ਬਲਵਿੰਦਰ ਸਿੰਘ ਚਾਹਲ UK ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਐਸੋਸੀਏਟ ਮੈਂਬਰ ਨਾਮਜ਼ਦ
ਚੰਡੀਗੜ੍ਹ:
ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਬਰਤਾਨੀਆ ਵਾਸੀ ਪ੍ਰਵਾਸੀ ਲੇਖਕ ਤੇ ਇਤਿਹਾਸਕਾਰ ਬਲਵਿੰਦਰ ਸਿੰਘ ਚਾਹਲ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਐਸੋਸੀਏਟ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਪ੍ਰਧਾਨ ਡਾ ਆਤਮ ਸਿੰਘ ਰੰਧਾਵਾ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ, ਉਪ ਪ੍ਰਧਾਨ ਡਾ ਅਰਵਿੰਦਰ ਸਿੰਘ ਢਿੱਲੋਂ ਅਤੇ ਸਕੱਤਰ ਡਾ ਅਮਰਜੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਚਾਹਲ ਦੀ ਵਿਦੇਸ਼ ਰਹਿੰਦਿਆਂ ਆਪਣੀ ਬੋਲੀ, ਸੱਭਿਆਚਾਰ ਅਤੇ ਇਤਿਹਾਸ ਪ੍ਰਤੀ ਦਿਲਚਸਪੀ ਤੇ ਯੋਗਦਾਨ ਨੂੰ ਮੁੱਖ ਰੱਖਦਿਆਂ ਇਹ ਨਾਮਜ਼ਦਗੀ ਕੀਤੀ ਗਈ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਪੰਜਾਬ ਕਲਾ ਪਰਿਸ਼ਦ ਦਾ ਇੱਕ ਪ੍ਰਮੁੱਖ ਅਦਾਰਾ ਹੈ ਜੋ ਵਿਰਸਾ, ਵਿਰਾਸਤ, ਬੋਲੀ ਤੇ ਸੱਭਿਆਚਾਰ ਲਈ ਸਦਾ ਵਿਸ਼ੇਸ਼ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਯੂਰਪੀ ਪੰਜਾਬੀ ਲੇਖਕ ਭਾਈਚਾਰੇ ਵੱਲੋਂ ਬਲਵਿੰਦਰ ਸਿੰਘ ਚਾਹਲ ਦੀ ਇਸ ਨਾਮਜ਼ਦਗੀ ਲਈ ਜਿੱਥੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਆਤਮ ਸਿੰਘ ਰੰਧਾਵਾ, ਡਾ ਅਰਵਿੰਦਰ ਸਿੰਘ ਢਿੱਲੋਂ ਤੇ ਸਕੱਤਰ ਡਾ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ ਗਿਆ ਉੱਥੇ ਬਲਵਿੰਦਰ ਸਿੰਘ ਚਾਹਲ ਨੂੰ ਵੀ ਵਧਾਈ ਪੇਸ਼ ਕੀਤੀ ਗਈ।