ਸਕੂਲ ਪ੍ਰਿੰਸੀਪਲ 'ਤੇ ਲੱਗੇ ਵਿਦਿਆਰਥੀ ਦੀ ਕੁੱਟਮਾਰ ਕਰਨ ਦੇ ਦੋਸ਼, ਪ੍ਰਿੰਸੀਪਲ ਨੇ ਦੋਸ਼ਾਂ ਨੂੰ ਨਕਾਰਿਆ
ਰੋਹਿਤ ਗੁਪਤਾ
ਗੁਰਦਾਸਪੁਰ , 2 ਅਪ੍ਰੈਲ 2025-ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਲੀਵਾਲ ਵਿੱਚ ਪੈਂਦੇ ਇੱਕ ਪ੍ਰਾਈਵੇਟ ਸਕੂਲ ਚ ਪੜ੍ਹਦੇ ਦਸਵੀਂ ਦੇ ਬੱਚੇ ਅਤੇ ਉਸ ਦੇ ਪਿਤਾ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ। ਕੁੱਟਮਾਰ ਦੇ ਚਲਦੇ ਬੱਚੇ ਨੂੰ ਸੱਟਾ ਲੱਗਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਦੂਜੇ ਪਾਸੇ ਸਕੂਲ ਪ੍ਰਿੰਸੀਪਲ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਦਸਵੀਂ ਕਲਾਸ ਦੇ ਵਿਦਿਆਰਥੀ ਦਵਿੰਦਰਜੀਤ ਸਿੰਘ ਅਤੇ ਉਸ ਦੇ ਪਿਤਾ ਭੁਪਿੰਦਰ ਸਿੰਘ ਵਾਸੀ ਜੈਂਤੀਪੁਰ ਵੱਲੋਂ ਸਕੂਲ ਦੇ ਪ੍ਰਿੰਸੀਪਲ ਹਰਿੰਦਰਪਾਲ ਸਿੰਘ ਸੰਧੂ ਉੱਪਰ ਕਥਿਤ ਤੋਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਕੂਲ ਦੀ ਬੱਸ ਦੇ ਡਰਾਈਵਰ ਅਤੇ ਪ੍ਰਿੰਸੀਪਲ ਦੀ ਮਾਰ ਕੁਟਾਈ ਕਾਰਨ ਬੱਚੇ ਦੇ ਪਿੰਡੇ ਉੱਪਰ ਲਾਸ਼ਾਂ ਵੀ ਪਈਆਂ ਹਨ।
ਬੱਚੇ ਦੇ ਪਿਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਬੱਸ ਦੇ ਡਰਾਈਵਰ ਨਾਲ ਬੋਲ ਬੁਲਾਰਾ ਹੋਇਆ ਸੀ ਅਤੇ ਉਸ ਤੋਂ ਬਾਅਦ ਮੇਰੇ ਬੇਟੇ ਦਵਿੰਦਰਜੀਤ ਸਿੰਘ ਨੂੰ ਫ਼ੋਨ ਤੇ ਸਕੂਲ ਸੱਦਿਆ ਗਿਆ ਜਿੱਥੇ ਸਕੂਲ ਦੇ ਪ੍ਰਿੰਸੀਪਲ ਅਤੇ ਬੱਸ ਡਰਾਈਵਰਾਂ ਨੇ ਮਿਲ ਕੇ ਮੇਰੇ ਬੱਚੇ ਦੀ ਕੁੱਟਮਾਰ ਕੀਤੀ ਜਿਸ ਉਸ ਨੂੰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਭੁਪਿੰਦਰ ਸਿੰਘ ਨੇ ਉਸ ਦੇ ਬੇਟੇ ਨਾਲ ਪ੍ਰਿੰਸੀਪਲ ਵੱਲੋਂ ਕੀਤੀ ਕੁੱਟਮਾਰ ਲਈ ਇਨਸਾਫ਼ ਦੀ ਗੁਹਾਰ ਲਗਾਈ ਹੈ।
ਉੱਧਰ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਹਰਿੰਦਰਪਾਲ ਸਿੰਘ ਸੰਧੂ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਕੂਲ ਪੜ੍ਹਦੇ ਦਵਿੰਦਰਜੀਤ ਸਿੰਘ ਸਮੇਤ 3 ਬੱਚੇ ਸਕੂਲ ਦੀ ਬੱਸ ਦਾ ਪਿੱਛਾ ਕਰ ਰਹੇ ਸਨ ਅਤੇ ਬੱਸ ਦੇ ਡਰਾਈਵਰ ਨਾਲ ਵੀ ਇੰਨਾ 3 ਬੱਚਿਆਂ ਵੱਲੋਂ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦ ਇੰਨਾ ਬੱਚਿਆਂ ਨੂੰ ਸਕੂਲ ਸੱਦ ਕੇ ਪੁੱਛਿਆ ਗਿਆ ਤਾਂ ਇੰਨਾ ’ਚੋ 2 ਬੱਚਿਆਂ ਨੇ ਗ਼ਲਤੀ ਮੰਨ ਲਈ ਪਰ ਦਵਿੰਦਰਜੀਤ ਸਿੰਘ ਨੇ ਮੇਰੇ ਨਾਲ ਬਦਸਲੂਕੀ ਕੀਤੀ। ਪ੍ਰਿੰਸੀਪਲ ਨੇ ਅੱਗੇ ਦੱਸਿਆ ਕਿ ਦਵਿੰਦਰਜੀਤ ਸਿੰਘ ਦੇ ਸੱਟਾਂ ਸਕੂਲ ਤੋਂ ਬਾਹਰ ਬੱਚਿਆਂ ਦੇ ਆਪਸ’ਚ ਹੋਏ ਝਗੜੇ ਦੌਰਾਨ ਲੱਗੀਆਂ ਹਨ ਉਨ੍ਹਾਂ ਸੱਟਾਂ ਨਾਲ ਮੇਰਾ ਕੋਈ ਸਬੰਧ ਨਹੀਂ ਹੈ।