Chandigarh News: ਓਪਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਅਤੇ ਸਿਵਲ ਸੁਸਾਇਟੀ ਵੱਲੋਂ ਉੱਘੇ ਗਾਂਧੀਵਾਦੀ ਚਿੰਤਕ ਤੇ ਸਮਾਜਿਕ ਕਾਰਕੁੰਨ ਹਿਮਾਂਸ਼ੂ ਕੁਮਾਰ ਨਾਲ ਚਰਚਾ ਵਿਚਾਰ
ਦੇਸ਼ ਵਿਰੋਧੀ, ਲੋਕ ਵਿਰੋਧੀ ਕਾਰਪੋਰੇਟ ਹਿਤੈਸ਼ੀ ਆਰਥਕ ਮਾਡਲ ਰੱਦ ਕਰੋ- ਹਿਮਾਂਸ਼ੂ ਕੁਮਾਰ
ਚੰਡੀਗੜ੍ਹ, 5 ਅਪ੍ਰੈਲ 2025- ਓਪਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਪੰਜਾਬ ਅਤੇ ਸਿਵਲ ਸੁਸਾਇਟੀ ਚੰਡੀਗੜ ਵੱਲੋਂ ਉੱਘੇ ਗਾਂਧੀਵਾਦੀ ਚਿੰਤਕ ਤੇ ਸਮਾਜਿਕ ਕਾਰਕੁੰਨ ਹਿਮਾਂਸ਼ੂ ਕੁਮਾਰ ਨਾਲ ਵਿਚਾਰ ਚਰਚਾ ਕੀਤੀ। ਹਿਮਾਂਸ਼ੂ ਕੁਮਾਰ ਨੇ ਬਸਤਰ, ਦਾਂਤੇਵਾੜਾ ਤੇ ਛਤੀਸਗੜ ਆਦਿ ਸੂਬਿਆਂ ਚ ਭਾਰਤੀ ਹਕੂਮਤ ਵਲੋਂ ਆਦਿਵਾਸੀ ਲੋਕਾਂ ਦੇ ਕਤਲੇਆਮ ਬਾਰੇ ਦਿਲ ਦਹਿਲਾਊ, ਵਿਸਥਾਰੀ ਤੇ ਤਥਾਤਮਕ ਜਾਣਕਾਰੀ ਸਾਂਝੀ ਕੀਤੀ।
ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਓਪਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਪੰਜਾਬ ਦੇ ਕੋ - ਕਨਵੀਨਰ ਯਸ਼ਪਾਲ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਆਗੂ ਮਨਪ੍ਰੀਤ ਜਸ ਨੇ ਕਿਹਾ ਕਿ ਭਾਰਤੀ ਹਕੂਮਤ ਵਲੋਂ ਮੁਲਕ ਦੇ ਕੁਦਰਤੀ ਸਰੋਤਾਂ, ਜਮੀਨਾਂ ਤੇ ਖਣਿਜਾਂ ਨੂੰ ਦੇਸੀ - ਵਿਦੇਸ਼ੀ ਕਾਰਪੋਰੇਟ ਘਰਾਣਿਆ ਤੇ ਬਹੁਕੌਮੀ ਕੰਪਨੀਆਂ ਨੂੰ ਲਿਆਉਣ ਦੇ ਮਨਸੂਬੇ ਨਾਲ ਆਦਿਵਾਸੀ ਭਾਈਚਾਰਿਆਂ ਉਪਰ ਭਾਰੀ ਕਹਿਰ ਢਾਹਿਆ ਜਾ ਰਿਹਾ ਹੈ।
