ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
--ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ-ਵਿਧਾਇਕ ਗੋਲਡੀ
-ਘੁਬਾਇਆ ਮੰਡੀ ਵਿਚ ਵੀ ਸ਼ੁਰੂ ਕਰਵਾਈ ਖਰੀਦ
ਜਲਾਲਾਬਾਦ, 14 ਅਪ੍ਰੈਲ -ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਅੱਜ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ’ਚ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ੳਮ ਪ੍ਰਕਾਸ਼ ਕੁੱਕੜ ਦੀ ਆੜ੍ਹਤ ਤੋਂ ਕਣਕ ਦੀ ਸਰਕਾਰੀ ਖਰੀਦ ਦਾ ਸ੍ਰੀ ਗਣੇਸ਼ ਕਰਵਾਇਆ ਗਿਆ। ਇਸਤੋਂ ਬਿਨ੍ਹਾਂ ਉਨ੍ਹਾਂ ਵੱਲੋਂ ਘੁਬਾਇਆ ਮੰਡੀ ਦਾ ਵੀ ਦੌਰਾ ਕਰਕੇ ਇੱਥੇ ਵੀ ਸਰਕਾਰੀ ਖਰੀਦ ਸ਼ੁਰੂ ਕਰਵਾਈ।
ਇਸ ਮੌਕੇ ਉਨ੍ਹਾਂ ਦੇ ਨਾਲ ਜਲਾਲਾਬਾਦ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਦਰਗਨ, ਮਾਰਕੀਟ ਕਮੇਟੀ ਚੇਅਰਮੈਨ ਦੇਵ ਰਾਜ ਸ਼ਰਮਾ, ਜ਼ਿਲ੍ਹਾ ਫ਼ਾਜ਼ਿਲਕਾ ਮੰਡੀ ਬੋਰਡ ਡਿਪਟੀ ਡੀ.ਐਸ ਕਮ ਮਾਰਕੀਟ ਕਮੇਟੀ ਸਕੱਤਰ ਜਸਵਿੰਦਰ ਸਿੰਘ ਚਾਹਲ ,ਜ਼ਿਲ੍ਹਾ ਖੁਰਾਕ ਸਪਲਾਈ ਅਫਸਰ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਨਾਲ ਹਾਜ਼ਰ ਸਨ।
ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਕਣਕ ਦੀ ਪਹਿਲੀ ਢੇਰੀ ਖਰੀਦ ਸ਼ੁਰੂ ਕਰਵਾਉਣ ਤੇ ਕਿਸਾਨ ਨੂੰ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਰਕੀਟ ਕਮੇਟੀ ਜਲਾਲਾਬਾਦ ਸਣੇ 16 ਫੋਕਲ ਪੁਆਇੰਟਾਂ ’ਚ ਬਿਜਲੀ , ਪੀਣ ਵਾਲਾ, ਪਖਾਨੇ ਤੇ ਕਿਸਾਨਾਂ ਮਜ਼ਦੂਰਾਂ ਦੇ ਬੈਠਣ ਲਈ ਛਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਫਸਲ ਵੇਚਣ ਸਮੇਂ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰੇਦਸ਼ ਜਾਰੀ ਕੀਤੇ ਕਿ ਉਹ ਆਪਣੀ ਡਿਊਟੀ ਪ੍ਰਤੀ ਸੁਚੇਤ ਰਹਿਣ ਜੇਕਰ ਕੋਈ ਵੀ ਅਧਿਕਾਰੀ ਕਣਕ ਦੇ ਸੀਜਨ ਦੌਰਾਨ ਅਣਗਹਿਲੀ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 12 ਫੀਸਦੀ ਨਮੀ ਵਾਲੀ ਹੀ ਫਸਲ ਮੰਡੀਆਂ ’ਚ ਲੈ ਕੇ ਆਉਣ ਤਾਂ ਉਨ੍ਹਾਂ ਨੂੰ ਫਸਲ ਵੇਚਣ ਸਮੇਂ ਸਮੱਸਿਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵ ਰਾਜ ਸ਼ਰਮਾ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਮੰਡੀ ਬੋਰਡ ਡਿਪਟੀ ਡੀ.ਐਸ ਕਮ ਮਾਰਕੀਟ ਕਮੇਟੀ ਸਕੱਤਰ ਜਸਵਿੰਦਰ ਸਿੰਘ ਚਾਹਲ , ਮੰਡੀ ਸੁਪਰਵਾਇਜ਼ਰ ਗਗਨ ਕਮਰਾ ਨੇ ਦੱਸਿਆ ਕਿ ਮੰਡੀਆਂ ’ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸੇ ਨੂੰ ਵੀ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।