ਹੋਣ ਕਾਰਨ ਅਕਸਰ ਮੋਟਰਾਂ ਬੰਦ ਹੋ ਜਾਂਦੀਆਂ ਸਨ ਜਦੋਂਕਿ ਪੰਪਾਂ ਦੇ ਜੈਨਰੇਟਰ ਖਰਾਬ ਹੋਣ ਕਾਰਨ ਨਿਕਾਸੀ ਪ੍ਰਭਾਵਿਤ ਹੁੰਦੀ ਰਹੀ ਹੈ। ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਾਣੀ ਦੇ ਮੱਦੇਨਜ਼ਰ ਡੀਜ਼ਲ ਦੇ ਢੁੱਕਵੇਂ ਪ੍ਰਬੰਧ ਅਤੇ ਤਾਇਨਾਤ ਹੋਣ ਵਾਲੇ ਮੁਲਾਜਮਾਂ ਦੀ ਸੂਚੀ ਬਣਾਈ ਜਾ ਰਹੀ ਹੈ।
ਸੀਵਰੇਜ਼ ਦੀ ਸਫਾਈ ਲਈ ਮਸ਼ੀਨਾਂ
ਨਗਰ ਨਿਗਮ ਨੇ ਸੀਵਰੇਜ਼ ’ਚ ਸੁਧਾਰ ਲਈ 3 ਨਵੀਆਂ ਅਧੁਨਿਕ ਮਸ਼ੀਨਾਂ ਮੰਗਵਾਈਆਂ ਹਨ। ਮੇਅਰ ਪਦਮਜੀਤ ਸਿੰਘ ਮਹਿਤਾ ਦਾ ਕਹਿਣਾ ਸੀ ਕਿ ਨਗਰ ਨਿਗਮ ਦੀ ਕੰਪਨੀਆਂ ਜਾਂ ਠੇਕੇਦਾਰਾਂ ਤੇ ਨਿਰਭਰ ਰਹਿਣ ਦੀ ਬਜਾਏ ਹੁਣ ਆਤਮਨਿਰਭਰ ਬਣੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਲੋੜ ਪੈਣ ਤੇ ਹੋਰ ਵੀ ਮਸ਼ੀਨਾ ਖਰੀਦੀਆਂ ਜਾਣਗੀਆਂ ਤਾਂ ਜੋ ਸੀਵਰੇਜ਼ ਨੂੰ ਸੁਚਾਰੂ ਰੂਪ ’ਚ ਚਲਾਇਆ ਜਾ ਸਕੇ।
ਹਰ ਸਮੱਸਿਆ ਦਾ ਹੱਲ ਕੱਢਾਂਗੇ
ਮੇਅਰ ਪਦਮਜੀਤ ਸਿੰਘ ਮਹਿਤਾ ਦਾ ਕਹਿਣਾ ਸੀ ਕਿ ਸ਼ਹਿਰ ਵਾਸੀਆਂ ਦੀਆਂ ਸਮੂਹ ਸਮੱਸਿਆਵਾਂ ਦਾ ਢੁੱਕਵਾਂ ਹੱਲ ਕੱਢਣਾ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵੱਲੋਂ ਦਿੱਤੀ ਜਿੰਮੇਵਾਰੀ ਤੇ ਖਰਾ ਉਤਰਨ ਲਈ ਹਰ ਕੋਸ਼ਿਸ਼ ਕਰਨਗੇ।