ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
- ਮੰਗਾਂ ਮੰਨ ਕੇ ਵੀ ਹੱਲ ਨਾ ਕਰਨ ਦਾ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ 1 ਮਾਰਚ 2025 - ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਜਿਲ੍ਹਾ ਗੁਰਦਾਸਪੁਰ ਦੇ ਸੱਦੇ ਤੇ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਅਧਿਆਪਕਾਂ ਨੇ ਇਕੱਤਰ ਹੋ ਕੇ ਸਿੱਖਿਆ ਮੰਤਰੀ ਵਿਰੁੱਧ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਅਧਿਆਪਕ ਆਗੂਆਂ ਕੁਲਦੀਪ ਪੁਰੋਵਾਲ, ਕਰਨੈਲ ਸਿੰਘ ਚਿੱਟੀ, ਰਜਨੀ ਪਰਕਾਸ਼,ਬਲਵਿੰਦਰ ਰਾਜ, ਰਸ਼ਪਾਲ ਸਿੰਘ ਭੁੰਬਲੀ, ਲਵਪ੍ਰੀਤ ਰੋੜਾਂਵਾਲੀ ਨੇ ਪ੍ਰੈੱਸ ਨੂੰ ਦਸਿਆ ਕਿ ਸਿੱਖਿਆ ਵਿਭਾਗ ਵੱਲੋਂ ਤਰੱਕੀਆਂ ਵਿੱਚ ਸਟੇਸ਼ਨ ਲੁਕਾਏ ਗਏ ਅਤੇ ਅਧਿਆਪਕਾਂ ਨੂੰ ਦੂਰ ਦੁਰਾਡੇ ਜਾਣ ਬੁਝ ਕੇ ਭੇਜਿਆ ਗਿਆ, ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਨ ਦੀ ਥਾਂ ਕੇਂਦਰ ਨਾਲ ਲਿਹਾਜ਼ ਪਾਲਿਆ ਜਾ ਰਿਹਾ ਹੈ, ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ, ਤਰੱਕੀਆਂ ਜਲਦ ਨਹੀਂ ਕੀਤੀਆਂ ਜਾ ਰਹੀਆਂ,ਏਸੀਪੀ ਸਕੀਮ ਅਤੇ ਭੱਤੇ ਬੰਦ ਕਰ ਦਿੱਤੇ ਗਏ ਹਨ, ਡੀ ਏ ਦੀ ਕਿਸ਼ਤ ਜਾਰੀ ਨਹੀਂ ਕੀਤੀ ਜਾ ਰਹੀ, ਪੇ ਕਮਿਸ਼ਨ ਦਾ ਬਕਾਇਆ 2028 ਨੂੰ ਦੇਣ ਦਾ ਐਲਾਨ ਦੱਸਦਾ ਹੈ ਕਿ ਸਰਕਾਰ ਕੁਝ ਵੀ ਨਹੀਂ ਦੇਣਾ ਚਾਹੁੰਦੀ।
ਅਧਿਆਪਕਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਪੇਪਰਾਂ ਦੇ ਦਿਨਾਂ ਵਿੱਚ ਵੀ ਸੈਮੀਨਾਰ ਲੱਗਾ ਕੇ ਵਿਦਿਆਰਥੀਆਂ ਦੀ ਪੜਾਈ ਦਾ ਸਰਕਾਰ ਖੁਦ ਨੁਕਸਾਨ ਕਰ ਰਹੀ ਹੈ। ਗੈਰ ਵਿੱਦਿਅਕ ਪ੍ਰੋਜੈਕਟ ਦੇ ਤਹਿਤ ਹਜਾਰਾਂ ਅਧਿਆਪਕਾਂ ਨੂੰ ਸਕੂਲਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਆਗੂਆਂ ਕਿਹਾ ਕਿ ਜਿਲ੍ਹਾ ਗੁਰਦਾਸਪੁਰ ਵਿੱਚ ਸਕੂਲ਼ਾਂ ਨੂੰ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜਿਨ੍ਹਾਂ ਸਕੂਲ਼ਾਂ ਨੂੰ ਜਰੂਰਤ ਹੈ ਉੱਥੇ ਗ੍ਰਾਂਟਾਂ ਨਹੀਂ ਦਿੱਤੀਆਂ ਜਾ ਰਹੀਆਂ।
ਆਗੂਆਂ ਕਿਹਾ ਕਿ ਅਧਿਆਪਕਾਂ ਦੀ ਵਿਭਾਗ ਵੱਲੋਂ ਸਾਰ ਨਾ ਲਏ ਜਾਣ ਕਾਰਨ 8 ਮਾਰਚ ਨੂੰ ਅਨੰਦਪੁਰ ਸਾਹਿਬ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।
ਇਸ ਸਮੇਂ ਦਿਲਦਾਰ ਭੰਡਾਲ, ਗੁਰਵਿੰਦਰ ਸਿੰਘ, ਸੰਜੀਵ ਕੁਮਾਰ, ਕਪਿਲ ਸ਼ਰਮਾ, ਨਰਿੰਦਰ ਸ਼ਰਮਾ, ਜਗਦੀਸ਼ ਰਾਜ ਬੈਂਸ, ਤੇਜ ਕੁਮਾਰ, ਪਰਸ਼ੋਤਮ ਲਾਲ, ਜੋਤ ਪਰਕਾਸ਼ ਸਿੰਘ,ਮੰਗਲਦੀਪ, ਕੁਲਵੰਤ ਸਿੰਘ, ਮਨਜੀਤ ਸਿੰਘ, ਅਨਿਲ ਸ਼ਰਮਾ, ਨਰੇਸ਼ ਕੁਮਾਰ,ਬਲਵਿੰਦਰ, ਲਖਵਿੰਦਰ ਸਿੰਘ,ਯਸ਼ਪਾਲ,ਬੰਟੀ ਆਦਿ ਹਾਜ਼ਰ ਸਨ।