ਡੂੰਘੇ ਹੋਏ ਪੰਥਕ ਸੰਕਟ ਨੂੰ ਕਿਸੇ ਵੀ ਹੱਲ ਦੇ ਅੰਜ਼ਾਮ ਤੱਕ ਲੈਕੇ ਜਾਣ ਸਿੰਘ ਸਾਹਿਬ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ
* ਕੌਮ, ਪੰਥ ਅਤੇ ਸਿਆਸੀ ਜਮਾਤ ਨੂੰ ਸਹੀ ਦਿਸ਼ਾ ਦੇਣ ਦਾ ਆਖਰੀ ਪੜਾਅ 'ਤੇ
ਚੰਡੀਗੜ੍ਹ, 28 ਫਰਵਰੀ 2025 - ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਮੈਬਰਾਂ ਜਥੇ: ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਈ ਮਨਜੀਤ ਸਿੰਘ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਜਥੇ: ਸਤਵਿੰਦਰ ਸਿੰਘ ਟੌਹੜਾ ਅਤੇ ਸ: ਮਨਜੀਤ ਸਿੰਘ ਚੰਗਾਲ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇਸ ਵਕਤ ਪੰਥ, ਕੌਮ ਅਤੇ ਪੰਥ ਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਵੱਡੇ ਧਰਮ ਸੰਕਟ ਵਿੱਚ ਫਸ ਚੁੱਕੇ ਹਨ, ਇਹ ਧਰਮ ਸੰਕਟ ਜੜ੍ਹਾਂ ਤੱਕ ਜਾ ਚੁੱਕਾ ਹੈ, ਇਸ ਕਰਕੇ ਅਜਿਹੇ ਹਾਲਾਤਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਸੰਕਟ ਮੋਚਨ ਦੇ ਤੌਰ ਤੇ ਅਗਵਾਈ ਕਰਨ, ਜਿਸ ਲਈ ਢੁੱਕਵਾਂ ਅਤੇ ਇਮਤਿਹਾਨੀ ਸਮਾਂ ਆ ਚੁੱਕਾ ਹੈ।
ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਨੂੰ ਪੂਰਨ ਰੂਪ ਵਿੱਚ ਲਾਗੂ ਕੀਤੇ ਬਿਨ੍ਹਾਂ ਇਸ ਧਰਮ ਸੰਕਟ ਨੂੰ ਹੱਲ ਨਹੀਂ ਕੀਤਾ ਜਾ ਸਕਦਾ । ਇੱਕ ਪਾਸੇ ਓਹ ਧਿਰ ਹੈ ਜਿਹੜੀ ਸ੍ਰੀ ਅਕਾਲ ਤਖ਼ਤ ਤੋਂ ਭਗੌੜਾ ਹੋ ਕੇ ਬੋਗਸ ਭਰਤੀ ਜਰੀਏ ਪੰਥਕ ਜਮਾਤ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਸੰਗਤ ਵੱਲੋਂ ਨਕਾਰੇ ਲੀਡਰ ਨੂੰ ਆਗੂ ਥਾਪਣ ਦਾ ਐਲਾਨ ਕਰ ਚੁੱਕੀ ਹੈ । ਉਹਨਾਂ ਜੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਕਦੇ ਵੀ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਭਗੌੜਾ ਨਹੀਂ ਹੋ ਸਕਦੀ, ਇਹ ਕੁਝ ਕੁ ਲੋਕ ਹਨ ਜੋ ਭਗੌੜੇ ਹੋਏ ਹਨ, ਉਹਨਾਂ ਕੁਝ ਕੁ ਲੋਕਾਂ ਦੇ ਭਗੌੜਾ ਹੋਣ ਦੀ ਹਾਲਤ ਵਿੱਚ ਸਮੁੱਚੀ ਪੰਥਕ ਜਮਾਤ ਦੇ ਆਗੂਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ ਇੱਕ ਧਿਰ ਓਹ ਹੈ ਜਿਹੜੀ ਆਪ ਜੀ ਦੇ ਹੁਕਮਾਂ ਤੇ ਆਪਣਾ ਸਿਆਸੀ ਚੁੱਲ੍ਹਾ ਸਮੇਟ ਕੇ ਸਮਰਪਿਤ ਭਾਵਨਾ ਦਿਖਾਉਦੀ ਹੋਈ ਲਾਚਾਰੀ ਦੀ ਹਾਲਤ ਵਿੱਚ ਤੁਹਾਡੇ ਵੱਲ ਨੀਝ ਲਾ ਕੇ ਬੈਠੀ ਹੈ ਅਤੇ ਤੀਜੀ ਧਿਰ ਉਹ ਜੋ ਆਪ ਜੀ ਦੁਆਰਾ ਸੱਤ ਮੈਂਬਰੀ ਭਰਤੀ ਕਮੇਟੀ ਦੇ ਰੂਪ ਵਿੱਚ ਹੈ, ਜਿਸ ਦੇ ਦੋ ਮੈਬਰ ਅਸਤੀਫ਼ਾ ਭੇਜ ਚੁੱਕੇ ਹਨ, ਪੰਜ ਮੈਬਰਾਂ ਦੀ ਰਿਪੋਰਟ ਅਗਲੇ ਹੁਕਮਾਂ ਦੀ ਉਡੀਕ ਵਿੱਚ ਹੈ। ਇਸ ਕਰਕੇ ਇਹ ਹਾਲਤ ਹੋਰ ਚਿੰਤਾਜਨਕ ਨਾ ਬਣਨ, ਕੌਮ ਅਤੇ ਪੰਥ ਦੀ ਦੁਬਿਧਾ ਦਾ ਘੇਰਾ ਵੱਡਾ ਨਾ ਹੋਵੇ, ਇਸ ਲਈ ਸਮੂਹ ਸੰਗਤ ਦੀ ਭਾਵਨਾ ਦੀ ਤਰਜਮਾਨੀ ਕਰਦੇ ਹੋਏ ਗਿਆਨੀ ਰਘੁਬੀਰ ਸਿੰਘ ਜੀ ਦੋ ਦਸੰਬਰ ਦੇ ਹੁਕਮਨਾਮੇ ਲਾਗੂ ਕਰਨ ਦਾ ਤਰੀਕਾਕਾਰ ਲੱਭਣ ਦੀ ਖੇਚਲ ਕਰੋ।
ਇਸ ਦੇ ਨਾਲ ਹੀ ਜਾਰੀ ਬਿਆਨ ਵਿੱਚ ਓਹਨਾਂ ਕਿਹਾ ਕਿ ਅੱਜ ਸਵਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪ੍ਰਭਸੱਤਾ, ਸਰਵਉਚਤਾ ਦੀ ਬਹਾਲੀ ਨੂੰ ਲੈਕੇ ਉੱਠ ਰਿਹਾ ਹੈ, ਕਿਹੜੇ ਲੋਕਾਂ ਦੇ ਫੈਸਲਿਆਂ ਨਾਲ ਇਹ ਚੁਣੌਤੀ ਵੱਡੀ ਹੋਈ, ਕਿਹੜੇ ਲੋਕਾਂ ਦੀ ਵਜ੍ਹਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਵਾਲੀ ਸਥਿਤੀ ਬਣੀ, ਕਿਹੜੇ ਲੋਕਾਂ ਦੇ ਫੈਸਲਿਆਂ ਨਾਲ ਸਿੰਘ ਸਾਹਿਬਾਨਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਕਿਹੜੇ ਲੋਕਾਂ ਦੀ ਪੰਥ ਵਿਰੋਧੀ ਭਾਵਨਾ ਨਾਲ ਅੱਜ ਇਹ ਹਾਲਾਤ ਬਣੇ, ਇਸ ਕਰਕੇ ਸੰਗਤ ਦੀ ਦੁਬਿਧਾਵਾਂ ਨੂੰ ਦੂਰ ਕੀਤੇ ਬਗੈਰ ਪੰਥ, ਕੌਮ ਅਤੇ ਪੰਥ ਦੀ ਸਿਆਸੀ ਜਮਾਤ ਨੂੰ ਤਕੜਾ ਕਰਨ ਦਾ ਹੱਲ ਨਹੀਂ ਨਿਕਲਣ ਵਾਲਾ, ਇਸ ਕਰਕੇ ਆਸ ਉਮੀਦ ਹੈ ਕਿ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਇਤਿਹਾਸ ਨੂੰ ਰਚਦੇ ਹੋਏ ਹੈ ਅਹਿਮ ਭੂਮਿਕਾ ਅਦਾ ਕਰਨਗੇ।