ਪ੍ਰਸਿੱਧ ਗਾਂਧੀਵਾਦੀ ਚਿੰਤਕ ਤੇ ਕਾਰਕੁੰਨ ਹਿਮਾਂਸ਼ੂ ਕੁਮਾਰ ਕਈ ਦਹਾਕਿਆਂ ਤੋਂ ਇਹਨਾ ਆਦਿਵਾਸੀ ਲੋਕਾਂ ਵਿਚਕਾਰ ਸਮਾਜ ਭਲਾਈ ਦਾ ਕੰਮ ਕਰਦੇ ਰਹੇ ਹਨ ਤੇ ਹੁਣ ਇਹਨਾਂ ਉਪਰ ਹੋ ਰਹੇ ਹਕੂਮਤੀ ਜਬਰ ਬਾਰੇ ਮੁਲਕ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਲਕ ਭਰ ਦੀ ਯਾਤਰਾ ਕਰ ਰਹੇ ਹਨ। ਪੰਜਾਬ ਅੰਦਰ ਵੀ ਉਹਨਾਂ ਨੇ ਕਈ ਥਾਵਾਂ ਉਪਰ ਲੋਕਾਂ ਨੂੰ ਸੰਬੋਧਨ ਕੀਤਾ ਹੈ।

ਇਸੇ ਲੜੀ ਤਹਿਤ ਉਹਨਾਂ ਵਲੋਂ ਚੰਡੀਗੜ ਦੇ ਕੇਂਦਰੀ ਸਿੰਘ ਸਭਾ ਭਵਨ ਸੈਕਟਰ 28 ਵਿਖੇ ਚੰਡੀਗੜ ਦੇ ਜਮਹੂਰੀ ਤੇ ਇਨਸਾਫਪਸੰਦ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਰੋਤਿਆਂ ਨੂੰ ਸੰਬੋਧਨ ਕਰਦਿਆਂ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਭਾਰਤ ਦੇ ਆਦਿਵਾਸੀ ਲੋਕਾਂ ਖਿਲਾਫ ਭਾਰਤੀ ਹਕੂਮਤ ਨੇ ਜਾਬਰ ਜੰਗ ਵਿੱਢੀ ਹੋਈ ਹੈ ਜਿਸ ਤਹਿਤ ਹਜਾਰਾਂ ਲੋਕਾਂ ਦਾ ਕਤਲੇਆਮ ਕੀਤਾ ਗਿਆ ਹੈ, ਔਰਤਾਂ ਨਾਲ ਬਲਾਤਕਾਰਾਂ, ਬੱਚਿਆਂ ਦੇ ਕਤਲ, ਘਰ - ਘਾਟ ਤਬਾਹ ਕਰਨ, ਪਿੰਡਾਂ ਦੇ ਪਿੰਡਾਂ ਨੂੰ ਸਾੜਨਾ ਇੱਕ ਆਮ ਵਰਤਾਰਾ ਬਣ ਗਿਆ ਹੈ।
ਸਿਰਫ ਪੁਲਿਸ ਹੀ ਨਹੀਂ ਸਗੋਂ ਨੀਮ - ਫੌਜੀ ਬਲਾਂ ਤੋਂ ਮਗਰੋਂ ਹੁਣ ਫੌਜ, ਹੈਲੀਕਾਪਟਰਾਂ ਤੇ ਡਰੋਨਾਂ ਦੀ ਵਰਤੋਂ ਵੀ ਆਦਿਵਾਸੀ ਲੋਕਾਂ ਉਪਰ ਕੀਤੀ ਜਾ ਰਹੀ ਹੈ। ਹਜਾਰਾਂ ਲੋਕਾਂ ਨੂੰ ਮਾਓਵਾਦੀ ਜਾਂ ਨਕਸਲਵਾਦੀ ਕਹਿ ਕੇ ਜੇਲ੍ਹਾਂ ਚ ਡੱਕਿਆ ਹੋਇਆ ਹੈ। ਉਹਨਾਂ ਕਿਹਾ ਕਿ ਮੌਜੂਦਾ ਭਾਜਪਾ ਹਕੂਮਤ ਤੇ ਇਸਤੋਂ ਪਹਿਲਾਂ ਕਾਂਗਰਸ ਹਕੂਮਤ ਦੋਹਾਂ ਦਾ ਕਿਰਦਾਰ ਇਸ ਮਾਮਲੇ ਵਿਚ ਇੱਕੋ ਜਿਹਾ ਹੈ।
