ਭਾਰੀ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ -ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ
ਬਲਰਾਜ ਸਿੰਘ ਰਾਜਾ
ਬਿਆਸ 01 ਮਾਰਚ 2025 - ਤਹਿਸੀਲ ਬਾਬਾ ਬਕਾਲਾ ਅਧੀਨ ਆਉਂਦੇ ਪਿੰਡ ਖੱਬੇ ਰਾਜਪੂਤਾਂ ਵਿਖੇ ਕੁਦਰਤੀ ਕਰੋਪੀ ਦਾ ਕਹਿਰ ਵੇਖਣ ਨੂੰ ਮਿਲਿਆ, ਜਦੋਂ ਬੀਤੀ ਰਾਤ ਤੇਜ਼ ਮੀਂਹ ਦੇ ਨਾਲ-ਨਾਲ ਭਾਰੀ ਗੜੇਮਾਰੀ ਹੋਣ ਕਾਰਨ ਫ਼ਸਲਾਂ ਦਾ ਵੱਡਾ ਨੁਕਸਾਨ ਹੋ ਗਿਆ। ਅਜਿਹੇ ‘ਚ ਆਉਣ ਵਾਲੇ ਸਮੇਂ `ਚ ਕਣਕਾਂ ਦੇ ਝਾੜ `ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ,ਜਿਸ ਨੂੰ ਲੈ ਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਬਣਦੇ ਮੁਆਵਜ਼ੇ ਦੀ ਮੰਗ ਕਰਦਿਆਂ ਮੱਦਦ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਪੀੜਤ ਕਿਸਾਨ ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ, ਲਖਵਿੰਦਰ ਸਿੰਘ, ਬਲਬੀਰ ਸਿੰਘ ਤੇ ਅੰਗਰੇਜ਼ ਸਿੰਘ ਨੇ ਕਿਹਾ ਕਿ ਇਸ ਵਾਰ ਪਹਿਲਾਂ ਹੀ ਕਿਸਾਨਾਂ ਨੂੰ ਝੋਨੇ ਦੌਰਾਨ ਵੀ ਘਾਟਾ ਸਹਿਣਾ ਪਿਆ ਸੀ,ਉਤੋਂ ਹੁਣ ਕੁਦਰਤ ਦੀ ਇਸ ਮਾਰ ਨੇ ਉਨਾਂ੍ਹ ਦਾ ਰਹਿੰਦਾ ਖੁੰਹਦਾ ਲੱਕ ਵੀ ਤੋੜ ਕੇ ਰੱਖ ਦਿਤਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਉਮਰ ‘ਚ ਉਨ੍ਹਾਂ ਨੇ ਅੱਜ ਤੱਕ ਇਸ ਤਰ੍ਹਾਂ ਦੀ ਗੜੇਮਾਰੀ ਨਹੀਂ ਦੇਖੀ ਇਸ ਗੜੇਮਾਰੀ ਨੇ ਫਸਲਾਂ ਤਾਂ ਬਰਬਾਦ ਕੀਤੀਆਂ ਹੀ ਹਨ ਪਰ ਨਾਲ ਹੀ ਕਿਸਾਨਾਂ ਨੂੰ ਵੀ ਬਰਬਾਦ ਕਰਕੇ ਰੱਖ ਦਿੱਤਾ ਹੈ।
ਝੋਨੇ ਵਾਰੀ ਪਹਿਲਾਂ ਸਰਕਾਰਾਂ ਦੀ ਮਾਰ ਤੇ ਹੁਣ ਕੁਦਰਤ ਦੀ ਮਾਰ ਨੇ ਕਿਰਸਾਨੀ ਦਾ ਭਾਰੀ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਗੜੇਮਾਰੀ ਦੇ ਨਾਲ ਫ਼ਸਲਾਂ ਦਾ 80 ਤੋਂ 90 ਪ੍ਰਤੀਸ਼ਤ ਨੁਕਸਾਨ ਹੋ ਚੁੱਕਿਆ ਹੈ, ਜਿਸ ਲਈ ਸਰਕਾਰ ਜਲਦ ਹੀ ਪਟਵਾਰੀਆਂ ਰਾਹੀ ਗਿਰਦਾਵਰੀ ਕਰਵਾ ਕੇ ਸਾਨੂੰ ਬਣਦਾ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਕਈ ਕਿਸਾਨਾਂ ਨੇ ਠੇਕੇ `ਤੇ ਜ਼ਮੀਨ ਲੈਕੇ ਫ਼ਸਲਾਂ ਦੀ ਬਿਜਾਈ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਵੱਡੇ ਆਰਥਿਕ ਸੰਕਟ ਦਾ ਸਾਹਮਣੇ ਕਰਨਾ ਪੈ ਸਕਦਾ ਹੈ।ਇਸ ਮੌਕੇ ਕਿਸਾਨ ਉਪਕਾਰਦੀਪ ਸਿੰਘ, ਹਰਮਨ ਸਿੰਘ, ਕੁਲਜੀਤ ਸਿੰਘ, ਕੇਵਲਜੀਤ ਸਿੰਘ, ਹਰਮਨਬੀਰ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਸੁਖਪਾਲ ਸਿੰਘ, ਗਗਨ ਬੁੱਟਰ ਤੇ ਪ੍ਭ ਬੱਲ ਤੋਂ ਇਲਾਵਾ ਹੋਰ ਵੀ ਪੀੜਤ ਕਿਸਾਨ ਹਾਜ਼ਰ ਸਨ।