ਇਹਨਾਂ ਆਦਿਵਾਸੀ ਖਿੱਤਿਆਂ ਚ ਕਾਨੂੰਨ ਦੇ ਰਾਜ ਨਾਮ ਦੀ ਕੋਈ ਚੀਜ ਨਹੀਂ ਸਗੋਂ ਪੁਲਿਸ ਦਾ ਗੁੰਡਾ ਰਾਜ ਹੈ। ਉਹਨਾਂ ਕਿਹਾ ਕਿ ਆਦਿਵਾਸੀ ਲੋਕਾਂ ਦੀ ਮੁਲਕ ਦੀ ਕਿਸੇ ਅਦਾਲਤ ਚ ਸੁਣਵਾਈ ਨਹੀਂ ਹੈ ਸਗੋਂ ਉਹਨਾਂ ਲਈ ਇਨਸਾਫ ਦੀ ਮੰਗ ਕਰਨ ਵਾਲੇ ਲੋਕਾਂ ਖਿਲਾਫ ਅਦਾਲਤੀ ਫੈਸਲੇ ਸੁਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਦਾ ਇਹ ਜਾਬਰ ਹਮਲਾ ਛੇਤੀ ਹੀ ਮੁਲਕ ਦੇ ਸਾਰੇ ਖਿੱਤਿਆਂ ਨੂੰ ਆਪਣੇ ਕਲਾਵੇ ਵਿਚ ਲੈ ਲਵੇਗਾ ਇਸ ਲਈ ਇਸਦੇ ਖਿਲਾਫ ਜੋਰਦਾਰ ਅਵਾਜ ਬੁਲੰਦ ਕਰਨ ਦੀ ਲੋੜ ਹੈ।
ਇਸਤੋਂ ਬਿਨਾਂ ਇਸ ਇਕੱਤਰਤਾ ਨੂੰ ਓਪਰੇਸ਼ਨ ਗਰੀਨ ਹੰਟ ਵਿਰੋਧੀ ਫਰੰਟ ਦੇ ਆਗੂਆਂ ਯਸ਼ਪਾਲ ਤੇ ਬੂਟਾ ਸਿੰਘ ਮਹਿਮੂਦਪੁਰ ਨੇ ਵੀ ਸੰਬੋਧਨ ਕੀਤਾ ਜਿਹਨਾਂ ਨੇ ਪੰਜਾਬ ਅੰਦਰ ਇਸ ਫਰੰਟ ਦੀ ਭੂਮਿਕਾ, ਉਦੇਸ਼ਾਂ, ਕਾਰਵਾਈਆਂ ਤੇ ਮੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਆਗੂ ਸੰਦੀਪਾ ਨੇ ਬਸਤਰ ਇਲਾਕੇ ਬਾਰੇ ਉੱਘੀ ਸਮਾਜਿਕ ਕਾਰਕੁੰਨ ਬੇਲਾ ਭਾਟੀਆ ਵਲੋਂ ਜਾਰੀ ਕੀਤੀ ਤੱਥ ਖੋਜ ਰਿਪੋਰਟ ਬਾਰੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਹੋਈ ਇਕੱਤਰਤਾ ਨੇ ਹੱਥ ਖੜੇ ਕਰਕੇ .... ਹੇਠ ਲਿਖੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ;
- ‘ਵਿਕਾਸ’ ਦੇ ਨਾਂ ’ਤੇ ਆਦਿਵਾਸੀ ਲੋਕਾਂ ਦੀ ਨਸਲਕੁਸ਼ੀ ਕਰਨਾ ਅਤੇ ਮਾਓਵਾਦੀ ਕਾਰਕੁਨਾਂ ਨੂੰ ‘ਮੁਕਾਬਲਿਆਂ’ ’ਚ ਮਾਰਨਾ ਬੰਦ ਕਰੋ।
- ਬਸਤਰ ਅਤੇ ਹੋਰ ਆਦਿਵਾਸੀ ਇਲਾਕਿਆਂ ਵਿਚ ‘ਓਪਰੇਸ਼ਨ ਕਗਾਰ’ ਅਤੇ ਹੋਰ ਨਾਵਾਂ ਹੇਠ ਨਸਲਕੁਸ਼ੀ, ਤਬਾਹੀ ਅਤੇ ਉਜਾੜੇ ਦੀ ਜੰਗ ਬੰਦ ਕਰੋ।
- ‘ਅਮਨ-ਕਾਨੂੰਨ’ ਦੀ ਜਾਬਰ ਨੀਤੀ ਬੰਦ ਕਰੋ। ਬੁਨਿਆਦੀ ਮਸਲਿਆਂ ਦੇ ਹੱਲ ਲਈ ਗੱਲਬਾਤ ਦਾ ਰਾਜਨੀਤਕ ਅਮਲ ਸ਼ੁਰੂ ਕਰੋ।
- ਦੇਸ਼ ਵਿਰੋਧੀ, ਲੋਕ ਵਿਰੋਧੀ ਕਾਰਪੋਰੇਟ ਹਿਤੈਸ਼ੀ ਆਰਥਕ ਮਾਡਲ ਰੱਦ ਕਰੋ।
- ਜਨਤਕ ਤੇ ਸਿਆਸੀ ਜਥੇਬੰਦੀਆਂ ਉੱਪਰ ਪਾਬੰਦੀ ਲਾਉਣ ਦੀ ਨੀਤੀ ਬੰਦ ਕਰੋ ਅਤੇ ਜਮਹੂਰੀ ਹੱਕ ਬਹਾਲ ਕਰੋ।
- ਜੇਲ੍ਹਾਂ ’ਚ ਡੱਕੇ ਆਦਿਵਾਸੀਆਂ, ਬੁੱਧੀਜੀਵੀਆਂ ਅਤੇ ਸਾਰੇ ਰਾਜਨੀਤਕ ਕੈਦੀਆਂ ਨੂੰ ਬਿਨਾ ਸ਼ਰਤ ਰਿਹਾ ਕਰੋ।
- ਗ਼ੈਰਕਾਨੂੰਨੀ ਕਾਰਵਾਈਆਂ ਅਤੇ ‘ਸ਼ਹਿਰੀ ਨਕਸਲੀ’ ਦੇ ਬਹਾਨੇ ਗ੍ਰਿਿਫ਼ਤਾਰੀਆਂ ਅਤੇ ਛਾਪੇਮਾਰੀਆਂ ਦਾ ਹਕੂਮਤੀ ਦਹਿਸ਼ਤਵਾਦ ਬੰਦ ਕਰੋ।
- ਝੂਠੀਆਂ ਐੱਫਆਈਆਰ ਖ਼ਤਮ ਕਰੋ।
- ਤਿੰਨ ਫ਼ੌਜਦਾਰੀ ਕਾਨੂੰਨ, ਚਾਰ ਕਿਰਤ ਕੋਡ, ਯੂਏਪੀਏ, ਅਫਸਪਾ, ਪਬਲਿਕ ਸਕਿਊਰਿਟੀ ਐਕਟ ਅਤੇ ਅਜਿਹੇ ਹੋਰ ਸਾਰੇ ਕਾਲੇ ਕਾਨੂੰਨ ਰੱਦ ਕਰੋ।
- ਕੌਮੀ ਜਾਂਚ ਏਜੰਸੀ ਭੰਗ ਕਰੋ।
- ਇਸ ਇਕੱਤਰਤਾ ਵਿੱਚ ਚੰਡੀਗੜ ਦੀਆਂ ਵੱਖ ਵੱਖ ਜੱਥੇਬੰਦੀਆਂ ਤੇ ਜਮਹੂਰੀ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਤੇ ਮੰਚ ਸੰਚਾਲਨ ਦੀ ਭੂਮਿਕਾ ਮਨਪ੍ਰੀਤ ਜਸ ਨੇ ਨਿਭਾਈ।